ਮਰਾਠੀ ‘ਸੈਰਾਟ’ V/S ਪੰਜਾਬੀ ‘ਚੰਨਾ ਮੇਰਿਆ’

By  |  0 Comments

ਜਦੋਂ ਵੀ ਕਿਸੇ ਫ਼ਿਲਮ ਦਾ ਰੀਮੇਕ ਬਣਦਾ ਹੈ ਤਾਂ ਨਿਰਦੇਸ਼ਕ ਬਹੁਤ ਵੱਡੀ ਲਿਬਰਟੀ ਨਾਲ ਕੰਮ ਨਹੀਂ ਕਰ ਸਕਦਾ ਹੈ। ਉਸ ਨੂੰ ਉਸ ਫ਼ਿਲਮ ਦੇ ਘੇਰੇ ਵਿਚ ਰਹਿ ਕੇ ਹੀ ਆਪਣੀ ਕਾਰੁਜਗਾਰੀ ਵਿਖਾਉਣੀ ਪੈਂਦੀ ਹੈ। ਉਸ ਦੇ ਦੋ ਕਾਰਨ ਹਨ ਇਕ ਤਾਂ ਇਹ ਕਿ ਰੀਮੇਕ ਸਿਰਫ਼ ਹਿੱਟ ਫ਼ਿਲਮ ਦਾ ਹੁੰਦਾ ਹੈ ਤਾਂ ਜੋ ਵਪਾਰਕ ਫਾਇਦਾ ਚੁੱਕਿਆ ਜਾ ਸਕੇ ਅਤੇ ਦੂਜਾ ਇਹ ਕਿ ਨਿਰਦੇਸ਼ਕ ਰਿਸਕ ਲੈਣ ਤੋਂ ਡਰਦਾ ਹੈ ਕਿ ਜੇ ਫ਼ਿਲਮ ‘ਚ ਜ਼ਿਆਦਾ ਤਬਦੀਲੀਆਂ ਕੀਤੀਆਂ ਗਈਆਂ ਤਾਂ ਨੁਕਸਾਨ ਦੀ ਵਜ੍ਹਾ ਨਾਲ ਦੋਸ਼ ਫੇਰ ਨਿਰਦੇਸ਼ਕ ‘ਤੇ ਹੀ ਆਉਣਾ ਹੈ, ਮਤਲਬ ਇਹ ਕਿ ਲੈ ਦੇ ਕੇ ਸਿਰਫ਼ ਕਮਰਸ਼ੀਅਲ ਪੱਖ ਹੀ ਹਾਵੀ ਹੁੰਦਾ ਹੈ।
ਹੁਣ ਜੇ ਵਾਇਟ ਹਿੱਲ ਪ੍ਰੋਡਕਸ਼ਨ ਅਤੇ ਜ਼ੀ ਸਟੂਡੀਓ ਦੀ ਫ਼ਿਲਮ ‘ਚੰਨਾ ਮੇਰਿਆ’ ਦੀ ਗੱਲ ਕੀਤੀ ਜਾਵੇ ਤਾਂ ਇਹ ਮਰਾਠੀ ਫ਼ਿਲਮ ‘ਸੈਰਾਟ’ ਦੀ ਆਫੀਸ਼ਲ ਨਕਲ ਹੈ ਜੋ ਕਿ ਜ਼ੀ. ਸਟੂਡੀਓ ਵੱਲੋਂ ਹੀ ਨਿਰਮਤ ਸੀ, ਅਤੇ ਨਿਰਮਾਤਾ ਨੇ ੪ ਕਰੋੜ ਲਾ ਕੇ 100 ਕਰੋੜ ਤੋਂ ਵੱਧ ਇਕੱਠਾ ਕੀਤਾ ਪਰ ਸ਼ਾਇਦ ਫ਼ਿਲਮ ‘ਚੰਨਾ ਮੇਰਿਆ’ ਨੂੰ ਲੈ ਕੇ ਨਿਰਮਾਤਾ ਦੀਆਂ ਇਹ ਆਸਾਂ ਪੂਰੀਆਂ ਹੁੰਦੀਆਂ ਨਹੀਂ ਲੱਗਦੀਆਂ। ਕਾਰਨ ਇਹ ਨਹੀਂ ਕਿ ਫ਼ਿਲਮ ਚੰਗੀ ਨਹੀਂ ਬਣੀ, ਫ਼ਿਲਮ ਤਾਂ ‘ਸੈਰਾਟ’ ਨਾਲੋਂ ਵੀ ਵਧੀਆ ਬਣੀ ਲਗ ਰਹੀ ਹੈ, ਕਿਉਂ ਕਿ ਸਾਡੇ ਕੋਲ ਵਧੇਰੇ ਖ਼ੂਬਸੂਰਤ ਚਿਹਰੇ ਅਤੇ ਲੋਕੇਸ਼ਨਾਂ ਹਨ, ਪਰ ਅਸੀਂ ਕਿਸੇ ਵੀ ਫ਼ਿਲਮ ਦਾ ਰੀਮੇਕ ਕਰਨ ਵੇਲੇ ਇਹ ਭੁੱਲ ਜਾਂਦੇ ਹਾਂ ਕਿ ਹਰ ਸੂਬੇ ਦਾ ਆਪਣਾ ਇਕ ਸੱਭਿਆਚਾਰ, ਰੀਤੀ ਰਿਵਾਜ਼, ਇਕ ਬੋਲੀ ਹੁੰਦੀ ਹੈ, ਜਿਸ ‘ਤੇ ਬਣੀ ਫ਼ਿਲਮ ਉਸੇ ਸੂਬੇ ਵਿਚ ਹੀ ਵਧੇਰੇ ਪਸੰਦ ਕੀਤੀ ਜਾਂਦੀ ਹੈ ਅਤੇ ‘ਸੈਰਾਟ’ ਦੇ ਜ਼ਿਆਦਾ ਬਿਜ਼ਨਸ ਕਰਨ ਦਾ ਵੀ ਇਹੋ ਕਾਰਨ ਸੀ।
ਜਿੱਥੋਂ ਤੱਕ ‘ਚੰਨਾ ਮੇਰਿਆ’ ਦਾ ਸਬੰਧ ਹੈ, ਪੰਜਾਬੀਆਂ ਨੇ ਏਦਾਂ ਦੀਆਂ ਕਹਾਣੀਆਂ ਵਾਲੀਆਂ ਕਈ ਬਾਲੀਵੁੱਡ ਫ਼ਿਲਮਾਂ ਪਹਿਲਾਂ ਵੀ ਵੇਖੀਆਂ ਹਨ ਉਦਾਹਰਨ ਵਜੋਂ ਲਵ ਸਟੋਰੀ, ਦਿਲ ਹੈ ਕਿ ਮਾਨਤਾ ਨਹੀਂ, ਸੜਕ, ਦੌੜ ਆਦਿ ਤੇ ਕਈ ਹੋਰ। ਸਾਡੇ ਲਈ ਇਹ ਕੋਈ ਨਵੀਂ ਕਹਾਣੀ ਨਹੀਂ ਹੈ, ਨਾ ਹੀ ਸਾਡੀ ਨਵੀਂ ਜਨਰੇਸ਼ਨ ਲਈ। ਜੋ ਘਟਨਾਵਾਂ ਇਸ ਫ਼ਿਲਮ ਦਾ ਹਿੱਸਾ ਹਨ, ਪੰਜਾਬੀ ਵਿਚ ਅਜਿਹੇ ਕਿੱਸੇ ਹੁਣ ਕਿਤੇ ਹੀ ਵੇਖਣ ਸੁਣਨ ਨੂੰ ਮਿਲਦੇ ਹਨ। ਤਰੱਕੀਸ਼ੁਦਾ ਪੰਜਾਬ ਵਿਚ ਆਨਰ ਕਿਲਿੰਗ ਵਰਗੇ ਕਿੱਸੇ ਲਗਭਗ ਖ਼ਤਮ ਹੋ ਚੁੱਕੇ ਹਨ। ਇਸੇ ਲਈ ਇਸ ਫ਼ਿਲਮ ਦਾ ਕਲਾਈਮੈਕਸ ਕਿ ਵੀ ਆਮ ਤੌਰ ਤੇ ਪਸੰਦ ਨਹੀਂ ਕੀਤਾ ਗਿਆ, ਵਿਸ਼ੇਸ਼ ਤੌਰ ‘ਤੇ ਨਵੀਂ ਪੀੜ੍ਹੀ ਵਲੋਂ, ਕਿਉਂ ਕਿ ਅਸੀਂ ਹਮੇਸ਼ਾ ਹਰ ਫ਼ਿਲਮ ਵਿਚ ਹੈਪੀ ਐਡਿੰਗ ਦੇ ਆਦੀ ਹਾਂ, ਜੋ ਇਸ ਵਿਚ ਨਹੀਂ ਵਿਖਾਇਆ ਗਿਆ, ਕਾਰਨ ਇਹ ਕਿ ਅਸੀਂ ਰੀਮੇਕ ਨਾਲ ਬੱਝੇ ਹੋਏ ਸਾਂ ਪਰ ਇਸ ਕਲਾਈਮੈਕਸ ਤੋਂ “ਚੰਨਾ ਮੇਰਿਆ ੨” ਦੀ ਸ਼ੁਰੂਆਤ ਜ਼ਰੂਰ ਹੋ ਸਕਦੀ ਹੈ।
ਖ਼ੈਰ ਇਸ ਫ਼ਿਲਮ ਦੇ ਜ਼ਰੀਏ ਅਦਾਕਾਰੀ ਦੇ ਰੂਪ ਵਿਚ ਤਿੰਨ ਨਵੇਂ ਚਿਹਰੇ ਵੀ ਪੰਜਾਬੀ ਫ਼ਿਲਮਾਂ ਲਈ ਮਿਲੇ। ਜਿਸ ਵਿਚ ਅਦਾਕਾਰੀ ਵਜੋਂ ਪਹਿਲੇ ਨੰਬਰ ‘ਤੇ ਰਹੀ ਫ਼ਿਲਮ ਦੀ ਲੀਡ ਅਦਾਕਾਰ ਪਾਇਲ ਰਾਜਪੂਤ ਰਹੀ। ਬਾਕੀ ਨਿੰਜਾ ਅਤੇ ਅੰਮ੍ਰਿਤ ਮਾਨ ਨੇ ਵੀ ਬਤੌਰ ਅਦਾਕਾਰ ਪਹਿਲੀ ਫ਼ਿਲਮ ਵਿਚ ਆਪਣੀ ਅਦਾਕਾਰੀ ਦੀ ਛਾਪ ਛੱਡਣ ਵਿਚ ਕੋਈ ਕਸਰ ਬਾਕੀ ਨਹੀਂ ਛ ੱਡੀ। ਇਸ ਤੋਂ ਇਲਾਵਾ ਫ਼ਿਲਮ ਦੇ ਪ੍ਰਮੁੱਖ ਕਲਾਕਾਰਾਂ ਵਿਚ ਯੋਗਰਾਜ, ਅਨੀਤਾ ਦੇਵਗਨ , ਕਰਮਜੀਤ ਅਨਮੋਲ ਤੇ ਮਲਕੀਤ ਰੌਣੀ ਦੀ ਅਦਾਕਾਰੀ ਤਾਂ ਹੈ ਹੀ ਕਮਾਲ ਦੀ, ਬਾਕੀ ਕਲਾਕਾਰਾਂ ਨੇ ਵੀ ਪੂਰੀ ਮਿਹਨਤ ਨਾਲ ਆਪਣੀ ਕਲਾ ਦੇ ਜ਼ੌਹਰ ਵਿਖਾਏ। ਫ਼ਿਲਮ ਦਾ ਸੰਗੀਤ ਵੀ ਵਧੀਆ ਅਤੇ ਢੁਕਵਾਂ ਹੈ।ਮੈਲੋਡੀ ਮਾਸਟਰ ਸੰਗੀਤਕਾਰ ਜੈਦੇਵ ਕੁਮਾਰ ਦੀ ਕਾਬਲੀਅਤ ਇਸ ਫ਼ਿਲਮ ਵਿਚ ਇਕ ਵਾਰ ਵੇਖਣ-ਸੁਣਨ ਨੂੰ ਮਿਲੀ।ਕਿਤੇ ਕਿਤੇ ਫ਼ਿਲਮ ਦੇ ਬੈਕਗਰਾਊਂਡ ਮਿਊਜ਼ਿਕ ਵਿਚ ਮਰਾਠੀ ਫ਼ਿਲਮ ‘ਸੈਰਾਟ’ ਦੀਆਂ ਧੁਨਾਂ ਵੀ ਸੁਣਨ ਨੂੰ ਮਿਲੀਆਂ ਜੋ ਕਿ ਵਧੀਆ ਲੱਗੀਆਂ।ਸੰਗੀਤ ਪ੍ਰਤੀ ਗੋਲਡ ਬੁਆਏ ਤੇ ਸੋਨੂੰ ਦੀ ਮਿਹਨਤ ਵੀ ਝਲਕੀ।
ਨਿਰਦੇਸ਼ਕ ਨੇ ਫ਼ਿਲਮ ਤਾਂ ਵਧੀਆ ਬਣਾਈ ਹੈ ਪਰ ਕਈ ਥਾਈਂ ਫ਼ਿਲਮ ਦਾ ਪੀਰੀਅਡ ਕਨਫਿਊਜ਼ ਕਰਦਾ ਹੈ। ਪਿੰਡ ਵਿਚ ਕੁੜੀਆਂ ਦਾ ਤਲਾਬ ਰੂਪੀ ਖੂਹ ਵਿਚ ਨਹਾਉਣਾ, ਹੀਰੋ-ਹੀਰੋਇਨ ਦੇ ਪ੍ਰੇਮ ਸਬੰਧਾਂ ਦੀ ਸ਼ੁਰੂਆਤ ਲਈ ਚਿੱਠੀ ਪੱਤਰ ਦਾ ਸਹਾਰਾ ਲਿਆ ਹੈ, ਜੋ ਕਿ ਅੱਜ ਦੇ ਜ਼ਮਾਨੇ ਦੀ ਗੱਲ ਨਹੀਂ ਰਹੀ, ਕਿਉਂ ਕਿ ਇਨ੍ਹਾਂ ਸੀਨਾਂ ਨੂੰ ਫ਼ਿਲਮਾਉਣ ਵੇਲੇ ਨਿੰਜੇ ਦੇ ਪਜ਼ਾਮੇ ਵਿਚ ਮੋਬਾਈਲ ਪਿਆ ਵੀ ਸਾਫ਼ ਨਜ਼ਰ ਆ ਰਿਹਾ ਸੀ ਅਤੇ ਇਸ ਤੋਂ ਬਾਅਦ ਫ਼ਿਲਮ ਦੇ ਬਾਕੀ ਹਿੱਸੇ ਵਿਚ ਮੋਬਾਈਲ ਦਾ ਇਸਤੇਮਾਲ ਵੀ ਸ਼ੁਰੂ ਕਰ ਦਿੱਤਾ ਅਤੇ ਇਹ ਸਿਲਸਿਲਾ 2000 ਦੇ ਨਵੇਂ ਨੋਟਾਂ ਨੂੰ ਵਿਖਾਉਣ ਤੱਕ ਗਿਆ, ਇਸ ਨੂੰ ਤੁਸੀਂ ਨਿਰਦੇਸ਼ਕ ਦੀ ਅਣਗਹਿਲੀ ਕਹਿ ਲਵੋ ਜਾਂ ਨਿਰਦੇਸ਼ਕ ਵੱਲੋਂ ਫ਼ਿਲਮ ਨੂੰ ਦਿਲਚਸਪ ਬਣਾਉਣ ਲਈ ਵਰਤੀ ਗਈ ਫ਼ਿਲਮ ਲਿਬਰਟੀ ਪਰ ਅੱਜ ਦੇ ਸਮੇਂ ਪੰਜਾਬ ਵਿਚ ਕਿਸੇ ਐਮ. ਐਲ. ਏ. ਵੱਲੋਂ ਸ਼ਰੇਆਮ ਅੰਨੇਵਾਹ ਗੁੰਡਾਗਰਦੀ ਤਾਂ ਸਮਝ ਤੋਂ ਬਾਹਰ ਵਾਲੀ ਗੱਲ ਹੈ, ਕਿ ਐਮ. ਐਲ. ਏ. ਕਤਲ ਕਰੇ ਤੇ ਪੁਲਸ ਨਜ਼ਰ ਹੀ ਨਾ ਆਵੇ, ਭਾਵੇਂ ਕਿ ਇਸ ਨੂੰ ਇਕ ਡਾਇਲਾਗ਼ ਰਾਹੀਂ ਬਾਅਦ ਵਿਚ ਕਲੀਅਰ ਕੀਤਾ ਗਿਆ।
ਆਖਰ ਵਿਚ ਇਹੀ ਕਹਾਂਗੇ ਕਿ ਜੇ ਅਸੀਂ ਅਜਿਹੀਆਂ ਪੰਜਾਬੀ ਫ਼ਿਲਮਾਂ ਹੀ ਬਣਾਉਣੀਆਂ ਹਨ ਤਾਂ ਰੀਮੇਕ ਦੀ ਕੀ ਲੋੜ ਹੈ। ਆਪਣੇ ਪੰਜਾਬੀ ਲੇਖਕਾਂ, ਖਾਸ ਤੌਰ ਤੇ ਨਵੇਂ ਲੇਖਕਾਂ ਨੂੰ ਮੌਕਾ ਦਿਓ, ਜਿਨ੍ਹਾਂ ਕੋਲ ਹਜ਼ਾਰ ਕਹਾਣੀਆਂ ਮੌਜੂਦ ਹਨ ਫ਼ਿਲਮਾਂ ਬਣਾਉਣ ਲਈ। ਬਾਕੀ ਫੇਰ ਵੀ ਨਿਰਦੇਸ਼ਕ ਸਮੇਤ ਸਾਰੀ ਟੀਮ ਨੂੰ ਇਕ ਵੇਖਣਯੋਗ ਫ਼ਿਲਮ ਬਣਾਉਣ ਦੀ ਕੋਸ਼ਿਸ਼ ਲਈ ਮੁਬਾਰਕਾਂ।

Comments & Suggestions

Comments & Suggestions