‘ਮਿੰਦੋ ਤਸੀਲਦਾਰਨੀ’ ਦੇ ਸੰਗੀਤ ਨੇ ਵੀ ਦਰਸ਼ਕਾਂ ‘ਚ ਪੈਦਾ ਕੀਤੀ ਫ਼ਿਲਮ ਪ੍ਰਤੀ ਉਤਸੁਕਤਾ !

By  |  0 Comments

ਕਰਮਜੀਤ ਅਨਮੋਲ ਪ੍ਰੋਡਕਸ਼ਨ ਤੇ ਰੰਜੀਵ ਸਿੰਗਲਾ ਪ੍ਰੋਡਕਸ਼ਨ ਦੇ ਬੈਨਰ ਹੇਠ ਫ਼ਿਲਮ ‘ਮਿੰਦੋ ਤਸੀਲਦਾਰਨੀ’ ਦਾ ਨਿਰਮਾਣ ਨਿਰਮਾਤਾ ਕਰਮਜੀਤ ਅਨਮੋਲ ਤੇ ਰਾਜੀਵ ਸਿੰਗਲਾ ਨੇ ਕੀਤਾ ਹੈ। ਮੌਂਟੀ ਬੈਨੀਪਾਲ ਤੇ ਪਵਿੱਤਰ ਬੈਨੀਵਾਲ ਇਸ ਫ਼ਿਲਮ ਦੇ ਸਹਿ ਨਿਰਮਾਤਾ ਹਨ। ‘ਮਿੰਦੋ ਤਸੀਲਦਾਰਨੀ’ ਬਾਰੇ ਕਰਮਜੀਤ ਅਨਮੋਲ ਨੇ ਦੱਸਿਆ ਕਿ ਇਹ ਫ਼ਿਲਮ ਪਿੰਡਾਂ ਦੇ ਕਲਚਰ, ਰਿਸ਼ਤੇ ਨਾਤਿਆਂ ਤੇ ਸਮਾਜ ਨਾਲ ਜੁੜੇ ਪਾਤਰਾਂ ਦੀ ਫ਼ਿਲਮ ਹੈ ਜੋ ਬੀਤੇ ਦੌਰ ਨੂੰ ਚੇਤੇ ਕਰਦਿਆਂ ਅੱਜ ਵੀ ਸਾਡੇ ਮਨਾਂ ਦੇ ਕੋਨਿਆਂ ‘ਚ ਵਸੇ ਹੋਏ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ‘ਮਿੱਟੀ ਨਾ ਫਰੋਲ ਜੋਗੀਆ’, ਰੁਪਿੰਦਰ ਗਾਂਧੀ 2′ ਤੇ ਰਾਂਝਾ ਰਫਿਊਜ਼ੀ’ ਫ਼ਿਲਮਾਂ ਨਾਲ ਚਰਚਾ ਵਿਚ ਆਏ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ ਨੇ ਕੀਤਾ ਹੈ ਤੇ ਸਹਿ ਨਿਰਦੇਸ਼ਕ ਅਨਿਲ ਸ਼ਰਮਾ ਹੈ। ਮਿੰਦੋ ਤਸੀਲਦਾਰਨੀ ਇਲਾਕੇ ਦੀ ਇਕ ਵੱਡੀ ਉੱਚ ਅਧਿਕਾਰੀ ਹੈ, ਜਿਸਦੀ ਨੇੜਲੇ ਪਿੰਡ ਦੇ ‘ਤੇਜੇ ਛੜੇ’ ਨਾਲ ਪੁਰਾਣੀ ਜਾਣ-ਪਛਾਣ ਹੈ ਇਸੇ ਨਿੱਕੀ ਜਿਹੀ ਜਾਣ ਪਛਾਣ ਨੂੰ ਤੇਜਾ ਛੜਾ ਪਿੰਡ ਵਾਲਿਆਂ ਕੋਲ ਆਪਣੀ ਟੌਹਰ ਬਣਾਉਣ ਲਈ ਵਧਾ ਚੜਾ ਕੇ ਦੱਸਦਾ ਹੈ, ਜਿਸ ਨਾਲ ਹਾਲਾਤ ਹੀ ਕੁਝ ਅਜਿਹੇ ਦਿਲਚਸਪ ਬਣਦੇ ਹਨ ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਦੂਹਰੇ ਕਰਨਗੇ। ਇਹ ਫ਼ਿਲਮ ਪਿੰਡਾਂ ਤੇ ਸ਼ਹਿਰਾਂ ਦੇ ਪੜੇ ਤੇ ਅਨਪੜ ਲੋਕਾਂ ਦੀ ਸੋਚ ਅਤੇ ਮਾਨਸਿਕਤਾ ਦੀ ਗੱਲ ਕਰਨ ਦੇ ਇਲਾਵਾ ਸਾਡੇ ਸਮਾਜਿਕ ਭਾਈਚਾਰੇ ਅਤੇ ਰਿਸ਼ਤੇ ਨਾਤਿਆਂ ਦੀ ਅਹਿਮੀਅਤ ਬਾਰੇ ਦੱਸੇਗੀ। ਜ਼ਿਕਰਯੋਗ ਹੈ ਕਿ ਕਾਮੇਡੀ ਫ਼ਿਲਮਾਂ ਦੇ ਸਿਰਤਾਜ ਕਰਮਜੀਤ ਅਨਮੋਲ ਨੂੰ ਦਰਸ਼ਕ ਪਹਿਲੀ ਵਾਰ ਮੁੱਖ ਭੂਮਿਕਾ ‘ਚ ਪਰਦੇ ‘ਤੇ ਵੇਖਣਗੇ। ਫ਼ਿਲਮ ਦੇ ਟ੍ਰੇਲਰ ਮੁਤਾਬਕ ਸਰਦਾਰ ਸੋਹੀ ਦਾ ਕਿਰਦਾਰ ਵੀ ਆਮ ਫ਼ਿਲਮਾਂ ਤੋਂ ਬਹੁਤ ਹਟਵਾਂ ਤੇ ਦਿਲਚਸਪ ਹੈ। ਮਿੰਦੋ ਤਸੀਲਦਾਰਨੀ ਦੇ ਕਿਰਦਾਰ ਵਿੱਚ ਕਵਿਤਾ ਕੌਸ਼ਿਕ ਖੂਬ ਜਚੀ ਹੈ। ਉਸਦਾ ਡਾਇਲਾਗ ਅੰਦਾਜ਼ ਦਰਸ਼ਕਾਂ ਨੂੰ ਜਰੂਰ ਪ੍ਰਭਾਵਤ ਕਰੇਗਾ। ਫ਼ਿਲਮ ਦੇ ਬਾਕੀ ਵਿਸ਼ੇਸ਼ ਕਲਾਕਾਰਾਂ ਵਿਚ ਰਾਜਵੀਰ ਜਵੰਧਾ, ਈਸ਼ਾ ਰਿਖੀ, ਹਰਬੀ ਸੰਘਾ, ਪ੍ਰਕਾਸ਼ ਗਾਧੂ, ਰੁਪਿੰਦਰ ਰੂਪੀ, ਮਲਕੀਤ ਰੌਣੀ, ਦਰਸ਼ਨ ਘਾਰੂ, ਮਿੰਟੂ  ਜੱਟ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।


ਨਿਰਮਾਤਾ ਰੰਜੀਵ ਸਿੰਗਲਾ ਨੇ ਫ਼ਿਲਮ ਦੇ ਸੰਗੀਤ ਬਾਰੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਸ ਫ਼ਿਲਮ ਦੇ ਗੀਤ ਵੀ ਬਹੁਤ ਢੁੱਕਵੇਂ ਤੇ ਮਨਾਂ ‘ਚ ਵਸਣ ਵਾਲੇ ਹਨ। ਹੈਪੀ ਰਾਏਕੋਟੀ, ਕੁਲਦੀਪ ਕੰਡਿਆਰਾ, ਗੁਰਬਿੰਦਰ ਮਾਨ ਤੇ ਹਰਮਨਜੀਤ ਦੇ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਨਿੰਜਾ, ਕਰਮਜੀਤ ਅਨਮੋਲ, ਰਾਜਵੀਰ ਜਵੰਧਾ, ਮੰਨਤ ਨੂਰ, ਗੁਰਲੇਜ਼ ਅਖ਼ਤਰ, ਸਿੰਕਦਰ ਸਲੀਮ, ਸੰਦੀਪ ਥਿੰਦ ਨੇ ਗਾਇਆ ਹੈ। ਫ਼ਿਲਮ ਦਾ ਸੰਗੀਤ ਚਰਨਜੀਤ ਅਹੂਜਾ, ਗੁਰਮੀਤ ਸਿੰਘ, ਜੈਸਨ ਥਿੰਦ ਅਤੇ ਆਰ.ਡੀ.ਬੀਟ ਨੇ ਦਿੱਤਾ ਹੈ ਜਿਸ ਨੂੰ ਜੱਸ ਰਿਕਾਰਡਜ਼ ਵਲੋਂ ਰਿਲੀਜ ਕੀਤਾ ਗਿਆ ਹੈ।


ਜੇ ਇਸ ਫ਼ਿਲਮ ਦੇ ਹੁਣ ਤੱਕ ਰਿਲੀਜ਼ ਹੋਏ ਵੱਖ ਵੱਖ ਰੰਗਾਂ ਦੇ ਸ਼ਾਨਦਾਰ ਗੀਤਾਂ, ਵੀਰੇ ਦੇ ਸਾਲੀਏ, ਸੁਰਮਾ, ਕੱਚੀਏ ਲਗਰੇ, ਟਾਈਟਲ ਗੀਤ ਅਤੇ ਡਾਂਗ ਦੀ ਗੱਲ ਕਰੀਏ ਤਾਂ ਇਨ੍ਹਾਂ ਨੂੰ ਮਿਲੇ ਭਰਵੇਂ ਹੁੰਗਾਰੇ ਨੇ ਸਿਨੇ ਦਰਸ਼ਕਾਂ ਦੇ ਮਨਾਂ ਵਿਚ ਫ਼ਿਲਮ ਪ੍ਰਤੀ ਹੋਰ ਵੀ ਉਤਸੁਕਤਾ ਪੈਦਾ ਕਰ ਦਿੱਤੀ ਹੈ ਕਿਉਂਕਿ ਇਸ ਫ਼ਿਲਮ ਦਾ ਟ੍ਰੇਲਰ ਤਾਂ ਪਹਿਲਾਂ ਹੀ ਧੁੰਮਾਂ ਮਚਾ ਚੁੱਕਾ ਹੈ ਅਤੇ ਹੁਣ ਇਸਦੇ ਦਮਦਾਰ ਸੰਗੀਤ ਤੋਂ ਭਲੀਭਾਂਤ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਯਕੀਨਣ ਹੀ ਇਹ ਸੰਗੀਤ ਫ਼ਿਲਮ ਵਪਾਰ ਦੇ ਵਾਧੇ ਵਿਚ ਆਪਣਾ ਯੋਗਦਾਨ ਪਾਵੇਗਾ। ਓਮ ਜੀ ਗਰੁੱਪ ਵਲੋਂ 28 ਜੂਨ ਨੂੰ ਇਹ ਫ਼ਿਲਮ ਵਿਸ਼ਵ ਪੱਧਰ ਤੇ ਰਿਲੀਜ਼ ਕੀਤੀ ਜਾਵੇਗੀ। ਪੰਜਾਬੀ ਸਕਰੀਨ ਵਲੋਂ ਸ਼ੁੱਭ ਇੱਛਾਂਵਾਂ !
–ਸੁਰਜੀਤ ਜੱਸਲ

Comments & Suggestions

Comments & Suggestions