ਮੁਕਲਾਵੇ ਦੇ ਹਿੱਟ ਹੋਏ ਸੰਗੀਤ ਕਾਰਨ ਦਰਸ਼ਕ ਫ਼ਿਲਮ ਵੇਖਣ ਲਈ ਹੋਏ ਬੇਤਾਬ

By  |  0 Comments

(ਪੰ:ਸ) ਕਦੇ ਕਦੇ ਕਿਸੇ ਫ਼ਿਲਮ ਦਾ ਸੰਗੀਤ ਦਰਸ਼ਕਾਂ ਅਤੇ ਸਰੋਤਿਆਂ ਦੇ ਮਨਾਂ ਤੇ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਐਨਾ ਕੁ ਛਾ ਜਾਂਦਾ ਹੈ ਕਿ ਬਦੋ ਬਦੀ ਮਨ ਫ਼ਿਲਮ ਵੇਖਣ ਲਈ ਉਤਸੁਕ ਹੋ ਜਾਂਦਾ ਹੈ ਅਤੇ ਅਜਿਹੀ ਹੀ ਉਤਸੁਕਤਾ 24 ਮਈ ਨੂੰ ਰਿਲੀਜ਼ ਹੋ ਰਹੀ ਐਮੀ ਵਿਰਕ ਅਤੇ ਸੋਨਮ ਬਾਜਵਾ ਸਟਾਰਰ ਫ਼ਿਲਮ ਮੁਕਲਾਵਾ ਦੇ ਸੰਗੀਤ ਕਾਰਨ ਫ਼ਿਲਮ ਪ੍ਰੇਮੀਆਂ ਦੇ ਮੂੰਹੋ ਸੁਣੀ ਜਾ ਰਹੀ ਹੈ।
ਵੈਸੇ ਤਾਂ ਫ਼ਿਲਮ ਦਾ ਟੇ੍ਰਲਰ ਅਤੇ ਰਿਲਿਜ਼ ਹੋਏ ਹੋਰ ਸੰਵਾਦ-ਦ੍ਰਿਸ਼ ਵੀ ਫ਼ਿਲਮ ਦੇ ਵਧੀਆ ਹੋਣ ਦੀ ਹਾਮੀ ਭਰ ਰਹੇ ਹਨ ਪਰ ਇਸਦੇ ਸੰਗੀਤ ਨੇ ਜੋ ਇਸ ਫ਼ਿਲਮ ਪ੍ਰਤੀ ਕਸ਼ਿਸ ਪੈਦਾ ਕੀਤੀ ਹੈ ਉਸ ਦੀ ਗੱਲ ਹੀ ਵੱਖਰੀ ਹੈ, ਜਿਸ ਲਈ ਫ਼ਿਲਮ ਦੀ ਕਹਾਣੀ ਮੁਤਾਬਕ ਗੀਤ-ਸੰਗੀਤ ਦੀ ਚੋਣ ਦਾ ਸਿਹਰਾ ਦੂਰ ਅੰਦੇਸ਼ੀ ਸੋਚ ਵਾਲੇ ਇਸ ਫ਼ਿਲਮ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਅਤੇ ਤਜ਼ੁਰਬੇਕਾਰ ਵਿਜ਼ਨਰੀ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਅਤੇ ਮਨਮੋੜ ਸਿੰਘ ਸਿੱਧੂ ਦੇ ਸਿਰ ਤੇ ਜਾਂਦਾ ਹੈ।
ਬਾਕੀ ਰਹੀ ਫ਼ਿਲਮ ਦੇ ਸੰਗੀਤਕਾਰ ਗੁਰਮੀਤ ਸਿੰਘ ਦੀ ਗੱਲ ਤਾਂ ਉਸ ਦਾ ਅਨੁਭਵ ਕਿਸੇ ਤੋਂ ਲੁਕਿਆ ਨਹੀ, ਜਿਸ ਦੀ ਤਾਜ਼ਾ ਉਦਹਾਰਣ ਫ਼ਿਲਮ ‘ਲੌਂਗ ਲਾਚੀ’ ਦਾ ਟਾਈਟਲ ਸੋਂਗ ਹੀ ਕਾਫੀ ਹੈ। ਹੁਣ ਜੇ ਇਸ ਫ਼ਿਲਮ ਦੇ ਵੱਖ ਵੱਖ ਗਾਣਿਆ ਦੀ ਗੱਲ ਕੀਤੀ ਜਾਏ ਤਾਂ ਗੀਤ “ਕਾਲਾ ਸੂਟ” ਅਤੇ “ਗੁਲਾਬੀ ਪਾਣੀ” ਜਿਸ ਨੂੰ ਐਮੀ ਵਿਰਕ ਅਤੇ ਮਨੰਤ ਨੂਰ ਨੇ ਗਾਇਆ ਹੈ, ਗੀਤ “ਵੰਗ ਦਾ ਨਾਪ” ਨੂੰ ਐਮੀ ਵਿਰਕ ਅਤੇ “ਬੋਲੀਆਂ” ਨੂੰ ਮਨੰਤ ਨੂਰ ਅਤੇ ਮਿੰਦਾ ਦੇ ਗਾਇਆ ਹੈ। ਇਹ ਚਾਰੇ ਗਾਣਿਆਂ ਦਾ ਸ਼ਾਨਦਾਰ ਸੰਗੀਤ ਤਿਆਰ ਕੀਤਾ ਹੈ ਗੁਰਮੀਤ ਸਿੰਘ ਨੇ ਅਤੇ ਇਨ੍ਹਾਂ ਨੂੰ ਲਿਖਿਆ ਹੈ ਗੀਤਕਾਰ ਹਰਮਨਜੀਤ ਸਿੰਘ ਨੇ।

ਹੁਣ ਜੇ ਤੁਸੀ ਇਹ ਚਾਰੇ ਗੀਤ ਧਿਆਨ ਨਾਲ ਸੁਣੇ ਹੋਣ ਤਾਂ ਗੀਤਕਾਰ ਦੀ ਲਿਖਣ ਸ਼ੈਲੀ ਵਿਚ ਇਕ ਖੂਬਸੂਰਤੀ ਇਹ ਵੀ ਝਲਕਦੀ ਹੈ ਕਿ ਪੀਰੀਅਡ ਫ਼ਿਲਮ ਦਾ ਕੰਨਸੈਪਟ ਮਾਂਈਡ ਵਿਚ ਰੱਖਦੇ ਹੋਏ ਅਹਿਜੇ ਖੂਬਸੂਰਤ ਲਫ਼ਜ਼ਾ ਦਾ ਇਸਤਿਮਾਲ ਕੀਤਾ ਗਿਆ ਹੈ ਜੋ ਵਾਕਿਆ ਹੀ ਉਸ ਸਮੇ ਦੀ ਬੋਲਣ ਸ਼ੈਲੀ ਤੇ ਢੁਕਵੇਂ ਅਤੇ ਸੱਚਮੁਚ ਵਰਤੇ ਜਾਣ ਵਾਲੇ ਦਿਲਕਸ਼ ਸ਼ਬਦ ਹਨ, ਜਿਸ ਦੀ ਵਰਤੋਂ ਅਜੋਕੀ ਪੀੜੀ ਵਲੋਂ ਘੱਟ ਹੀ ਕੀਤੀ ਜਾਂਦੀ ਹੈ ਭਾਵੇਂ ਉਹ ਪਿੰਡਾਂ ਜਾਂ ਸ਼ਹਿਰਾਂ ਨਾਲ ਸੰਬਧ ਰੱਖਦੀ ਹੋਵੇ। ਗੀਤ ਲੇਖਣੀ ਦਾ ਅਜਿਹਾ ਹੁਨਰ ਵਾਕਿਆ ਹੀ ਕਾਬਿਲ-ਏ-ਤਾਰੀਫ਼ ਹੈ। ਫ਼ਿਲਮ ਵਿਚਲਾ ਪੰਜਵਾਂ ਗੀਤ “ਜੁੱਤੀ” ਜਿਸ ਦਾ ਸੰਗੀਤ ਵੀ ਗੁਰਮੀਤ ਨੇ ਹੀ ਤਿਆਰ ਕੀਤਾ ਹੈ ਨੂੰ ਲਿਖਿਆ ਹੈ ਰਾਜੂ ਵਰਮਾ ਨੇ, ਇਹ ਸਾਦੀ ਸ਼ਬਦਾਵਲੀ ਵਾਲਾ ਗੀਤ ਵੀ ਸ਼ਾਨਦਾਰ ਸੱਭਿਆਚਾਰਕ ਰੰਗ ਪੇਸ਼ ਕਰਦਾ ਹੋਇਆ ਖੂਬ ਜੱਚ ਰਿਹਾ ਹੈ।


ਇਨ੍ਹਾਂ ਪੰਜ ਗੀਤਾਂ ਦੀ ਮਿਕਸਿੰਗ ਮਾਸਟਰਿੰਗ ਕੀਤੀ ਹੈ ਆਪਣੇ ਕੰਮ ਵਿਚ ਨਿਪੁੰਨ ਸਮੀਰ ਚਾਰੇਗਾਓਨਕਰ ਨੇ। ਫ਼ਿਲਮ ਦਾ ਛੇਵਾਂ ਗੀਤ ‘ਰੱਬ ਜਾਣੇ” ਜਿਸ ਨੂੰ ਗਾਇਆ ਹੈ ਸੁਰੀਲੇ ਗਾਇਕ ਕਮਾਲ ਖਾਨ ਨੇ ਅਤੇ ਇਸ ਦੀ ਧੁਨ ਬਣਾਈ ਅਤੇ ਲਿਖਿਆ ਹੈ ਵਰਿੰਦਰ ਨੱਥੂਮਾਜਰਾ ਨੇ। ਇਸ ਗੀਤ ਦਾ ਸੰਗੀਤ ਚੀਤਾਹ ਨੇ ਤਿਆਰ ਕੀਤਾ ਹੈ ਅਤੇ ਮਿਕਸਿੰਗ ਮਾਸਟਰਿੰਗ ਭਾਨੂ ਠਾਕੁਰ ਨੇ। ਇਹ ਗੀਤ ਵੀ ਉਦਾਸ ਫ਼ਿਲਮੀ ਮਾਹੌਲ ਵਾਲਾ ਸੁਨਣਯੋਗ ਗੀਤ ਹੈ। ਫ਼ਿਲਮ ਨੂੰ ਦਰਸ਼ਕਾਂ ਵਲੋਂ ਮਿਲਦੇ ਅਸਲ ਹੁੰਗਾਰੇ ਦਾ ਪਤਾ ਤਾਂ 24 ਮਈ ਵਾਲੇ ਦਿਨ ਹੀ ਲੱਗੇਗਾ, ਜੋਕਿ ਸਭ ਦੀ ਉਮੀਦ ਮੁਤਾਬਕ ਵਧੀਆ ਹੋਣ ਦੀ ਹੀ ਆਸ ਹੈ ਪਰ ਫ਼ਿਲਮ ” ਮੁਕਲਾਵੇ ” ਦੇ ਗੀਤ ਆਉਣ ਵਾਲੇ ਸਮੇ ਵਿਚ ਲੋਕ ਗੀਤਾਂ ਦੀ ਤਰ੍ਹਾਂ ਸੁਣਨ ਨੂੰ ਜ਼ਰੂਰ ਮਿਲਿਆ ਕਰਨਗੇ।
ਵਾਈਟ ਹਿੱਲ ਸਟੂਡਿਓਜ਼ ਵਲੋਂ ਪੇਸ਼ ਫ਼ਿਲਮ ‘ਮੁਕਲਾਵਾ’ ਦੀ ਕਹਾਣੀ ਬੰਟੀ ਵੜੈਚ ਤੇ ਜਗਜੀਤ ਸੈਣੀ ਨੇ ਸਾਂਝੇ ਤੌਰ ਤੇ ਲਿਖੀ ਹੈ ਅਤੇ ਸੰਵਾਦ ਰਾਜੂ ਵਰਮਾ ਨੇ ਲਿਖੇ ਹਨ। ਬੈਕਰਾਉਂਡ ਸਕੋਰ ਗੁਰਮੀਤ ਸਿੰਘ ਅਤੇ ਸੰਦੀਪ ਸਕਸੈਨਾ ਦਾ ਹੈ। 250 ਤੋਂ ਵੱਧ ਪਰਦਿਆਂ ਤੇ ਭਾਰਤ ਅਤੇ ਲਗਭਗ 200 ਪਰਦਿਆਂ ਤੇ ਸੰਸਾਰ ਪੱਧਰ ’ਤੇ ਪ੍ਰਦਰਸ਼ਿਤ ਹੋਣ ਜਾ ਰਹੀ ਇਸ ਫ਼ਿਲਮ ਵਿਚ ਮੁੱਖ ਕਿਰਦਾਰਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ.ਐਨ ਸ਼ਰਮਾ, ਗੁਰਪ੍ਰੀਤ ਭੰਗੂ, ਅਨੀਤਾ ਸ਼ਬਦੀਸ਼, ਨਿਰਮਲ ਰਿਸ਼ੀ, ਤਰਸੇਮ ਪਾਲ, ਸਰਬਜੀਤ ਚੀਮਾ, ਦ੍ਰਿਸ਼ਟੀ ਗਰੇਵਾਲ ਅਤੇ ਰਾਖੀ ਹੁੰਦਲ ਵੀ ਸ਼ਾਨਦਾਰ ਕਿਰਦਾਰਾਂ ਵਿਚ ਦਿਖਾਈ ਦੇਣਗੇ।
ਜੇ ਫ਼ਿਲਮ ਦੀ ਕਹਾਣੀ ਦੇ ਵਿਸ਼ੇਸ਼ ਪਹਿਲੂ ਦੀ ਗੱਲ ਕਰੀਏ ਤਾਂ ਸਾਡੀ ਪੁਰਾਤਣ ਸੱਭਿਆਚਾਰਕ, ਸਮਾਜਿਕ ਅਤੇ ਵਿਰਾਸਤੀ ਰਸਮ “ਮੁਕਲਾਵਾ” ਜੋ ਸਾਡੇ ਸੱਭਿਆਚਾਰ ਦਾ ਇਕ ਬੜਾ ਹੀ ਅਹਿਮ ਹਿੱਸਾ ਹੋਇਆ ਕਰਦੀ ਸੀ ਜੋਕਿ ਅੱਜ-ਕੱਲ੍ਹ ਤਕਰੀਬਨ ਲੁਪਤ ਹੀ ਹੋ ਚੁਕੀ ਹੈ, ਨੂੰ ਪਤੀ-ਪਤਨੀ ਦੇ ਵਿਆਹ ਤੋਂ ਬਾਅਦ ਆਪਸੀ ਮਿਲਣ ਦੀ ਤਾਂਘ ਦੇ ਰੋਮਾਂਚ ਰੂਪੀ ਬੜੇ ਖੂਬਸੂਰਤ ਅੰਦਾਜ਼ ਵਿਚ ਪੇਸ਼ ਕਰਦੀ ਇਹ ਫ਼ਿਲਮ, ਜਿਸ ਵਿਚ ਅਜੋਕੀ ਪੀੜੀ ਨੂੰ ਪੁਰਾਣੇ ਵਿਰਸੇ ਨਾਲ ਜੋੜਣ ਲਈ ਪਰਿਵਾਰਕ ਡਰਾਮਾ ਰੂਪੀ ਵਿਰਸੇ ਨਾਲ ਜੁੜੀਆਂ ਘਟਨਾਵਾਂ ਨੂੰ ਫ਼ਿਲਮੀ ਰੂਪ ਦੇਣ ਉਪਰੰਤ ਵੱਖ ਵੱਖ ਪ੍ਰਸਥਿਤੀਆਂ ਚੋਂ ਲੰਘਦੀ ਫ਼ਿਲ਼ਮ ਦੀ ਕਹਾਣੀ ਨੂੰ ਦਰਸ਼ਕਾਂ ਦੇ ਬਹੁਰੰਗ ਮਨੋਰੰਜਨ ਲਈ ਹਾਸਰਸ ਸੰਵਾਦਾਂ ਦਾ ਤੜਕਾ ਵੀ ਲਗਾਇਆ ਗਿਆ ਹੈ, ਅਜਿਹਾ ਫ਼ਿਲਮ ਟੀਮ ਦਾ ਕਹਿਣਾ ਹੈ ਅਤੇ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਦਰਸ਼ਕ 24 ਮਈ ਵਾਲੇ ਦਿਨ ‘ਮੁਕਲਾਵਾ’ ਨੂੰ ਅਥਾਹ ਪਿਆਰ ਨਾਲ ਨਿਵਾਜਣਗੇ ਦੇਣਗੇ।

ਪੰਜਾਬੀ ਸਕਰੀਨ ਅਦਾਰੇ ਵਲੋਂ ਵਲੋਂ ਸ਼ੁੱਭ ਇੱਛਾਵਾਂ!

Comments & Suggestions

Comments & Suggestions