Articles Pollywood

ਲਾਕਡਾਊਨ ਦੀ ਮਾਰ ਹੇਠ ਪਾਲੀਵੁੱਡ

Written by admin

100 ਕਰੋੜ ਦੇ ਕਰੀਬ ਘਾਟੇ `ਚ ਫ਼ਿਲਮ ਸੰਗੀਤ ਅਤੇ ਥਿਏਟਰ ਜਗਤ ਦੇ ਕਾਮੇ, ਝੱਲ ਰਹੇ ਹਨ ਵੱਡਾ ਆਰਥਿਕ ਸੰਤਾਪ।

22 ਮਾਰਚ 2020 ਨੂੰ ਜਨਤਾ ਕਰਫਿਊ ਅਤੇ ਬਾਅਦ ਵਿੱਚ ਅਚਾਨਕ ਲਾਕਡਾਊਨ ਨੇ ਫ਼ਿਲਮੀ ਖੇਤਰ ਵਿੱਚ ਸਭ ਤੋਂ ਵੱਧ ਨੁਕਸਾਨ ਫ਼ਿਲਮ, ਸੰਗੀਤ ਅਤੇ ਥਿਏਟਰ ਜਗਤ ਦੇ ਕਾਮਿਆਂ ਦਾ ਕੀਤਾ ਅਤੇ ਸ਼ਾਇਦ ਸਰਕਾਰਾਂ ਵੀ ਇਨ੍ਹਾਂ ਹਜ਼ਾਰਾਂ ਬੇਰੁਜ਼ਗਾਰ ਹੋਏ ਲੋਕਾਂ ਬਾਰੇ ਬੇਖਬਰ ਹਨ ਜਿਨ੍ਹਾਂ ਦਾ ਜ਼ਿਕਰ ਅੱਜ ਪੰਜਾਬੀ ਸਕਰੀਨ ਦੇ ਇਸ ਸੰਪਾਦਕੀ ਲੇਖ ਵਿੱਚ ਵਿਸਥਾਰ ਨਾਲ ਕੀਤਾ ਜਾ ਰਿਹਾ ਹੈ।

ਜਦੋਂ ਲਾਕਡਾਊਨ ਲੱਗਾ ਤਾਂ ਸਾਰੇ ਭਾਰਤ ਵਿੱਚ ਹਜ਼ਾਰਾਂ ਵੱਡੀਆਂ-ਛੋਟੀਆਂ ਫ਼ਿਲਮਾਂ ਅਤੇ ਗੀਤਾਂ ਦੀ ਸ਼ੂਟਿੰਗ ਚੱਲ ਰਹੀ ਸੀ ਅਤੇ ਨਾਲ ਦੇ ਨਾਲ ਇਨ੍ਹਾਂ ਦੀ ਪੋਸਟ ਪ੍ਰਡੋਕਸ਼ਨ ਦਾ ਕੰਮ ਵੀ ਚੱਲ ਰਿਹਾ ਸੀ, ਜੋ ਅਚਾਨਕ ਬੰਦ ਹੋ ਗਿਆ। ਮਲਟੀਪਲੈਕਸ-ਸਿੰਗਲ ਸਕਰੀਨ ਹਾਲ, ਨਾਟ ਘਰ, ਨਾਟਕ ਸ਼ੋਅ, ਵਿਆਹ ਸ਼ਾਦੀਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਆਦਿ ਸਭ ਪਬਲਿਕ ਸ਼ੋਅਜ਼ ਵਗੈਰਾ ਬੰਦ ਹੋ ਗਏ। ਕਹਿਣ ਦਾ ਮਤਲਬ ਕਿ ਫ਼ਿਲਮ, ਸੰਗੀਤ ਅਤੇ ਥਿਏਟਰ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਹੀ ਰੁੱਕ ਗਈਆਂ ਜਿਸ ਕਾਰਨ ਇਸ ਖੇਤਰ ਨਾਲ ਜੁੜੇ ਲੱਖਾਂ ਲੋਕਾਂ ਨੂੰ ਅਚਾਨਕ ਆਰਥਿਕ ਸੰਤਾਪ ਦਾ ਸਾਹਮਣਾ ਕਰਨਾ ਪਿਆ, ਜਿਹੜਾ ਕਿਸੇ ਨੇ ਸੋਚਿਆ ਵੀ ਨਹੀਂ ਸੀ ਅਤੇ ਇਹ ਸਿਲਸਲਾ ਅਜੇ ਤੱਕ ਵੀ ਜਾਰੀ ਹੈ।

ਕਿਉਂਕਿ ਕਿ ਪੰਜਾਬੀ ਸਕਰੀਨ ਮੈਗਜ਼ੀਨ ਪੰਜਾਬੀ ਇੰਡਸਟਰੀ ਦੀ ਪ੍ਰਤੀਨਿਧਤਾ ਕਰਦਾ ਆ ਰਿਹਾ ਹੈ ਇਸ ਲਈ ਹੁਣ ਗੱਲ ਕਰਦੇ ਹਾਂ ਪੰਜਾਬੀ ਫ਼ਿਲਮ, ਸੰਗੀਤ ਅਤੇ ਥਿਏਟਰ ਜਗਤ ਨਾਲ ਜੁੜੇ ਉਨਾਂ ਲੋਕਾਂ ਦੀ ਜਿਨ੍ਹਾਂ `ਤੇ ਆਏ ਅਚਾਨਕ ਆਰਥਿਕ ਸੰਕਟ ਨਾਲ ਉਨਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਲੇਖ ਨੂੰ ਪੜ੍ਹਣ ਉਪਰੰਤ ਸਾਰੇ ਭਾਰਤ ਵਿੱਚ ਇਸ ਖੇਤਰ ਨਾਲ ਜੁੜੇ ਲੋਕਾਂ ਦੀ ਦਸ਼ਾ ਨਾਲ ਅੰਦਾਜ਼ਾ ਵੀ ਭਲੀਭਾਂਤ ਲਾਇਆ ਜਾ ਸਕੇਗਾ।

ਸਭ ਤੋਂ ਪਹਿਲਾਂ ਗੱਲ ਫ਼ਿਲਮਾਂ ਨਾਲ ਜੁੜੇ ਰੋਜ਼ਾਨਾ ਕਮਾ ਕੇ ਖਾਣ ਵਾਲੇ ਕਾਮਿਆਂ ਅਤੇ ਛੋਟੇ ਕਾਰੋਬਾਰੀਆਂ ਦੀ।ਜਦੋਂ ਲਾਕਡਊਨ ਹੋਇਆ ਤਾਂ ਤਕਰੀਬਨ 10 ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਤੋਂ ਇਲਾਵਾਂ 20/25 ਲਘੂ ਫ਼ਿਲ਼ਮਾਂ ਅਤੇ ਪੰਜਾਬੀ ਗੀਤਾਂ ਦੀ ਸ਼ੂਟਿੰਗ ਚੱਲ ਰਹੀ ਸੀ ਅਤੇ ਪੰਜਾਬ ਵਿੱਚ ਐਨੀਆਂ ਕੁ ਸ਼ੂਟਿੰਗਾਂ ਔਸਤਨ ਰੋਜ਼ਾਨਾ ਚਲਦੀਆਂ ਹੀ ਹਨ। ਬਾਕੀ ਬਾਲੀਵੁੱਡ ਦੀਆਂ 2/3 ਫ਼ਿਲਮਾਂ ਦੀ ਸ਼ੂਟਿੰਗ ਵੀ ਪੰਜਾਬ ਵਿਚ ਚਲਦੀ ਰਹਿਣੀ ਆਮ ਜਿਹੀ ਗੱਲ ਹੈ, ਜਿਸ ਵਿੱਚ ਵੀ ਸਾਡੇ ਲਾਈਨ ਨਿਰਮਾਤਾ, ਉਨਾਂ ਦੇ ਵਰਕਰ, ਕੇਟਰਿੰਗ, ਲੋਕਲ ਟਰਾਂਸਪੋਰਟ, ਲੋਕਲ ਆਰਟਿਸਟਾਂ ਅਤੇ ਹੋਰ ਲੋਕਲ ਲੈਵਲ ਤੇ ਸ਼ੂਟਿੰਗ ਲਈ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਵਾਲਿਆਂ ਆਦਿ ਨੂੰ ਵੀ ਕੰਮ ਮਿਲਦਾ ਰਹਿੰਦਾ ਹੈ।

ਜੇ ਹੁਣ ਇੱਕ ਫ਼ਿਲਮ ਨਾਲ ਜੁੜੇ ਡੇਲੀ ਯੂਨਿਟ ਦੀ ਗੱਲ ਕਰੀਏ ਤਾਂ ਇਕ ਨੋਰਮਲ ਬਜਟ ਫ਼ਿਲਮ ਵਿੱਚ ਘੱਟ ਤੋਂ ਘੱਟ 100/120 ਬੰਦੇ ਕੰਮ ਤੇ ਲੱਗੇ ਹੁੰਦੇ ਹਨ, ਜਿਨਾਂ ਵਿੱਚ ਪ੍ਰੋਡਕਸ਼ਨ ਹਾਊਸ ਦੇ ਸਟਾਫ ਤੋਂ ਇਲਾਵਾ ਟਰਾਂਸਪੋਰਟ ਖਾਤੇ ਵਿੱਚ ਆਉਂਦੀਆਂ ਵੈਨਟੀ ਵੈਨਸ, ਕਲਾਕਾਰਾਂ ਦੀਆਂ ਅਤੇ ਹੋਰ ਢੋਆ-ਢੋਆਈ ਲਈ ਵਰਤੀਆਂ ਜਾਂਦੀਆਂ 12/15 ਛੋਟੀਆਂ-ਵੱਡੀਆਂ ਗੱਡੀਆਂ ਅਤੇ ਉਨਾਂ ਦੇ ਡਰਾਈਵਰ, 10/12 ਲੋਕਾਂ ਦਾ ਕੇਟਰਿੰਗ ਸਟਾਫ਼, ਸਪੋਟ ਬੇਆਏਜ਼ 6/8, ਲਾਈਟਸ ਮੈਨ, ਸਾਊਂਡ, ਕਰੇਨ, ਡਰੋਨ, ਟਰੈਕ-ਟਰਾਲੀ ਆਦਿ ਦੇ 20/25 ਲੋਕ, ਮੇਕੱਪ/ਹੇਅਰ ਡਰੈਸਿੰਗ ਸਟਾਫ ਦੇ 7/8 ਬੰਦੇ, ਡਰੈਸਿੰਗ ਸਟਾਫ ਦੇ 7/8, ਸਟਿੱਲ ਕੈਮਰਾ, ਵੀਡੀਓ ਕੈਮਰਾ ਸਟਾਫ ਦੇ 4/5 ਲੋਕ ਅਤੇ ਇਸ ਤੋਂ ਇਲਾਵਾ ਇਨਾਂ ਲੋਕਾਂ ਦਾ ਪ੍ਰਬੰਧ ਅਤੇ ਦੇਖਰੇਖ ਕਰਨ ਵਾਲਾ ਲਾਇਨ ਨਿਰਮਾਤਾ ਦਾ 6/7 ਬੰਦਿਆਂ ਦਾ ਸਟਾਫ। ਇਸ ਤੋਂ ਇਲਾਵਾ ਡੇਲੀ ਬੇਸ ਤੇ ਕੰਮ ਕਰਨ ਵਾਲੇ ਵੱਖ ਵੱਖ ਅਸਿਸਟੈਂਟਸ, ਛੋਟੇ ਜਾਂ ਕਰਾਊਡ ਲਈ ਵਰਤੇ ਜਾਂਦੇ ਕਲਾਕਾਰ ਆਦਿ।

ਇਹ ਲੋਕ 700/800 ਤੋਂ ਲੈ 2500/3000 ਤੱਕ ਤਾਂ ਵੱਖੋ ਵੱਖ ਕੰਮਾ ਚੋਂ ਕਮਾ ਹੀ ਲੈਂਦੇ ਹਨ। 100/120 ਲੋਕਾਂ ਦਾ ਇਕ ਦਿਨ ਦੀ ਔਸਤਨ ਆਮਦਨ ਵੇਖੀਏ ਤੱਕ ਇਕ ਬੰਦੇ ਦੇ ਹਿੱਸੇ ਤਕਰੀਬਨ ਰੋਜ਼ਾਨਾ 1100 ਰੁਪਏ ਤਾਂ ਆਉਂਦੇ ਹੀ ਹਨ। ਇਹ ਗੱਲ ਸਿਰਫ ਡੇਲੀ ਕਮਾਈ ਕਰ ਕੇ ਖਾਣ ਵਾਲਿਆਂ ਦੀ ਹੋ ਰਹੀ ਹੈ ਜਿਸ ਵਿੱਚ ਡੇਲੀ ਬੇਸਡ ਐਕਟਰ ਅਤੇ ਬਾਕੀ ਲੋਕ ਸ਼ਾਮਲ ਹਨ ਜਿਸ ਦਾ ਉਪਰ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਕਿਸੇ ਵੀ ਉਪਰੋਕਤ ਕੰਮ ਦਾ ਮਾਲਕ ਸ਼ਾਮਲ ਨਹੀਂ ਹੈ ਜਦਕਿ ਨੁਕਸਾਨ ਉਨ੍ਹਾਂ ਦਾ ਵੀ ਹੋਇਆ ਪਰ ਉਹ ਆਪਣੀ ਪਿਛਲੀ ਕਮਾਈ ਕਾਰਨ ਕੁਝ ਸਮਾਂ ਵਿਹਲਾ ਰਹਿ ਕੇ ਵੀ ਗੁਜ਼ਾਰਾ ਕਰ ਸਕਦੇ ਹਨ।

ਫ਼ਿਲਮਾਂ ਨਾਲ ਹੀ ਜੁੜਿਆ ਦੂਜਾ ਹਿੱਸਾ ਜਿਹੜੇ ਲੋਕ ਸਿਰਫ ਸ਼ੂਟਿੰਗਾ ਲਈ ਇਕਊਪਮੈਂਟ ਅਤੇ ਹੋਰ ਵਰਤਿਆ ਜਾਣ ਵਾਲਾ ਵੱਖ ਵੱਖ ਤਰਾਂ ਦਾ ਸਮਾਨ ਸਪਲਾਈ ਕਰਦੇ ਹਨ, ਉਨਾਂ ਦਾ ਸਟਾਫ ਵੀ ਵਿਹਲਾ ਹੋ ਗਿਆ, ਕਈਆਂ ਦੀਆਂ ਨੌਕਰੀਆਂ ਚਲੀਆਂ ਗਈਆਂ। ਕਈ  ਛੋਟੇ-ਮੋਟੇ ਹੋਟਲਾਂ ਦੇ ਕਮਰੇ ਵੀ ਸਿਰਫ ਹੇਠਲੇ ਸਟਾਫ ਲਈ ਫ਼ਿਲਮਾਂ ਵਾਲਿਆਂ ਕੋਲ ਹੀ ਹੁੰਦੇ ਸਨ, ਉਨਾਂ ਹੋਟਲਾਂ ਨੂੰ ਵੀ ਆਪਣਾ ਸਟਾਫ ਘਟਾਉਣਾ ਪਿਆ। ਫ਼ਿਲਮਾਂ ਲਈ ਵਰਤੀਆਂ ਜਾਂਦੀਆਂ ਲੋਕੇਸ਼ਨਾਂ ਅਤੇ ਇਨਡੋਰ/ਆਊਟਡੋਰ ਸਟੂਡੀਓਜ਼ ਵਾਲਿਆਂ ਦਾ ਸਟਾਫ।

ਤੀਜਾ ਹਿੱਸਾ ਸ਼ੂਟਿੰਗ ਤੋਂ ਬਾਅਦ ਪੋਸਟ ਪ੍ਰੋਡਕਸ਼ਨ ਦਾ, ਜਿਸ ਲਈ ਪੰਜਾਬ ਵਿੱਚ ਕਈ ਸਟੂਡੀਓਜ਼ ਹਨ ਜਿਨਾਂ ਵਿੱਚ ਰਿਕਾਡਿੰਗ, ਡਬਿੰਗ, ਐਡਿਟਿੰਗ, ਡੀ.ਆਈ, ਫੋਲੀ, ਬੈਕਰਾਊਂਡ ਮਿਊਜ਼ਿਕ ਅਤੇ ਸਾਊਂਡ ਨਾਲ ਸਬੰਧਿਤ ਕਈ ਕੰਮਾ ਲਈ ਪੇਸ਼ੇਵਰ ਬੰਦੇ ਕੰਮ ਕਰਦੇ ਹਨ, ਜਿੰਨਾਂ ਚੋਂ ਕੁਝ ਨੌਕਰੀ ਕਰਦੇ ਸਨ ਅਤੇ ਬਾਕੀ ਕੰਟ੍ਰੈਕਟ ਬੇਸ ਤੇ, ਜੋ ਕਿ ਸਾਰੇ ਦੇ ਸਾਰੇ ਇਕ ਦੱਮ ਵਿਹਲੇ ਹੋ ਗਏ।

ਚੌਥੀ ਗੱਲ ਫ਼ਿਲਮ ਪਬਲੀਸਿਟੀ ਦੀ ਕਿ ਕਿਸ ਤਰਾਂ ਵੱਖ ਵੱਖ ਲੋਕ ਇੱਕ ਫ਼ਿਲਮ ਦੀ ਪਬਲੀਸਿਟੀ ਕਰਨ ਵਿੱਚ ਸ਼ਾਮਲ ਹੁੰਦੇ ਹਨ, ਜੋ ਕਿ ਕਾਫੀ ਸਮੇਂ ਤੋਂ ਬੇਰੁਜ਼ਗਾਰ ਬੈਠੇ ਹਨ। ਪਬਲੀਸਿਟੀ ਪੋਸਟਰ, ਹੋਰਡਿੰਗ, ਫਲੈਕਸ ਦੀ ਡਿਜ਼ੀਟਲ ਡਿਜ਼ਾਇਨਿੰਗ/ਮੇਕਿੰਗ/ਫਿਟਿੰਗ ਅਤੇ ਪ੍ਰਿੰਟਿੰਗ ਆਦਿ ਇਹ ਲੋਕ ਜਿੰਨਾਂ ਦਾ ਸਾਰਾ ਦਾਰੋਮਦਾਰ ਹੀ ਫ਼ਿਲਮਾਂ ਨਾਲ ਜੁੜਿਆ ਹੈ। ਉਸ ਤੋਂ ਬਾਅਦ ਉਹ ਲੋਕ ਜੋ ਕਈ ਸਾਲਾਂ ਤੋਂ ਗਲੀਆਂ ਬਜ਼ਾਰਾ ਵਿੱਚ ਫ਼ਿਲਮਾਂ ਦੇ ਪੋਸਟਰ ਲਗਾਉਂਦੇ ਆ ਰਹੇ ਹਨ।

ਇਸ ਤੋਂ ਬਾਅਦ ਪੀ.ਆਰ ਕੰਪਨੀਆਂ/ ਆਨ ਲਾਈਨ ਫ਼ਿਲਮ ਪ੍ਰਮੋਟਰ ਕਪੰਨੀਆਂ ਦਾ ਪ੍ਰਭਾਵਿਤ ਹੋਇਆ ਸਟਾਫ, ਜਿਸ ਵਿੱਚ ਥੋੜੀਆਂ ਤਨਖਾਹਾਂ ਅਤੇ ਠੇਕੇ ਤੇ ਲਏ ਗਏ ਬੰਦੇ ਸ਼ਾਮਲ ਹਨ। ਫ਼ਿਲਮੀ ਰਸਾਲੇ ਵੀ ਫ਼ਿਲਮਾਂ ਦੇ ਕਾਰੋਬਾਰ ਤੇ ਹੀ ਨਿਰਭਰ ਕਰਦੇ ਹਨ, ਉਨਾਂ ਦੇ ਸਾਰੇ ਨੌਕਰੀ ਵਾਲੇ ਅਤੇ ਕੰਟ੍ਰੈਕਟ ਬੇਸਡ ਸਟਾਫ ਤੋਂ ਇਲਾਵਾ ਅਖਬਾਰਾਂ ਦੁਆਰਾ ਫ਼ਿਲਮਾਂ ਦੀ ਪਬਲੀਸਿਟੀ ਲਈ ਰੱਖੇ ਵੱਖਰੇ ਸਟਾਫ ਆਦਿ ਦੀ ਵੀ ਛਾਂਟੀ ਹੋਈ।

ਉਸ ਤੋਂ ਬਾਅਦ ਛੋਟੇ-ਵੱਡੇ ਫ਼ਿਲਮ ਡਿਸਟ੍ਰੀਬਿਊਟਰਾਂ ਉੱਤੇੇ ਉਨਾਂ ਦੇ ਦਫਤਰਾਂ ਦੇ ਕਰਾਏ, ਸਟਾਫ ਦੀਆਂ ਤਨਖਾਹਾਂ ਆਂਦਿ ਦਾ ਬੋਝ ਵੀ ਪਿਆ ਅਤੇ ਇੱਥੇ ਵੀ ਕਈ ਕਾਮੇ ਲੋਕ ਕੰਮ ਤੋਂ ਵਿਹਲੇ ਹੋ ਗਏ।

ਹੁਣ ਆਉਣੇ ਆਂ ਸਿਨੇਮਾਂ ਘਰਾਂ ਵੱਲ ਜਿੱਥੇ ਪੰਜਾਬ ਅੰਦਰ ਮਲਟੀਪਲੈਕਸ ਅਤੇ ਸਿੰਗਲ ਸਕਰੀਨ ਸਿਨੇਮਾ ਘਰਾਂ ਦੀਆਂ ਕੁੱਲ ਮਿਲਾ ਕੇ 150 ਦੇ ਕਰੀਬ ਸਿਨੇਮਾ ਸਕਰੀਨਾਂ ਹਨ। ਹੁਣ ਜੇ ਵੱਡੇ ਸਿਨੇਮਾ ਐਗਜ਼ੀਬੀਟਰਾਂ ਤੋਂ ਇਲਾਵਾ ਇਨ੍ਹਾਂ ਸਿਨਮਿਆਂ ਦੇ ਪ੍ਰਭਾਵਿਤ ਸਟਾਫ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ ਟਿਕਟ ਵਿੰਡੋ ਸਟਾਫ, ਕੰਟੀਨ ਸਟਾਫ, ਸਿਨੇਮਾ ਐਡਮਨਿਸਟਰੇੇਸ਼ਨ ਐਂਡ ਅਕਾਊਂਟਸ ਸਟਾਫ, ਸਫਾਈ ਕਰਮਚਾਰੀ, ਗੇਟ ਕੀਪਰ, ਸਿਕਿਓਰਟੀ, ਅਤੇ ਹਾਲ ਦੇ ਅੰਦਰ ਮੌਜੂਦ ਰਹਿਣ ਵਾਲਾ ਸਟਾਫ ਆਦਿ ਸ਼ਾਮਲ ਹੈ। ਇਸੇ ਤਰਾਂ ਸਿੰਗਲ ਸਕਰੀਨ ਸਿਨੇਮਾ ਦਾ ਸਟਾਫ ਵੀ ਬੇਰੁਜ਼ਗਾਰ ਹੋ ਗਿਆ। ਇਨਾਂ ਲੋਕਾਂ ਦੀ ਔਸਤਨ ਗਿਣਤੀ ਕਰੀਏ ਤਾਂ ਘੱਟ ਤੋਂ ਕਿਸੇ ਨਾਂ ਕਿਸੇ ਤਰਾਂ 1000 ਬੰਦਾ ਤਾਂ ਜੁੜਿਆ ਹੀ ਹੈ, ਜਿਸ ਨੂੰ ਕਿ ਅਚਾਨਕ ਵਿਹਲਾਂ ਹੋਣਾ ਪਿਆ।

ਜਿਵੇਂ ਕਿ ਉਪਰ ਦੱਸਿਆ ਗਿਆ ਕਿ ਪੰਜਾਬ ਵਿੱਚ ਰੋਜ਼ਾਨਾ ਦੱਸ ਕੁ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਔਸਤ ਤਾਂ ਬਣੀ ਹੋਈ ਸੀ ਅਤੇ ਸਾਡੇ ਉਪਰੋਕਤ ਗਿਣਾਏ ਮੁਤਾਬਕ ਇੱਕ ਫ਼ਿਲਮ ਦੇ ਨਾਲ ਘੱਟ ਤੋਂ ਘੱਟ 250 ਦੇ ਕਰੀਬ ਬੰਦਾ ਤਾਂ ਜੁੜਿਆ ਹੀ ਹੁੰਦਾ ਜਿਸ ਦਾ ਕੁਝ ਅੰਦਾਜ਼ਾ ਤਾਂ ਫ਼ਿਲਮ ਦੇ ਐਂਡ ਸਕਰੋਲ/ਨੰਬਰਿੰਗ ਤੋਂ ਵੀ ਲੱਗ ਜਾਂਦਾ ਹੈ। ਬਰੀਕ ਬਰੀਕ ਨਾਵਾਂ ਵਾਲੇ ਸਾਰੇ ਦਿਹਾੜੀਦਾਰ ਹੀ ਹੁੰਦੇ ਹਨ।

ਇਸੇ ਤਰਾਂ ਉਪਰੋਤਕ ਦਰਸਾਏ ਅਕੜਿਆਂ ਅਨੁਸਾਰ ਪੰਜਾਬ ਵਿੱਚ ਰੋਜ਼ਾਨਾ 20/25 ਪੰਜਾਬੀ ਗਾਣਿਆਂ ਜਾਂ ਛੋਟੀਆਂ ਫ਼ਿਲਮਾਂ ਦੀ ਸ਼ੂਟਿੰਗ ਵਿੱਚ ਵੀ ਘੱਟ ਤੋਂ ਘੱਟ 35/40 ਲੋਕਾਂ ਦਾ ਔਸਤਨ ਸਟਾਫ ਤਾਂ ਰਹਿੰਦਾ ਹੀ ਹੈ, ਮਤਲਬ ਕਿ ਰੋਜ਼ ਕਮਾਈ ਵਾਲੇ 700/800 ਲੋਕ ਇੱਥੋ ਵੀ ਵਿਹਲੇ ਹੋਏ ਅਤੇ ਇਨਾਂ ਦਾ ਵੀ ਪੋਸਟ ਪ੍ਰੋਡਕਸ਼ਨ ਸਟਾਫ, ਪਬਲੀਸਿਟੀ ਸਟਾਫ, ਛੋਟੇ ਪ੍ਰੋਡਕਸ਼ਨ ਹਾਊਸ ਅਤੇ ਮਿਊਜ਼ਿਕ ਕੰਪਨੀਆਂ ਨਾਲ ਜੁੜੇ ਦਿਹਾੜੀ ਜਾਂ ਤਨਖਾਹਦਾਰ ਲੋਕ ਵੀ।

ਜੇ ਥਿਏਟਰ ਜਗਤ ਦੀ ਗੱਲ ਕੀਤੀ ਜਾਏ ਤਾਂ ਪੰਜਾਬ ਵਿੱਚ ਕਲਾਂ ਦੀਆ ਜੜ੍ਹਾਂ ਰੰਗਮੰਚ ਨਾਲ ਜੁੜੀਆਂ ਹਨ ਅਤੇ ਰੰਗ ਮੰਚ ਦੀ ਪੌੜੀ ਫ਼ਿਲਮ ਜਗਤ ਨੂੰ ਚੜ੍ਹਦੀ ਹੈ, ਕਿਉਂਕਿ ਹਰ ਰੰਗਕਰਮੀ ਦਾ ਸੁਪਨਾ ਫ਼ਿਲਮਾਂ ਵਿੱਚ ਜਾ ਕੇ ਹੀ ਪੂਰਾ ਹੁੰਦਾ ਹੈ। ਵੈਸੇ ਵੀ ਪੰਜਾਬ ਦਾ ਰੰਗਮੰਚ ਪੁਰਾਣਾ ਹੋਣ ਦੇ ਨਾਲ ਨਾਲ ਸਾਰੀ ਦੁਨੀਆਂ ਵਿੱਚ ਹੀ ਜਾਣਿਆ ਜਾਂਦਾ ਹੈ। ਪੰਜਾਬ ਦੇ ਤਕਰੀਬਨ ਹਰ ਸ਼ਹਿਰ ਵਿੱਚ ਨਾਟਕ ਕਲਾ ਪ੍ਰਚਲਤ ਹੈ ਅਤੇ ਹਜ਼ਾਰਾਂ ਹੀ ਰੰਗਕਰਮੀ ਥੋੜਾ ਬਹੁਤ ਸਿੱਖਣ ਤੋੋਂ ਬਾਅਦ ਫ਼ਿਲਮਾਂ ਵੱਲ ਚਲੇ ਜਾਂਦੇ ਹਨ ਅਤੇ ਬਾਕੀ ਇੱਥੇ ਹੀ ਰੋਜ਼ਗਾਰ ਭਾਲਦੇ ਹੋਏ ਕਿਸੇ ਨਾ ਕਿਸੇ ਆਰ੍ਹੇ ਲੱਗ ਜਾਂਦੇ ਹਨ। ਕੋਈ ਨਾਟਕ ਅਕੈਡਮੀ ਚਲਾ ਰਿਹਾ ਹੈ, ਕੋਈ ਨਾਟ ਗਰੁੱਪ ਬਣਾਈ ਬੈਠਾ ਹੈ, ਕੋਈ ਸਕੂਲ/ਕਾਲਜ਼ ਵਿੱਚ ਅਦਾਕਾਰੀ ਸਿਖਾ ਰਿਹਾ ਹੈ, ਕੋਈ ਨਾਟਕ ਖੇਡ ਕੇਂਦਰ ਚਲਾ ਕੇ ਅੱਗੋਂ ਕਈਆਂ ਨੂੰ ਅਦਾਕਾਰੀ ਸਿਖਾਉਣ ਦੇ ਨਾਲ ਨਾਲ ਉਨਾਂ ਲਈ ਕਮਾਈ ਦੇ ਸਾਧਨ ਜੁਟਾ ਰਿਹਾ ਹੈ। ਕਈ ਕਲਾਕਾਰ ਤਾਂ ਵੱਖ ਵੱਖ ਨਾਟ ਗਰੁੱਪਾ ਦਾ ਹਿੱਸਾ ਬਣ ਕੇ ਇਸ ਕਲਾ ਨੂੰ ਪੱਕੀ ਆਮਦਨ ਦਾ ਸਾਧਨ ਵੀ ਬਣਾਈ ਬੈਠੇ ਹਨ। ਇਨਾਂ ਲੋਕਾਂ ਦੀ ਬਹੁਤ ਵੱਡੀ ਕਮਾਈ ਤਾਂ ਨਹੀਂ ਹੈ ਪਰ ਰੈਗੂਲਰ ਕੰਮ ਮਿਲਣ ਤੇ ਆਪਣਾ ਡੰਗ ਟਪਾ ਹੀ ਲੇਂਦੇ ਹਨ।ਇੱਥੇ ਸਭ ਤੋਂ ਵੱਧ ਇਨ੍ਹਾਂ ਹੀ ਲੋਕਾਂ ਨੂੰ ਮੁਸ਼ਕਿਲ ਆਈ ਅਤੇ ਅਜੇ ਵੀ ਬਰਕਰਾਰ ਹੈ, ਜਿਨਾਂ ਦਾ ਰੋਟੀ-ਪਾਣੀ ਹੀ ਥਿਏਟਰ ਨਾਲ ਜੁੜਿਆ ਸੀ ਅਤੇ ਲਾਕਡਾਊਨ ਕਰਨ ਹਾਲਤ ਅਜਿਹੀ ਹੋ ਗਈ ਕਿ ਇੱਕ ਟਾਈਮ ਦੀ ਰੋਟੀ ਤੋਂ ਵੀ ਆਤਰ ਹੋਏ ਫ਼ਿਰਦੇ ਹਨ। ਜੇ ਪੰਜਾਬੀ ਰੰਗਮੰਚ ਨਾਲ ਜੁੜੇ ਥੋੜੀ ਕਮਾਈ ਵਾਲੇ ਐਕਟਿਵ ਕਲਾਕਾਰਾਂ ਦੀ ਗੱਲ ਕਰੀਏ ਤਾਂ 2000 ਦੇ ਕਰੀਬ ਤਾਂ ਗਿਣਤੀ ਇਨ੍ਹਾਂ ਦੀ ਵੀ ਹੈ। ਜਿਨ੍ਹਾਂ ਦੀ ਰੋਜ਼ਾਨਾ ਔਸਤ ਆਮਦਨ ਵੀ 500 ਤੋਂ ਘੱਟ ਨਹੀਂ ਹੋਣੀ। 

ਫ਼ਿਲਮ, ਸੰਗੀਤ ਅਤੇ ਰੰਗਮੰਚ ਜਗਤ ਅਜਿਹਾ ਪਲੇਟ ਫਾਰਮ ਹੈ ਜੋ ਸਭ ਦੇ ਮਨੋਰੰਜਨ ਦਾ ਸਾਧਨ ਹੋਣ ਦੇ ਨਾਲ-ਨਾਲ ਸਮਾਜ ਸੁਧਾਰਕ ਵੀ ਹੈ ਅਤੇ ਫ਼ਿਲਮ ਜਗਤ ਤਾਂ ਆਪਣੇ ਕਰੋੜਾ ਦੇ ਟੈਕਸਾਂ ਰਾਹੀ ਅਤੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇ ਕੇ ਸਰਕਾਰ ਦੀ ਵੀ ਸਹਾਇਤਾ ਕਰਦਾ ਹੈ। ਵੱਡੇ ਕਲਾਕਾਰ ਅਤੇ ਪ੍ਰੋਡਕਸ਼ਨ ਹਾਊਸ ਕਰੋੜਾਂ ਦਾ ਟੈਕਸ ਵੀ ਭਰਦੇ ਹਨ। ਪਰ ਅਫਸੋਸ ਕਿ ਜਦੋਂ ਇਨ੍ਹਾਂ ਤੇ ਆਫਤ ਆਈ ਤਾਂ ਸਰਕਾਰ ਸਮੇਤ ਨੂੰ ਕੋਈ ਵੱਡਾ ਦਾਨੀ ਇਨ੍ਹਾਂ ਦੀ ਵਾਤ ਪੁੱਛਣ ਸਾਹਮਣੇ ਨਹੀਂ ਆਇਆ।

ਕਿਉਂਕਿ ਪੰਜਾਬ ਸੰਗੀਤ ਦਾ ਧੁਰਾ ਹੈ ਅਤੇ ਹੋਰ ਕਈ ਲੋਕ ਵੀ ਇਸ ਨਾਲ ਜੁੜ ਕੇ ਵੱਖੋ ਵੱਖ ਤਰੀਕਿਆਂ ਨਾਲ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰਦੇ ਆ ਰਹੇ ਹਨ, ਇਸ ਲਈ ਇਨ੍ਹਾਂ ਲੋਕਾਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਵਿੱਚ ਉਹ ਰਾਗੀ-ਢਾਡੀ ਜੱਥੇ ਜੋ ਕਿਤੇ ਪੱਕੀ ਨੌਕਰੀ ਨਾ ਕਰਕੇ ਕੇ ਸਿਰਫ ਵਿਆਹ-ਸ਼ਾਦੀਆਂ ਅਤੇ ਹੋਰ ਧਾਰਮਿਕ ਸਮਾਗਮਾਂ ਰਾਹੀ ਆਪਣਾ ਪਰਿਵਾਰ ਪਾਲ ਰਹੇ ਹਨ, ਇਨ੍ਹਾਂ ਦੀ ਸਾਰ ਵੀ ਕਿਸੇ ਨਹੀਂ ਲਈ, ਇਨ੍ਹਾ ਦੀ ਗਿਣਤੀ ਵੀ ਪੰਜਾਬ ਵਿੱਚ 500 ਤੋਂ ਘੱਟ ਨਹੀਂ ਹੋਣੀ।

ਇਸ ਤਰਾਂ ਵਿਆਹ-ਸ਼ਾਦੀਆਂ ਅਤੇ ਪ੍ਰੋਗਰਾਮਾਂ ਵਿੱਚ ਸੰਗੀਤ ਗਣਿਆਂ ਉੱਤੇ ਨਾਚ ਪੇਸ਼ ਕਰਨ ਵਾਲੇ ਮੁੰਡੇ-ਕੁੜੀਆਂ ਦੇ ਸੱਭਿਆਚਾਰਕ ਅਤੇ ਵੈਸਟਰਨ ਡਾਂਸ ਗੁੱਰਪ ਜੋਕਿ ਫ਼ਿਲਮਾਂ ਅਤੇ ਗਾਣਿਆਂ ਵਿੱਚ ਵੀ ਲਏ ਜਾਂਦੇ ਹਨ, ਇਹ ਲੋਕ ਵੀ ਬਹੁਤ ਵੱਡੀ ਗਿਣਤੀ ਵਿੱਚ ਹਨ, ਜੋ ਪੂਰੀ ਤਰਾਂ ਬੇਰੁਜ਼ਗਾਰ ਹੋ ਗਏ। ਸ਼ਾਇਦ ਇਨ੍ਹਾ ਲੋਕਾਂ ਤੋਂ ਮਨੋਰੰਜਨ ਦਾ ਲੁਤਫ ਲੈਣ ਵਾਲੇ ਲੋਕ ਇਨ੍ਹਾਂ ਦੀ ਘਰੇਲੂ ਹਾਲਤ ਤੋਂ ਵਾਕਫ ਨਾ ਹੋਣ। 500/600 ਐਕਟਿਵ ਲੋਕ ਤਾਂ ਇਸ ਰੋਜ਼ਗਾਰ ਵਿੱਚ ਵੀ ਹੋਣਗੇ।

ਸੰਗੀਤ ਵਿੱਚ ਹੀ ੳਜ਼ਆਪਣਾ ਰੋਜ਼ਗਾਰ ਬਣਾਈ ਬੈਠੇ ਉਹ ਗਾਇਕ ਕਲਾਕਾਰ ਜੋ ਘੱਟ ਬਜ਼ਟ ਵਿੱਚ ਵਿਆਹ, ਜਗਰਾਤੇ ਅਤੇ ਮੇਲੇ ਆਦਿ ਭੁਗਤਾਉਂਦੇ ਸਨ, ਉਨਾਂ ਦੇ ਨਾਲ ਨਾਲ ਉਨ੍ਹਾਂ ਨਾਲ ਜੁੜੇ ਸਾਜੀ ਅਤੇ ਉਨਾਂ ਦਾ ਦਫਤਰ ਚਲਾਉਣ ਵਾਲਾ ਸਟਾਫ ਵੀ ਵਿਹਲਾ ਹੋ ਗਿਆ, ਦਫ਼ਤਰਾਂ ਦੇ ਕਿਰਾਏ ਸਿਰ ਚੜ੍ਹ ਗਏ। ਇਹ ਉਹ ਲੋਕ ਹਨ ਜਿਨ੍ਹਾਂ ਦੇ ਸਾਈਨ ਬੋਰਡ ਅਸੀਂ ਹਰ ਸ਼ਹਿਰ ਦੇ ਬੱਸ ਅੱਡਿਆ ਤੇ ਅਕਸਰ ਵੇਖਦੇ ਹਾਂ। ਇਹ ਵੀ ਲਾਕਡਾਊਨ ਵਿੱਚ ਇਕ ਅਣਗੋਲਿਆ ਗਿਆ ਗਾਇਕ ਵਰਗ ਹੈ। 500 ਦੇ ਕਰੀਬ ਇਹ ਬੰਦਾ ਵੀ ਸ਼ਾਮਲ ਕਰਨਾ ਬਣਦਾ ਹੈ।

ਸੰਗੀਤ ਨਾਲ ਹੀ ਜੁੜਿਆ ਸਾਜੀਆਂ ਦਾ ਵੀ ਵਰਗ ਹੈ ਜਿਸ ਵਿੱਚ ਵੱਡੇ ਤੋਂ ਲੈ ਕੇ ਛੋਟੇ ਗਾਇਕਾਂ ਦੇ ਪ੍ਰੋਗਰਾਮਾਂ ਲਈ ਪੱਕੇ ਤੌਰ ਤੇ ਸਾਜ ਵਜਾਉਣ ਵਾਲੇ ਅਤੇ ਫ੍ਰੀ ਲਾਂਸਿੰਗ ਵਾਲੇ ਸਾਜੀ ਸ਼ਾਮਲ ਹੋਣ ਦੇ ਨਾਲ ਨਾਲ ਪੇਸ਼ਵਰ ਸਾਜੀਆਂ ਦੇ ਤੌਰ ਤੇ ਵੱਖ ਵੱਖ ਰਿਕਾਰਡਿੰਗ ਸਟੂਡੀਓਜ਼ ਵਿੱਚ ਗੀਤਾਂ ਪਿੱਛੇ ਸਾਜ ਦੀ ਆਵਾਜ਼ ਦਿੰਦੇ ਸਨ ਵੀ ਸਟੂਡੀਓਜ਼ ਅਤੇ ਹੋਰ ਸਾਰੇ ਪ੍ਰੋਗਰਾਮ ਬੰਦ ਹੋਣ ਕਾਰਨ ਘਰੇ ਬੈਠ ਗਏ। 500 ਬੰਦਾ ਤਾਂ ਇਹ ਵੀ ਜੋੜ ਲਵੋ।

ਆਖਰੀ ਗੱਲ ਕਿ ਜੇ ਪੰਜਾਬ ਵਿਚਲੇ ਇਨ੍ਹਾਂ ਉਪਰੋਤਕ ਫ਼ਿਲਮ, ਸੰਗੀਤ ਅਤੇ ਥਿਏਟਰ ਨਾਲ ਵੱਖ ਵੱਖ ਤਰਾਂ ਜੁੜੇ ਲੋਕਾਂ ਦੀ ਔਸਤਨ ਗਿਣਤੀ ਵੈਸੇ ਤਾਂ ਵੱਧ ਬਣਦੀ ਹੈ ਪਰ ਜੇ ਅਸੀ ਕੁੱਲ 5000 ਵੀ ਲਾ ਲਈਏ ਜੋਕਿ ਰੋਜ਼ਾਨਾ ਦੀ ਆਮਦਨ ਤੇ ਗੁਜ਼ਾਰਾ ਕਰਦੇ ਸਨ ਜਿਨ੍ਹਾਂ ਵਿੱਚ ਘੱਟ ਤਨਖਾਹ ਜਾਂ ਠੇਕੇ ਤੇ ਕੰਮ ਕਰਨ ਵਾਲਿਆਂ ਦੀ ਔਸਤਨ ਰੋਜ਼ਾਨਾ ਆਮਦਨ ਵਾਲੇ ਵੀ ਸ਼ਾਮਲ ਕਰਦੇ ਹਨ ਜਿਨ੍ਹਾਂ ਕੋਲ ਕੰਮ ਨਹੀਂ ਰਿਹਾ ਅਤੇ ਇਨ੍ਹਾਂ ਸਾਰਿਆਂ ਦੀ ਜੇ 1100 ਰੁਪਏ ਪ੍ਰਤੀ ਦਿਨ ਪ੍ਰਤੀ ਬੰਦਾ ਘੱਟੋ ਘੱਟ ਆਮਦਨ ਵੀ ਗਿਣ ਲਾਈਏ ਤਾਂ ਇੱਕ ਦਿਨ ਦਾ 55 ਲੱਖ ਬਣਦਾ ਹੈ ਅਤੇ 30 ਦਿਨਾਂ ਦਾ ਬਣਿਆਂ 16 ਕਰੋੜ 50 ਲੱਖ ਅਤੇ ਇਸ ਨੂੰ ਲਾਕਡਾਊਨ-ਬੇਰੁਜ਼ਗਾਰੀ ਦੇ 6 ਮਹੀਨਿਆਂ ਨਾਲ ਗੁਣਾ ਕਰੀਏ ਤਾਂ ਇਹ ਬਣਦਾ ਹੈ 99 ਕਰੋੜ ਰੁਪਈਆ। ਹੋ ਸਕਦਾ ਹੈ ਕਿ ਉਪਰੋਕਤ ਖੇਤਰ ਨਾਲ ਜੁੜੇ ਕਿਸੇ ਨਾ ਕਿਸੇ ਵਿਅਕਤੀ ਬਾਰੇ ਲਿਖਣਾ ਸ਼ਾਇਦ ਆਪਾਂ ਭੁੱਲ ਗਏ ਹੋਈਏ ਪਰ ਅਸੀ ਇਨਾਂ ਲੋਕਾਂ ਨੂੰ ਲਾਕਡਾਊਨ ਕਾਰਨ ਪਏ ਪਿਛਲੇ 6 ਮਹੀਨਿਆਂ ਦੇ ਔਸਤਨ ਘਾਟੇ 100 ਦੇ ਕਰੀਬ ਵਿੱਚ ਜ਼ਰੂਰ ਗਣਿਆ ਹੈ।ਜਿਸ ਦੀ ਕਿ ਕੋਈ ਸਾਰ ਲੈਣ ਨੂੰ ਤਿਆਰ ਨਹੀਂ। ਇਸ ਖੇਤਰ ਨਾਲ ਜੁੜੇ ਇਨ੍ਹਾ 5000 ਲੋਕਾਂ ਦੇ ਨਾਲ ਇਨ੍ਹਾਂ ਤੇ ਨਿਰਭਰ ਪਰਿਵਾਰਕ ਮੇਬਰਾਂ ਦੀ ਔਸਤ 4 ਜਣੇ ਪ੍ਰਤੀ ਕਾਮਾ ਵੀ ਲਾਈਏ ਤਾਂ ਪ੍ਰਭਾਵਿਤ ਲੋਕਾਂ ਦੀ ਗਿਣਤੀ 2 ਲੱਖ ਹੋ ਜਾਵੇਗੀ।

ਅਸੀ ਤਾਂ ਇਸ ਖੇਤਰ ਨਾਲ ਜੁੜੇ ਸਿਰਫ ਪੰਜਾਬ ਦੇ 5000 ਲੋਕਾਂ ਅਤੇ 2 ਲੱਖ ਪ੍ਰਭਾਵਿਤ ਪਰਿਵਾਰਕ ਮੈਬਰਾਂ ਦੀ ਗੱਲ ਹੀ ਕੀਤੀ ਹੈ ਅਤੇ ਜੇ ਇਸ ਡਾਟੇ ਨੂੰ ਮੁੰਬਈ, ਸਾਊਥ ਸਿਨੇਮਾ ਅਤੇ ਭਾਰਤ ਦੇ ਬਾਕੀ ਰਾਜਾਂ ਵਿੱਚਲੇ ਐਕਟਿਵ ਲੋਕਾਂ ਨਾਲ ਗੁਣਾ ਕਰੀਏ ਤਾਂ ਸੋਚ ਕੇ ਵੇਖੋ ਗੱਲ ਕਿੱਥੇ ਜਾਂਦੀ ਹੈ।

ਇਨ੍ਹਾਂ ਲੋਕਾਂ ਦੀ ਨਿੱਜੀ ਮਦਦ ਲਈ ਪੰਜਾਬ ਵਿੱਚ ਨੌਰਥ ਜ਼ੋਨ ਫ਼ਿਲਮ ਅਤੇ ਟੀ.ਵੀ.ਕਲਾਕਾਰ ਸੰਸਥਾ ਨੇ ਕੁੱਝ ਨਿੱਤ ਕਮਾ ਕੇ ਖਾਣ ਵਾਲਿਆਂ ਦੀ ਮਦਦ ਲਈ ਪਹਿਲ ਕਦਮੀ ਕੀਤੀ ਅਤੇ ਕੁਝ ਹੋਰ ਕਲਾਕਾਰ ਵੀ ਸਾਹਮਣੇ ਆਏ ਜਿਨ੍ਹਾਂ ਨੇ ਰਾਸ਼ਨ ਵਗੈਰਾ ਦੀ ਮਦਦ ਕੀਤੀ। ਹੋ ਸਕਦਾ ਹੈ ਕੁਝ ਲੋਕਾਂ ਨੇ ਗੁਪਤ ਮਦਦ ਵੀ ਕੀਤੀ ਹੋਵੇ, ਜੋ ਕਿ ਰਾਹ ਦਸੇਰਾ ਅਤੇ ਸ਼ਲਾਘਾਯੋਗ ਉਪਰਾਲਾ ਸੀ ਪਰ ਉਪਰੋਕਤ ਐਡੇ ਵੱਡੇ ਸੰਕਟ ਚੋਂ ਐਨੇ ਲੋਕਾਂ ਨੂੰ ਕੱਢਣਾ ਕੋਈ ਸੌਖੀ ਗੱਲ ਨਹੀ।

ਇਸੇ ਤਰਾਂ ਰੰਗਕਰਮੀਆਂ ਦੀ ਮਦਦ ਲਈ ਕੋਈ ਥਿਏਟਰ ਜਗਤ ਨਾਲ ਜੁੜੀ ਸੰਸਥਾ ਵੀ ਖੁੱਲ੍ਹ ਕੇ ਸਾਹਮਣੇ ਆਈ ਦਿਖਾਈ ਨਹੀਂ ਦਿੱਤੀ, ਜੇ ਕਿਸੇ ਨੇ ਗੁਪਤ ਮਦਦ ਕੀਤੀ ਹੋਵੇ ਤਾਂ ਪਤਾ ਨਹੀਂ। ਵੈਸੇ ਥਿਏਟਰ ਗਤੀਵਿਧੀਆਂ ਤੋਂ ਕਮਾਈ ਕਰਨ ਵਾਲੇ ਕਈ ਲੋਕਾਂ ਦੀਆਂ ਉਦਹਾਰਣਾ ਸਾਹਮਣੇ ਹਨ। ਖੈਰ ਹੁਣੇ ਜਿਹੇ ਪਰਮਜੀਤ ਸਿੰਘ-ਰੇਨੂੰ ਸਿੰਘ ਰੰਗਮੰਚ ਸੰਗੀਤਕਾਰ ਜੋੜੀ (ਯੂ.ਐਸ.ਏ-ਕੂਲ ਪੰਜਾਬੀ ਵਿਰਸਾ ਗੁਰੱਪ ਅਤੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਦੇਵ ਦਰਦ ਵਲੋਂ ਅੰਮ੍ਰਿਤਸਰ ਵਿਖੇ ਨਿੱਜੀ ਤੌਰ ਤੇ ਕੁੱਝ ਜ਼ਰੂਰਤਮੰਦ ਰੰਗਰਮੀਆਂ ਦੀ ਕੈਸ਼ ਮਦਦ ਕਰਨ ਲਈ ਪਹਿਲਕਦਮੀ ਜ਼ਰੂਰ ਕੀਤੀ ਹੈ ਜੋਕਿ ਕਾਬਿਲ-ਏ-ਤਰੀਫ ਹੈ।

ਬੇਰੁਜ਼ਗਾਰ ਹੋਏ ਰਾਗੀਆਂ-ਢਾਡੀਆਂ ਦੀ ਤਾਂ ਸ਼੍ਰੋਮਣੀ ਕਮੇਟੀ ਵੀ ਮਦਦ ਕਰ ਸਕਦੀ ਸੀ, ਜਾਂ ਕੋਈ ਹੋਰ ਉੱਚ ਧਾਰਮਿਕ ਸੰਸਥਾ, ਪਰ ਕੋਈ ਵੀ ਸਾਹਮਣੇ ਆਇਆ ਨਜ਼ਰ ਨਹੀਂ ਆਇਆ। ਨਜ਼ਫਟਾ ਤੋਂ ਇਲਾਵਾ ਪੰਜਾਬ ਵਿੱਚ ਫ਼ਿਲਮ, ਸੰਗੀਤ ਅਤੇ ਥਿਏਟਰ ਜਗਤ ਨਾਲ ਜੁੜੀਆਂ ਇਨ੍ਹਾਂ ਲੋਕਾਂ ਦੀਆਂ ਕੋਈ ਮਜਬੂਤ ਜੱਥੇਬੰਦੀਆਂ ਵੀ ਨਹੀਂ ਹਨ, ਜੋ ਵੇਲੇ-ਕੁਵੇਲੇ ਇਸ ਵਿਚਲੇ ਡੇਲੀ-ਕਮਾਊ ਕਾਮੇ ਵਰਗ ਦੀ ਮਦਦ ਕਰ ਸਕਣ। ਹਾਂ ਹੁਣ ਕੋਸ਼ਿਸ਼ਾਂ ਜ਼ਰੂਰ ਹੋ ਰਹੀਾਆਂ ਹਨ। ਇਸ ਖੇਤਰ ਨਾਲ ਕੁੱਝ ਮੀਡੀਅਮ ਕਲਾਸ ਟਾਈਪ ਜੁੜੇ ਲੋਕਾਂ ਦੀ ਅਜਿਹੀ ਤਰਸਯੋਗ ਸਥਿਤੀ ਵੀ ਸਾਹਮਣੇ ਆਈ ਜੋ ਆਪਣੇ ਮੂੰਹੋਂ ਮੰਗ ਵੀ ਨਹੀਂ ਸਕਦੇ, ਉਨਾਂ ਲੋਕਾਂ ਦੇ ਹਾਲਾਤ ਬਾਰੇ ਵੀ ਸੋਚ ਕੇ ਵੇਖੋ।  

ਸਾਡੇ ਸੁਚਨਾ ਪ੍ਰਸਾਰਨ ਮੰਤਰਾਲੇ ਅਤੇ ਮਨੋਰੰਜਨ ਵਿਭਾਗ ਨਾਲ ਜੁੜੇ ਸਰਕਾਰੀ ਲੋਕ ਤਾਂ ਅਜਿਹੇ ਲੋਕਾਂ ਦੀ ਬੇਰੁਜ਼ਗਾਰੀ ਤੋਂ ਬਿੱਲਕੁੱਲ ਹੀ ਅਣਜਾਨ ਹੋਣਗੇ ਜਦਕਿ ਕਿ ਇਸ ਮਨੋਰੰਜਨ ਜਗਤ ਦਾ ਤਾਂ ਕਈ ਤਰਾਂ ਦੇ ਟੈਕਸਾਂ ਰਾਹੀ ਸਰਕਾਰਾਂ ਨੂੰ ਪ੍ਰਗਤੀ ਨਾਲ ਚਲਾਉਣ ਵਿੱਚ ਬਹੁਤ ਵੱਡਾ ਅਤੇ ਅਹਿਮ ਯੋਗਦਾਨ ਹੈ। ਇਸ ਲਈ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਇਨ੍ਹਾਂ ਨੂੰ ਰਾਹਤ ਦੇਣ ਬਾਰੇ ਗੰਬੀਰਤਾ ਨਾਲ ਸੋਚਣ ਦੀ ਲੋੜ ਹੈ।

ਅਜੇ ਵੀ ਹਾਲਾਤ ਮਨੋਰੰਜਨ ਜਗਤ ਦੇ ਹੱਕ ਵਿੱਚ ਨਹੀਂ ਹਨ। ਕੋਰੋਨਾ ਮਹਾਮਾਰੀ ਕਾਰਨ ਲੋਕ ਡਰੇ ਤੇ ਘਬਰਾਏ ਹੋਏ ਹਨ, ਕੋਈ ਵੱਡਾ ਫੰਕਸ਼ਨ ਜਾਂ ਥਿਏਟਰ ਗਤੀਵਿਧੀ ਨਹੀਂ ਹੋ ਰਹੀ। ਫ਼ਿਲਮਾਂ ਦੀ ਸ਼ੂਟਿੰਗ ਵੀ ਜੰਗੀ ਪੱਧਰ ਤੇ ਸ਼ੁਰੂ ਨਹੀਂ ਹੋਈ ਜਿਸ ਕਾਰਨ ਇਸ ਨਾਲ ਜੁੜੇ ਲੋਕ ਅਜੇ ਵੀ ਵਿਹਲੇ ਹਨ। ਥਿਏਟਰ ਅੱਧੀ ਕਪੈਸਟੀ ਨਾਲ ਖੁੱਲ੍ਹਣ ਦੇ ਐਲਾਨ ਤੇ ਇਨਾਂ ਦਾ ਭਵਿੱਖ ਵੀ ਅਜੇ ਧੁੰਦਲਾ ਨਰਜ਼ ਆ ਰਿਹਾ ਹੈ। ਕਮਾਈ ਤਾਂ ਦੂਰ ਦੀ ਗੱਲ ਅਜੇ ਤਾਂ ਫ਼ਿਲਮ ਨਿਰਮਾਤਾ ਨੂੰ ਆਪਣੀ ਫ਼ਿਲਮ ਲਾਗਤ ਅਤੇ ਸਿਨੇਮਾ ਘਰਾਂ ਵਾਲਿਆਂ ਨੂੰ ਆਪਣੇ ਖਰਚੇ ਨਾ ਪੂਰੇ ਹੋਣ ਦਾ ਖਤਰਾ ਹੈ। ਇਸ ਲਈ ਸਕਕਾਰਾਂ ਇਨ੍ਹਾਂ ਲੋਕਾਂ ਦਾ ਭਵਿੱਖ ਬਚਾਉਣ ਲਈ ਕੋਈ ਸੋਲਿਡ ਨੀਤੀ ਅਪਣਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਕੁਝ ਸਿਨੇਮਾ ਘਰ ਅਤੇ ਇਸ ਪੂਰੇ ਖੇਤਰ ਨਾਲ ਜੁੜੇ ਹੋਰ ਵੀ ਕਾਰੋਬਾਰ ਬੰਦ ਹੋ ਜਾਣਗੇ ਅਤੇ ਬੇਰੁਜ਼ਗਾਰੀ ਹੋਰ ਵਧੇਗੀ।

-ਦਲਜੀਤ ਅਰੋੜਾ।

Comments & Suggestions

Comments & Suggestions

About the author

admin