`ਲਾਵਾਂ ਫੇਰੇ` ਜਿਹੋ ਜਿਹੀ ਵੀ ਹੈ, ਦਰਸ਼ਕਾਂ ਦੇ ਫੈਸਲੇ ਨੂੰ ਅਣਗੋਲਿਆ ਨਹੀਂ ਜਾ ਸਕਦਾ।

By  |  0 Comments

ਵੈਸੇ ਤਾਂ ਇਸ ਫ਼ਿਲਮ ਦਾ ਰਿਵਿਊ ਕਾਫ਼ੀ ਲੋਕ ਲਿੱਖ ਚੁੱਕੇ ਹਨ ਕੁਝ ਅਧਿਕਾਰਿਤ ਤੇ ਕੁਝ ਅਖੌਤੀ ਸਮੀਖਿਅਕ, ਪਰ ਸਾਡੇ ਪਾਠਕਾਂ ਨੂੰ ‘ਪੰਜਾਬੀ ਸਕਰੀਨ’ ਦੀ ਫ਼ਿਲਮ ਸਮੀਖਿਆ ਦਾ ਵੀ ਇੰਤਜ਼ਾਰ ਰਹਿੰਦਾ ਹੈ, ਇਸ ਫਿਲਮ ਦੇ ਰਿਵਿਊ ’ਚ ਦੇਰੀ ਦਾ ਕਾਰਨ ਇਹ ਹੈ ਕਿ ਇਸ ਦੇ ਟ੍ਰੇਲਰ ਤੋਂ ਇੰਪਰੈਸ ਹੋ ਕੇ ਪਰਿਵਾਰ ਨਾਲ ਫ਼ਿਲਮ ਵੇਖਣ ਦਾ ਮਨ ਸੀ, ਇਸ ਕਰਕੇ ਫ਼ਿਲਮ ਲੇਟ ਵੇਖੀ।, ਖ਼ੈਰ ‘ਪੰਜਾਬੀ ਸਕਰੀਨ’ ਨੂੰ ਛੇਤੀ-ਛੇਤੀ ਫ਼ਿਲਮ ਸਮੀਖਿਆ ਲਿਖ ਕੇ ਸ਼ੋਸ਼ਲ ਮੀਡੀਆ ’ਤੇ ਨੰਬਰ ਬਣਾਉਣ ਦੀ ਕਦੇ ਕਾਹਲੀ ਵੀ ਨਹੀਂ ਰਹੀ।
ਹੁਣ ਗੱਲ ਕਰਦੇ ਫ਼ਿਲਮ ਸਮੀਖਿਆ ਦੀ, ਇਹ ਇਕ ਇਤਿਹਾਸਕ ਸੱਚਾਈ ਹੈ ਕਿ 100 ਸਾਲ ਦੇ ਸਿਨੇਮਾ ਇਤਿਹਾਸ ਵਿਚ ਅੱਜ ਤੱਕ ਦਰਸ਼ਕਾਂ ਦੀ ਨਬਜ਼ ਕੋਈ ਨਹੀਂ ਫੜ੍ਹ ਸਕਿਆ, ਕੁਝ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਨੂੰ ਕਿਹੜੀ ਚੀਜ਼ ਪਸੰਦ ਆ ਜਾਵੇ ਤੇ ਕਿਸ ਨੂੰ ਮੁੱਢੋਂ ਨਕਾਰ ਦੇਣ, ਇਸ ਦੀ ਤਾਜ਼ਾ ਉਦਾਹਰਣ ਫ਼ਿਲਮ ’ਲਾਵਾਂ ਫੇਰੇ’ ਹੈ। ਫ਼ਿਲਮ ਵੇਖਣ ਉਪਰੰਤ ਦੋਚਿੱਤੀ ਵਿਚ ਸੀ ਕਿ ਕੀ ਲਿਖਾਂ ਤੇ ਕੀ ਨਾ ਲਿਖਾਂ, ਕਿੳਂੁਕਿ ਨਾ ਤਾਂ ਫ਼ਿਲਮ ਮਾੜੀ ਲੱਗੀ ਅਤੇ ਨਾ ਹੀ ਬਹੁਤੀ ਵਧੀਆ! ਇਸੇ ਲਈ ਦਰਸ਼ਕਾਂ ਦੀ ਪਸੰਦ ਨੂੰ ਪਹਿਲ ਦੇਣਾ ਹੀ ਠੀਕ ਸਮਝ ਰਿਹਾ ਹਾਂ, ਕਿੳਂੁਕਿ ਅਸਲ ਵਿਚ ਸਿਨੇਮਾ ਤਾਂ ਦਰਸ਼ਕਾਂ ਨਾਲ ਹੀ ਟਿਕਿਆ ਹੈ। ਸਭ ਤੋਂ ਪਹਿਲਾਂ ਗੱਲ ਫ਼ਿਲਮ ਦੀ ਕਹਾਣੀ ਅਤੇ ਲੇਖਕ ਦੀ। ਵੈਸੇ ਤਾਂ ਫ਼ਿਲਮ ਦੀ ਕਹਾਣੀ ਕੋਈ ਹੈ ਹੀ ਨਹੀਂ, ਸਿਰਫ਼ ਇਕ ਛੋਟੇ ਜਿਹੇ ਪਲਾਟ ਨੂੰ ਖਿੱਚ ਕੇ ਫ਼ਿਲਮੀ ਕਹਾਣੀ ਦਾ ਰੂਪ ਦਿੱਤਾ ਗਿਆ ਹੈ, ਕਿ ਜਦ ਇਕ ਪਰਿਵਾਰ ਆਪਣੇ ਜਵਾਈਆਂ ਨੂੰ ਦੱਸੇ ਬਿਨਾਂ ਆਪਣੇ ਮੁੰਡੇ ਦਾ ਰਿਸ਼ਤਾ ਕਰ ਦਿੰਦਾ ਹੈੈ, ਤਾਂ ਮੁੰਡੇ ਦੇ ਜੀਜੇ ਵਿਆਹ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੀ ਹੈਂਕੜਬਾਜੀ ਕਾਰਨ ਕੀ-ਕੀ ਡਰਾਮੇ ਕਰਦੇ ਹਨ। ਬਾਕੀ ਕਹਾਣੀਕਾਰ ਪਾਲੀ ਭੁਪਿੰਦਰ ਬਾਰੇ ਇਹ ਕਹਿਣਾ ਕਿ ਓਹ ਛਲਾਂਗ ਮਾਰ ਕੇ ਸੰਜੀਦਾ ਲੇਖਣੀ ਤੋਂ ਕਮੇਡੀ ਵੱਲ ਆਇਆ ਹੈ ਤਾਂ ਇਹ ਸਰਾਸਰ ਗਲਤ ਹੈ, ਸ਼ਾਇਦ ਕਿਸੇ ਨੇ ਉਸ ਦੀ ਲਿਖੀ ਅਤੇ ਨਿਰਦੇਸ਼ਤ ਕੀਤੀ ਪੰਜਾਬੀ ਫ਼ਿਲਮ ‘ਸਟੂਪਿਡ ਸੈਵਨ’ ਨਹੀਂ ਦੇਖੀ ਹੋਵੇਗੀ ਅਤੇ ਨਾ ਹੀ ਉਸ ਦਾ ਲਿਖਿਆ ਕਾਮਯਾਬ ਨਾਟਕ ਆਰ. ਐਸ. ਵੀ. ਪੀ. ਵੇਖਿਆ ਹੈ, ਜਿਸ ਵਿਚ ਭਰਪੂਰ ਵਿਅੰਗਮਈ ਅਤੇ ਹਾਸਰਸ ਸੰਵਾਦ ਸਨ ਅਤੇ ‘ਲਾਵਾਂ ਫੇਰੇ’ ਵਿਚ ਵੀ ਉਸ ਨੇ ਆਪਣੇ ਆਲੇ-ਦੁਆਲੇ ਵਿਚਰਦੇ ਸਮਾਜਿਕ ਰਿਸ਼ਤਿਆਂ ’ਚੋਂ ਅਸਲੀਅਤ ਵਿਚ ਝਲਕਦੀ ਕਮੇਡੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਵੱਖਰੀ ਗੱਲ ਹੈ ਕਿ ਵੱਡੇ ਕਲਾਕਾਰ ਅੱਜ ਕੱਲ ਆਪਹੁਦਰੀਆਂ ਕਰਨ ਲੱਗ ਪਏ ਹਨ ਅਤੇ ਕਿਤੇ ਨਾ ਕਿਤੇ ਲੇਖਕ ਨੂੰ ਉਨ੍ਹਾਂ ਦੀ ਗੱਲ ਮਜਬੂਰੀ ਵੱਸ ਮੰਨਣੀ ਪੈਂਦੀ ਹੈ ਜੋ ਕਿ ਇਸ ਫ਼ਿਲਮ ਵਿਚ ਵੀ ਹੋਇਆ ਲੱਗਦਾ ਹੈ।
ਬਾਕੀ ਜੇ ਫ਼ਿਲਮ ਦੇ ਕੰਨਸੈਪਟ ਦੀ ਗੱਲ ਕਰੀਏ ਤਾਂ ਜਸਪਾਲ ਭੱਟੀ ਦੀ ਫ਼ਿਲਮ ‘ਜੀਜਾ ਜੀ’ ਭਾਵੇਂ ਛੋਟੀ ਫ਼ਿਲਮ ਸੀ ਪਰ ਅਜੇ ਤੱਕ ਜੀਜੇ ਦੇ ਕਰੈਕਟਰ ਨੂੰ ਜਸਪਾਲ ਭੱਟੀ ਨਾਲੋਂ ਵਧੀਆ ਢੰਗ ਨਾਲ ਕੋਈ ਨਹੀਂ ਸਜੀਵ ਕਰ ਸਕਿਆ।
ਪਰ ਪਾਲੀ ਭੁਪਿੰਦਰ ਵਰਗੇ ਲੇਖਕ ਕੋਲ ਇੰਨੀ ਸਮਰੱਥਾ ਜ਼ਰੂਰ ਹੈ ਕਿ ਉਹ ਸਮਾਜ ਦੇ ਕਿਸੇ ਵੀ ਵਿਸ਼ੇ ’ਤੇ ਇਕ ਵਧੀਆ ਫ਼ਿਲਮ ਲਿਖ ਸਕਦਾ ਹੈ, ਭਾਵੇਂ ਕੋਈ ਸੰਜੀਦਾ ਸਬਜੈਕਟ ਹੋਵੇ ਜਾਂ ਕਮੇਡੀ, ਸ਼ਰਤ ਹੈ ਕਿ ਦਖਲ ਅੰਦਾਜ਼ੀ ਨਾ ਹੋਵੇ। ਵੈਸੇ ਕਮੇਡੀ ਫ਼ਿਲਮ ਵੇਖਣ ਲਈ ਦਿਮਾਗ ਨੂੰ ਜ਼ਿਆਦਾ ਵਰਤਣ ਦੀ ਲੋੜ ਨਹੀਂ ਹੁੰਦੀ, ਫ਼ਿਲਮ ਦੇ ਮਨੋਰੰਜਨ ਭਰਪੂਰ ਦਿ੍ਰਸ਼ਾਂ ਦਾ ਲੁਤਫ਼ ਲੈਣਾ ਹੀ ਕਾਫ਼ੀ ਹੁੰਦਾ ਹੈ। ਫ਼ਿਲਮ ਵਿਚਲੀਆਂ ਊਣਤਾਈਆਂ, ਕਮਜ਼ੋਰੀਆਂ ਦੀ ਗੱਲ ਕਰਨ ਦੀ ਸ਼ਾਇਦ ਲੋੜ ਨਹੀਂ, ਕਿਉਂਕਿ ਫ਼ਿਲਮ ਲਿਬਰਟੀ ਅਤੇ ਦਲੀਲਾਂ ਕਿਸੇ ਵੀ ਫ਼ਿਲਮ ਵਿਚ, ਖਾਸ ਤੌਰ ’ਤੇ ਕਮੇਡੀ ਫ਼ਿਲਮ ਵਿਚ ਇਕੱਠਿਆਂ ਨਹੀਂ ਚੱਲ ਸਕਦੀਆਂ। ਸ਼ਾਇਦ ਇਸੇ ਕਰਕੇ ਫ਼ਿਲਮ ਨੇ ਥੋੜੇ੍ਹ ਦਿਨਾਂ ਵਿਚ ਵਧੀਆ ਕੁਲੈਕਸ਼ਨ ਕਰ ਲਈ ਹੈ।
ਬਾਕੀ ਜੇ ਫ਼ਿਲਮ ਦੀ ਸਟਾਰਕਾਸਟ ਅਤੇ ਉਨ੍ਹਾਂ ਦੁਆਰਾ ਨਿਭਾਏ ਕਿਰਦਾਰਾਂ ਦੀ ਗੱਲ ਕਰੀਏ ਤਾਂ ਪੰਜ ਸੱਤ ਐਕਟਰ ਓਵਰ ਐਕਟਿੰਗ ਕਰਦੇ ਨਜ਼ਰ ਆਏ ਜਦ ਕਿ ਉਹ ਵੈਸੇ ਹੀ ਵਧੀਆ ਐਕਟਰ ਹਨ, ਪਰ ਉਨ੍ਹਾਂ ਤੋਂ ਕੰਮ ਲੈਣਾ ਤਾਂ ਡਾਇਰੈਕਟਰ ਦਾ ਕੰਮ ਹੈ। ਕਰਮਜੀਤ ਅਨਮੋਲ ਨੂੰ ਟੇਢੇ ਮੂੰਹ ਵਾਲੇ ਕਰੈਕਟਰ ਵਿਚ ਫਸਣ ਦੀ ਲੋੜ ਨਹੀਂ ਸੀ। ਉਹ ਤਾਂ ਵੈਸੇ ਹੀ ਵਧੀਆ ਪ੍ਰਫੋਰਮਰ ਹੈ ਗੁਰਪ੍ਰੀਤ ਘੁੱਗੀ ਦੀ ਤਰ੍ਹਾਂ, ਉਹ ਤਾਂ ਕੋਈ ਵੀ ਕਿਰਦਾਰ ਅਪਣਾ ਸਕਦਾ ਸੀ। ਬਾਕੀ ਰੌਸ਼ਨ ਪਿੰ੍ਰਸ ਮੁੜ ਪਹਿਲਾਂ ਵਰਗਾ ਹੀ ਰਿਹਾ, ਲਗਦੈ ਹੈ ਉਸ ਨੂੰ ਇਸ ਹਿੱਟ ਫ਼ਿਲਮ ਤੋਂ ਵੀ ਕੋਈ ਬਹੁਤਾ ਫਾਇਦਾ ਨਹੀਂ ਹੋਣ ਵਾਲਾ, ਕਿੳਂੁਕਿ ਉਸ ਨੂੰ ਤਾਂ ਬਹੁਤੀ ਪ੍ਰਫੌਰਮੈਂਸ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਨਾ ਹੀ ਰੁਬੀਨਾ ਨੂੰ। ਬਾਕੀ ਐਕਟਰਾਂ ਨੇ ਵੀ ਆਪੋ-ਆਪਣੇ ਕਿਰਦਾਰ ਨਿਰਦੇਸ਼ਕ ਦੀਆਂ ਹਦਾਇਤਾਂ ਮੁਤਾਬਕ ਠੀਕ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਇਕ ਖਾਸ ਗੱਲ ਹੋਰ ਕਿ ਇਸ ਫ਼ਿਲਮ ਨੂੰ ਵਿਦੇਸ਼ ਵਿਚ ਫ਼ਿਲਮਾਉਣ ਦਾ ਫੰਡਾ ਸਮਝ ਤੋਂ ਬਾਹਰ ਨਿਕਲਿਆ। ਨਿਰਮਾਤਾ-ਨਿਰਦੇਸ਼ਕ ਦਾ ਕੋਈ ਹੋਰ ਖਾਸ ਆਰਥਿਕ ਮਕਸਦ ਹੋਵੇ ਤਾਂ ਕਹਿ ਨਹੀਂ ਸਕਦੇ, ਵਰਨਾ ਮੋਰੇਸ਼ਿਅਸ ਵਰਗੀ ਜੰਨਤ ਦਾ ਨਜ਼ਾਰਾ ਜੇ ਦਰਸ਼ਕਾਂ ਨੂੰ ਵਿਖਾਉਣਾ ਹੀ ਨਹੀਂ ਸੀ ਤਾਂ ਉਨ੍ਹਾਂ ਨੂੰ ਲੁਭਾਇਆ ਕਿਉਂ ? ਪਹਿਲੀ ਵਾਰ ਵੇਖਿਆ ਗਿਆ ਕਿ ਕਿਸੇ ਫ਼ਿਲਮ ਦੀ ਸ਼ੂਟਿੰਗ ਵਿਦੇਸ਼ ਜਾ ਕੇ ਵੀ ਘਰਾਂ ’ਚ ਵੜ੍ਹ ਕੇ ਕੀਤੀ ਗਈ ਹੈ!
ਜੇ ਫ਼ਿਲਮ ਦੇ ਸੰਗੀਤ ਦੀ ਗੱਲ ਕੀਤੀ ਜਾਏ ਤਾਂ ਇਕ ਦੋ ਗੀਤ ਹੀ ਜ਼ਿਕਰਯੋਗ ਹਨ, ਗਿੱਪੀ ਗਰੇਵਾਲ ਵਾਲਾ ਗੀਤ ‘28 ਕਿੱਲੇ’ ਤਾਂ ਬਹੁਤ ਵਧੀਆ ਹੈ ਪਰ ਇਸ ਨੂੂ ਰੌਸ਼ਨ ਪਿ੍ਰੰਸ ’ਤੇ ਫ਼ਿਲਮਾਇਆ ਜਾਣਾ ਸਮਝੌਤੇ ਵਾਲੀ ਗੱਲ ਲੱਗੀ।
21 ਐਕਟਰਾਂ ਦੇ ਸ਼ਗਨਾਂ ਵਾਲੀ ਫ਼ਿਲਮ ‘ਲਾਵਾਂ ਫੇਰੇ’ ਨੂੰ ਪਹਿਲੇ ਤਿੰਨ ਦਿਨਾਂ ’ਚ ਦੇਸ਼-ਵਿਦੇਸ਼ ਦੇ ਦਰਸ਼ਕਾਂ ਵੱਲੋਂ 5 ਕਰੋੜ ਤੋਂ ਵੱਧ ਦੇ ਵਾਰੇ ਫੇਰੇ ਹੋਏ ਅਤੇ ਸਾਰਾ ਹਫ਼ਤਾ ਹੀ ਦਰਸ਼ਕਾਂ ਦੀ ਭਰਮਾਰ ਰਹੀ। ਲਗਦਾ ਹੈ ਕਿ ਜੇ ਪੰਜਾਬੀ ਦਰਸ਼ਕ ਇਸ ਫ਼ਿਲਮ ’ਤੇ ਇਸੇ ਤਰ੍ਹਾਂ ਹੀ ਫਿਦਾ ਰਹੇ ਤਾਂ ਨਿਰਮਾਤਾ ਕਰਮਜੀਤ ਅਨਮੋਲ ਅਤੇ ਸਾਥੀਆਂ ਦੇ ਵਾਰੇ ਨਿਆਰੇ ਹੋਣ ਦੀ ਆਸ ਹੈ, ਕਿਉਂਕਿ ਇਸ ਫ਼ਿਲਮ ’ਤੇ ਵਿਦੇਸ਼ ’ਚ ਸ਼ੂਟਿੰਗ ਕਰਕੇ ਵੀ ਬਹੁਤਾ ਖਰਚਾ ਨਹੀਂ ਕੀਤਾ ਗਿਆ।
ਇਸ ਫ਼ਿਲਮ ਨੂੰ ‘ਪੰਜਾਬੀ ਸਕਰੀਨ’ ਵੱਲੋਂ ਬਤੌਰ ਕਿ੍ਰਟਿਕ ਢਾਈ ਸਟਾਰ ਅਤੇ ਕਿਉਂਕਿ ਇਹ ਫ਼ਿਲਮ ਦਰਸ਼ਕਾਂ ਦੀ ਪਸੰਦ ਬਣੀ ਹੈ, ਇਸ ਲਈ ਦਰਸ਼ਕ ਚੋਆਇਸ ਡੇਢ ਸਟਾਰ ਹੋਰ ਦਿੰਦੇ ਹੋਏ ਟੋਟਲ ਚਾਰ ਤਾਰਿਆਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਅਲਬੱਤਾ, ਫ਼ਿਲਮ ਦੀ ਆਰਥਿਕ ਕਾਮਯਾਬੀ ਲਈ ਸਾਰੀ ਫ਼ਿਲਮ ਟੀਮ ਨੂੰ ਮੁਬਾਰਕਾਂ!

 

-ਦਲਜੀਤ ਸਿੰਘ ਅਰੋੜਾ।

Comments & Suggestions

Comments & Suggestions