ਸਾਂਝੀ ਫ਼ਿਲਮ ਸਮੀਖਿਆ Film Review ‘Lover’ & ‘Khaao Piyo Aish Karo’ ‘ਲਵਰ’ ਅੱਗੇ ਫਿੱਕੀ ਪੈ ਗਈ ‘ਖਾਓ ਪੀਓ ਅਸ਼ੈ ਕਰੋ’

By  |  0 Comments

ਹਾਲਾਂਕਿ ਦੋਨਾਂ ਫ਼ਿਲਮਾਂ ਦੇ ਵਿਸ਼ਿਆਂ ਨੂੰ ਲੈ ਕੇ ਤਾਂ ਇਹਨਾਂ ਦੀ ਆਪਸੀ ਕੋਈ ਤੁਲਨਾ ਨਹੀਂ ਬਣਦੀ ਹੈ ਪਰ ਇਹ ਗੱਲ ਸਿਰਫ ਉਹਨਾਂ ਆਮ ਦਰਸ਼ਕਾਂ ਦੇ ਹੁੰਗਾਰੇ ਦੀ ਹੈ, ਜਿਹਨਾਂ ਦਾ ਮਤਲਬ ਸਿਰਫ ਪੰਜਾਬੀ ਫਿ਼ਲਮਾਂ ਦੇਖਣ ਨਾਲ ਹੈ, ਨਾ ਕਿ ਛੋਟੇ-ਵੱਡੇ ਸਟਾਰਾਂ ਨਾਲ।
ਭਾਵੇਂ ਕਿ ਫ਼ਿਲਮ ‘ਲਵਰ’ ਦੀ ਕਹਾਣੀ ਵੀ ਕੋਈ ਨਵੀਂ ਨਾ ਹੋ ਕਿ ਕਈ ਪੁਰਾਣੀਆਂ ਹਿੰਦੀ ਫਿ਼ਲਮਾਂ ਦਾ ਜੋੜ-ਤੋੜ ਹੈ, ਪਰ ਕਿਉਂਕਿ ਨੌਜਵਾਨ ਮੁੰਡੇ-ਕੁੜੀਆਂ ਨੂੰ ਲੈ ਕੇ ਅਜਿਹੀਆਂ ਪ੍ਰੇਮ ਕਹਾਣੀਆਂ ਤੇ ਘੱਟ ਹੀ ਪੰਜਾਬੀ ਫ਼ਿਲਮਾਂ, ਨਵੀਂ ਦਰਸ਼ਕ ਪੀੜੀ ਨੂੰ ਵੇਖਣ ਨੂੰ ਮਿਲੀਆਂ ਹਨ ਇਸੇ ਲਈ ਦਰਸ਼ਕਾਂ ਦਾ ਝੁਕਾਅ ਇਸ ਵੱਲ ਜ਼ਿਆਦਾ ਵੇਖਿਆ ਗਿਆ। ਦੂਜੀ ਇਸ ਫ਼ਿਲਮ ਦੀ ਵਿਸ਼ੇਸ ਗੱਲ ਇਹ ਰਹੀ ਕਿ ਗੁਰਿੰਦਰ ਡਿੰਪੀ ਦੇ ਸੰਵਾਦਾਂ ਦੇ ਨਾਲ ਲੈਸ ਇਸ ਫ਼ਿਲਮ ਦੀ ਕਹਾਣੀ-ਪਟਕਥਾ ਨੂੰ ਜਿਸ ਤਰਾਂ ਲੇਖਕ ਤਾਜ ਨੇ ਪੂਰਾ ਬੰਨਿਆਂ ਤੇ ਦਿਲਸ਼ੇਰ ਸਿੰਘ-ਖੁਸ਼ਪਾਲ ਸਿੰਘ ਦੋਨਾਂ ਨਿਰਦੇਸ਼ਕਾਂ ਨੇ ਇਸ ਨੂੰ ਫ਼ਿਲਮਾਇਆ ਹੈ, ਇਸ ਦੀ ਬਾਲੀਵੁੱਡ ਤਰਜ ਦੀ ਪੇਸ਼ਕਾਰੀ ਕਬੀਲ-ਏ-ਤਾਰੀਫ਼ ਹੈ।
ਸਾਡੇ ਰਵਾਇਤਨ ਫਿ਼ਲਮਕਾਰਾਂ-ਕਹਾਣੀਕਾਰਾਂ ਨੂੰ ‘ਲਵਰ’ ਫ਼ਿਲਮ ਤੋਂ ਕਾਫੀ ਕੁਝ ਸਿੱਖਣ ਦੀ ਲੋੜ ਹੈ। ਵੈਸੇ ਵੀ ਸਾਨੂੰ ਰਵਾਇਤਨ ਪੰਜਾਬੀ ਫ਼ਿਲਮਾਂ ਦੇ ਵਿਸ਼ਿਆਂ ਤੋਂ ਬਾਹਰ ਨਿਕਲਣਾ ਪਾਵੇਗਾ।
ਫ਼ਿਲਮ ‘ਲਵਰ’ ਦੀ ਸਭ ਤੋਂ ਵਿਸ਼ੇਸ਼ ਗੱਲ ਇਸ ਫ਼ਿਲਮ ਦੀ ਨਵੀਂ ਲੀਡ ਜੋੜੀ ‘ਗੁਰੀ ਅਤੇ ਰੋਣਕ ਜੋਸ਼ੀ’ ਦੀ ਕਿ ਇਹਨਾਂ ਦੀ ਸ਼ਾਨਦਾਰ ਪਰਫਾਰਮੈਂਸ ਨੇ ਜਿੱਥੇ ਦਰਸ਼ਕਾਂ ਨੂੰ ਕੀਲਿਆ ਉੱਥੇ ਕਈ ਅਖੌਤੀ ਪੰਜਾਬੀ ਐਕਟਰਾਂ ਨੂੰ ਇਹ ਸੋਚਣ ਤੇ ਵੀ ਮਜਬੂਰ ਕੀਤਾ ਹੋਵੇਗਾ ਕਿ ਆਖਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਕਹਾਣੀ ਮੁਤਾਬਕ ਢੁਕਵਾਂ ਰੋਮਾਂਟਿਕ ਫ਼ਿਲਮੀ ਹੀਰੋ-ਹੀਰੋਇਨ ਦਾ ਜੋੜਾ ਤੇ ਕਿਹੋ ਜਿਹੀ ਹੋਣੀ ਚਾਹੀਦੀ ਹੈ ਉਹਨਾਂ ਦੀ ਅਦਾਕਾਰੀ।
‘ਲਵਰ’ ਦੀ ਤੀਜੀ ਖਾਸ ਗੱਲ ਫ਼ਿਲਮ ਦਾ ਸੰਗੀਤ ਜੋ ਸ਼ੈਰੀ ਨੈਕਸਸ, ਸਨਿਪਰ ਤੇ ਰਜਤ ਨਾਗਪਾਲ ਵਲੋਂ ਫ਼ਿਲਮ ਦੇ ਵਿਸ਼ੇ ਮੁਤਾਬਕ ਪੂਰਾ ਪੂਰਾ ਧਿਆਨ ਰੱਖ ਕੇ ਦਿੱਤਾ ਗਿਆ ਹੈ ਅਤੇ ਰਾਹਤ ਫਤਿਹ ਅਲੀ ਖਾਨ, ਅਤਿਫ ਅਸਲਮ, ਨੂਰਾਂ ਸਿਸਟਰਸ, ਅਸੀਸ ਕੌਰ, ਸਨਚੇਤ ਟੰਡਨ ਅਤੇ ਜੱਸ ਮਾਨਕ ਜਿਹੇ ਦਮਦਾਰ ਗਾਇਕਾਂ ਕੋਲੋਂ ਇਸ ਦੇ ਗੀਤ ਗਵਾ ਕੇ ਇਸ ਨੂੰ ਖੂਬਸੂਰਤ ਬਨਾਉਣ ਦੀ ਪੂਰੀ ਵਾਅ ਲਾਈ ਗਈ ਹੈ। ਇਕ ਰੋਮਾਂਟਿਕ ਫ਼ਿਲਮ ਕਹਾਣੀ ਲਈ ਅਜਿਹਾ ਹੋਣਾ ਲਾਜ਼ਮੀ ਵੀ ਹੈ ਅਤੇ ਇਹ ਫ਼ਿਲਮ ਦੀ ਰੀੜ ਦੀ ਹੱਡੀ ਬਣਦਾ ਹੋਇਆ ਇਸ ਕਾਮਯਾਬੀ ਸਹੀ ਯੋਗਦਾਨ ਵੀ ਪਾਉਂਦਾ ਹੈ। ਫ਼ਿਲਮ ਵਿਚ ਇਕ ਪੂਰਾ ਹਿੰਦੀ ਗੀਤ ਵੀ ਹੈ ਜੋ ਵਧੀਆ ਤਾਂ ਹੈ ਪਰ ਪੰਜਾਬੀ ਹੁੰਦਾ ਤਾਂ ਵੱਧ ਚੰਗਾ ਲਗਦਾ, ਸ਼ਾਇਦ ਨਿਰਮਾਤਾ ਨੇ ਫ਼ਿਲਮ ਨੂੰ ਹਿੰਦੀ ਵਗੈਰਾ ਵਿਚ ਡਬ ਕਰਨ ਦੇ ਮਕਸਦ ਨਾਲ ਰੱਖ ਲਿਆ ਹੋਵੇ। ਫ਼ਿਲਮ ਦੇ ਗੀਤ ਬੁਬੂ, ਲਵ ਲੋਖਾ ਅਤੇ ਜਸ ਮਾਨਕ ਦੇ ਲਿਖੇ ਹਨ।
ਕਲਾਕਾਰਾਂ ਵਿਚ ਲੀਡ ਜੋੜੀ ਤੋਂ ਇਲਾਵਾ ਜਿਹਨਾਂ ਵਿਚ ਜ਼ਿਆਦਾਤਰ ਪੰਜਾਬੀ ਸਿਨੇਮਾ ਲਈ ਨਵੇਂ ਵੀ ਹਨ ਦੀ ਅਦਾਕਾਰੀ ਬਹੁਤ ਵਧੀਆ ਰਹੀ। ਨਵੇਂ ਚਿਹਰਿਆਂ ਨੂੰ ਮੌਕਾ ਦੇਣਾ ਵੀ ਪ੍ਰਸ਼ੰਸਾ ਵਾਲੀ ਗੱਲ ਹੈ। ਫ਼ਿਲਮ ਵਿਚ ਅਵਤਾਰ ਗਿੱਲ, ਯਸ਼ ਸ਼ਰਮਾ, ਰਾਜ ਧਾਰੀਵਾਲ, ਰੁਪਿੰਦਰ ਰੂਪੀ, ਗੁਰੀ ਦਾ ਦੋਸਤ ਬਣਿਆ ਕਰਨ ਸੰਧਾਵਾਲੀਆ, ਦੂਜੀ ਲੀਡ ਅਦਾਕਾਰਾ ਹਰਸਿਮਰਨ ਉਭਰਾਏ, ਰਾਹੁਲ ਜੇਟਲੀ ਅਤੇ ਅਵਤਾਰ ਬਰਾੜ ਦਾ ਅਭਿਨੈ ਵੀ ਜ਼ਿਕਰਯੋਗ ਹੈ।
ਫ਼ਿਲਮ ਦਾ ਆਖਰੀ ਫਾਈਟ ਸਿਕਿਊਂਸ ਜੋ ਹਸਪਤਾਲ ਦੀ ਲੋਕੇਸ਼ਨ ਤੇ ਫ਼ਿਲਮਾਇਆ ਗਿਆ ਹੈ ਥੋੜਾ ਕੱਚਾ ਲੱਗਾ, ਕਿਉਕਿ ਚੰਗੇ ਭਲੇ ਚਲਦੇ ਵਿਖਾਏ ਗਏ ਹਸਪਤਾਲ ਅਤੇ ਸੀਰੀਅਸ ਪਏ ਮਰੀਜ਼ ਦੇ ਹੁੰਦਿਆਂ ਐਡੀ ਜ਼ੋਰਦਾਰ ਫਾਈਟ, ਤੇ ਹਸਪਤਾਲ ਬਿਨਾਂ ਸਟਾਫ ਤੋਂ ਅਤੇ ਨਾ ਪੁਲਿਸ ਦਾ ਆਉਣਾ, ਸ਼ਾਇਦ ਨਿਰਦੇਸ਼ਕ ਇਸ ਨੂੰ ਜਸਟੀਫਾਈ ਕਰਨ ਤੋਂ ਖੁੰਝ ਗਿਆ।
ਖੈਰ ਕੁੱਲ ਮਿਲਾ ਕੇ ਪੰਜਾਬੀ ਦਰਸ਼ਕਾ ਨੂੰ ਪੰਜਾਬੀ ਸਿਨੇਮਾ ਵਿਚ ਫਰੈਸ਼ ਵਿਸ਼ੇ ਅਤੇ ਚਿਹਰਿਆਂ ਦੀ ਆਮਦ ਵੇਖਣ ਨੂੰ ਮਿਲੀ ਹੈ ਜਿਸ ਲਈ ਪੰਜਾਬੀ ਸਕਰੀਨ ਅਦਾਰੇ ਵਲੋਂ ਸਾਰੀ ਟੀਮ ਨੂੰ ਮੁਬਾਰਕ ਅਤੇ ਨਵੀਂ ਜੋੜੀ ‘ਗੁਰੀ ਅਤੇ ਰੋਣਕ’ ਨੂੰ ਪੰਜਾਬੀ ਸਕਰੀਨ ਅਦਾਰੇ ਵਲੋਂ ਹੋਰ ਤਰੱਕੀਆਂ ਲਈ ਢੇਰ ਸਾਰਾ ਅਸ਼ੀਰਵਾਦ।

ਤੇ ਗੱਲ ‘ਖਾਓ ਪੀਓ ਐਸ਼ ਕਰੋ’ ਦੀ

ਤਾਂ ਜਿਵੇਂ ਮੈ ਇਸ ਦੇ ਫਿਕੇ ਰਹਿ ਜਾਣ ਦਾ ਜ਼ਿਕਰ ਕੀਤਾ ਹੈ, ਉਹ ਇਸ ਲਈ ਕਿ ਇਹ ਫ਼ਿਲਮ, ਕਹਾਣੀ ਅਤੇ ਸਕਰੀਨ ਪਲੇਅ ਤੋਂ ਮਾਰ ਖਾ ਗਈ, ਗਾਇਕ ਏ.ਐੱਸ ਕੰਗ ਦੇ ਹਿੱਟ ਗੀਤ “ਖਾਓ ਪੀਓ ਐਸ਼ ਕਰੋ ਮਿੱਤਰੋ” ਤੋਂ ਲਿਆ ਇਸ ਦਾ ਟਾਈਟਲ ‘ਖਾਓ ਪੀਓ ਐਸ਼ ਕਰੋ’ ਨਾ ਤਾਂ ਪੂਰੀ ਤਰਾਂ ਜਸਟੀਫਾਈ ਹੋ ਸਕਿਆਂ ਤੇ ਨਾ ਇਸ ਦਾ ਕੋਈ ਲਾਹਾ ਮਿਲਿਆ ਲੱਗ ਰਿਹਾ ਹੈ। ਇਸ ਫ਼ਿਲਮ ਦੀ ਕਹਾਣੀ-ਪਟਕਥਾ ਦੇ ਤਿੰਨ ਲੇਖਕ ਰਕੇਸ਼ ਧਵਨ, ਸ਼ਿਤਿਜ ਚੌਧਰੀ ਅਤੇ ਰਾਜੂ ਵਰਮਾ ਮਿਲ ਕੇ ਵੀ ਇਸ ਦੀ ਰੂਪ ਰੇਖਾ ਨਹੀਂ ਤਹਿ ਕਰ ਸਕੇ ਕਿ ਫ਼ਿਲਮ ਵਿਚ ਫੋਕਸ ਕਿਸ ਚੀਜ਼ ਤੇ ਕਰਨਾ ਹੈ ਅਤੇ ਨਾ ਹੀ ਫ਼ਿਲਮ ਵਿਚਲੀਆਂ ਘਟਨਾਵਾਂ ਅਤੇ ਪੀਰੀਅਡ ਦਾ ਬਹੁਤਾ ਤਾਲਮੇਲ ਨਜ਼ਰ ਆਉਂਦਾ ਹੈ। ਫ਼ਿਲਮ ਵਿਚ ਲੈਕਚਰਬਾਜ਼ੀ ਵਾਲੇ ਸੰਵਾਦਾਂ ਨਾਲੋ ਵੱਧ ‘ਠੋਸ ਵਿਸ਼ੇ’ ਵੱਲ ਧਿਆਨ ਦੇਣ ਦੀ ਲੋੜ ਸੀ।
ਸ਼ਾਇਦ ਇਸ ਫ਼ਿਲਮ ਦੇ ਨਿਰਦੇਸ਼ਕ ਸ਼ਿਤਿਜ ਚੌਧਰੀ ਦੇ ਕਰੀਅਰ ਦੀ ਇਹ ਸਭ ਤੋਂ ਹਲਕੀ ਫ਼ਿਲਮ ਹੈ। ਕਿਉਂਕਿ ਮੈਂ ਖੁਦ ਉਸ ਦੇ ਨਿਰਦੇਸ਼ਨ ਦਾ ਫੈਨ ਹਾਂ ਕਿ ਉਸ ਨੂੰ ਫ਼ਿਲਮ ਬਨਾਉਣੀ ਆਉਂਦੀ ਹੈ। ਇਸ ਦੀ ਹਰ ਫ਼ਿਲਮ ਦੀ ਕਾਮਯਾਬੀ ਦਾ ਰਾਜ ਵੀ ਮਜਬੂਤ ਕਹਾਣੀ ਅਤੇ ਨਿਰਦੇਸ਼ਨ ਹੈ, ਚਾਹੇ ਤੁਸੀਂ ‘ਮਿਸਟਰ ਐਂਡ ਮਿਸਿਜ 420’ ਵੇਖ ਲੋ, ਚਾਹੇ ‘ਗੋਲਕ ਬੁਗਨੀ’ ਜਾਂ ‘ਵੇਖ ਬਰਾਤਾਂ ਚੱਲੀਆਂ’ ਆਦਿ।
ਦੂਜੀ ਗੱਲ ਕਿ ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਅਸੀਂ ਢੁਕਵਾਂ ਸੰਗੀਤ ਵੀ ਨਹੀਂ ਖੜਾ ਕਰ ਪਾਏ। ਇਹਨਾਂ ਗੀਤਾਂ ਦਾ ਫਿ਼ਲਮਾਂਕਣ ਵੀ ਫ਼ਿਲਮੀ ਨਾ ਹੋ ਕੇ ਐਲਬਮ ਗੀਤਾਂ ਵਾਲਾ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਗਾਇਕ ਤੋਂ ਨਾਇਕ ਬਣੇ ਐਕਟਰ ਫ਼ਿਲਮਾਂ ਵੱਲ ਸੰਜੀਦਾ ਨਾ ਹੋ ਕੇ ਨਿਰਮਾਤਾਵਾਂ ਦੇ ਖਰਚੇ ਤੇ ਫ਼ਿਲਮੀ ਗੀਤਾਂ ਦਾ ਸ਼ਾਹੀ ਫ਼ਿਲਮਾਂਕਣ ਅਤੇ ਪ੍ਰਮੋਸ਼ਨ ਵੱਲ ਜ਼ਿਆਦਾ ਧਿਆਨ ਦਿੰਦੇ ਹਨ, ਤਾਂ ਕੇ ਵੱਧ ਪ੍ਰੋਗਰਾਮ ਹਾਸਲ ਹੋ ਸਕਣ, ਹਰ ਫ਼ਿਲਮੀ ਗੀਤ ਨੂੰ ਖਿਆਲਾਂ ’ਚ ਫ਼ਿਲਮਾਉਣਾ ਫ਼ਿਲਮ ਲੜੀ ਨੂੰ ਤੋੜਦਾ ਹੈ, ਇਹ ਵੀ ਚੇਤੇ ਰਹੇ। ਗੀਤਾਂ ਵਿਚ ਰਿਚਨੈੱਸ ਵੀ ਫੇਰ ਹੀ ਵਧੀਆ ਲੱਗਦੀ ਹੈ ਜੇ ਫ਼ਿਲਮ ਵਿਚ ਵੀ ਹੋਵੇ।
ਤੀਜਾ ਨਾ ਹੀ ਇਸ ਫ਼ਿਲਮ ਦੀ ਕਹਾਣੀ ਮੁਤਾਬਕ ਤਰਸੇਮ ਜੱਸੜ ਢੁੱਕਿਆ ਹੈ, ਇਹ ਗੱਲ ਉਸ ਨੂੰ ਖ਼ੁਦ ਸਮਝਣ ਦੀ ਲੋੜ ਹੈ ਕਿ ਕੁੜੀਆਂ ਪਿੱਛੇ ਜਾ ਕੇ ਆਸ਼ਕੀ ਮਾਰਨ ਵਾਲੇ ਸੀਨਾਂ ਵਿਚ ਆਪਣੇ ਆਪ ਨੂੰ ਜਸਟੀਫਾਈ ਕਰ ਪਾਉਂਦਾ ਹੈ ਕਿ ਨਹੀਂ। ਥੋੜਾ ਪ੍ਰੈਕਟੀਕਲ ਹੋਣਾ ਪਵੇਗਾ। ਜੇ ਤੁਹਾਡਾ ਕੰਮ ਅਤੇ ਫ਼ਿਲਮ ਸਹੀ ਲੱਗੀ ਸੀ ਤਾਂ ਫ਼ਿਲਮ ‘ਗਲਵੱਕੜੀ’ ਦੀ ਤਾਰੀਫ਼ ਵੀ ਸਿਰਫ ‘ਪੰਜਾਬੀ ਸਕਰੀਨ’ ਨੇ ਹੀ ਕੀਤੀ ਸੀ। ਬਾਕੀ ਰਣਜੀਤ ਬਾਵਾ ਦੀ ਆਪਣੇ ਕਰੈਕਟਰ ਤੇ ਪਕੜ ਹੈ ਅਤੇ ਹਾਸਰਸ ਸੀਨਾਂ ਲਈ ਟਾਇਮਿੰਗ ਵੀ ਸਹੀ ਹੈ। ਤੀਜਾ ਅਦਾਕਾਰ ਗੁਰਬਾਜ਼ ਸਿੰਘ ਦੀ ਨਵੇਂ ਹੋਣ ਕਾਰਨ ਆਪਣੇ ਵਲੋਂ ਕੀਤੀ ਗਈ ਪਹਿਲੀ ਕੋਸ਼ਿਸ਼ ਵਧੀਆ ਰਹੀ ਪਰ ਅੱਗੋਂ ਹੋਰ ਮਿਹਨਤ ਦੀ ਵੀ ਲੋੜ ਹੈ।
ਸਾਰੀ ਫ਼ਿਲਮ ਵਿਚ ਸਿਰਫ ਗੁਰਬਾਜ਼ ਸਿੰਘ ਦਾ ਰੋਮਾਂਟਿਕ ਪੋਰਸ਼ਨ ਅਤੇ ਵਿਆਹ ਹੋਣ ਤੱਕ ਦਾ ਸਿਕਿਊਂਸ ਹੀ ਸਭ ਤੋਂ ਵਧੀਆਂ ਅਤੇ ਇਮੋਸ਼ਨਲ ਵੀ ਹੈ, ਇਸ ਦੀ ਕੋ-ਅਦਾਕਾਰਾ ਦੀ ਪ੍ਰਭ ਗਰੇਵਾਲ ਦੀ ਅਦਾਕਾਰੀ ਵੀ ਦਮਦਾਰ ਹੈ।
ਬਾਕੀ ਦੀਆਂ ਦੋ ਹੀਰੋਇਨਾਂ ਤਰਸੇਮ ਜੱਸੜ ਨਾਲ ਜਸਮੀਨ ਬਾਜਵਾ ਅਤੇ ਰਣਜੀਤ ਬਾਵਾ ਨਾਲ ਅਦਿੱਤੀ ਆਰਿਆ ਦਾ ਅਭਿਨੈ ਵੀ ਸ਼ਾਨਦਾਰ ਹੈ। ਹਰਦੀਪ ਗਿੱਲ ਦਾ ਰੋਲ ਵੀ ਬਹੁਤ ਵਧੀਆ ਹੈ ਅਤੇ ਵਿਜੇ ਟੰਡਨ ਵੀ ਪਗੜੀ ਵਿਚ ਖੂਬ ਜਚੇ ਹਨ ਅਤੇ ਕਾਮੇਡੀ ਵੀ ਵਧੀਆ ਕੀਤੀ ਹੈ। ਕੁੱਲ ਮਿਲਾ ਕੇ ਬਾਕੀਆਂ ਨੇ ਵੀ ਵਧੀਆ ਅਦਾਕਾਰੀ ਕੀਤੀ ਹੈ।
ਫ਼ਿਲਮ ਮੇਕਰਾਂ ਨੂੰ ਲੋੜ ਹੈ ਤਾਂ ਸਿਰਫ ਨਵੇਂ ਵਾਸ਼ਿਆਂ ਤੇ ਕੰਮ ਕਰਨ ਅਤੇ ਉਹਨਾਂ ਮੁਤਾਬਕ ਅਦਾਕਾਰ ਚਿਹਰੇ ਫਿਟ ਕਰਨ ਦੀ ਨਾ ਕਿ ਧੱਕੇਸ਼ਾਹੀ ਦੀ।

-ਦਲਜੀਤ ਅਰੋੜਾ

Comments & Suggestions

Comments & Suggestions