ਸੋਸ਼ਲ ਮੀਡੀਆ ’ਤੇ ਨਕਲੀ ਪਿਆਰ ਵਿਚ ਫਸੇ ਲੋਕਾਂ ਦੀ ਕਹਾਣੀ ਹੈ ‘ਯਾਰ ਮੇਰਾ ਤਿੱਤਲੀਆਂ ਵਰਗਾ’

By  |  0 Comments


ਗਿੱਪੀ ਗਰੇਵਾਲ ਪੰਜਾਬੀ ਸਿਨਮੇ ਦਾ ਸੁਪਰ ਸਟਾਰ ਅਦਾਕਾਰ ਤੇ ਨਿਰਮਾਤਾ ਹੈ, ਜਿਸਨੇ ਸਮਾਜਿਕ ਅਤੇ ਵਿਰਸੇ ਨਾਲ ਜੁੜੀਆਂ ਮਨੋਰੰਜਨ ਭਰਪੂਰ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। ਗਾਇਕੀ ਤੋਂ ਬਾਅਦ ਪੰਜਾਬੀ ਸਿਨਮੇ ਵਿੱਚ ਵਧੀਆ ਥਾਂ ਬਣਾਉਣ ਵਾਲੇ ਗਿੱਪੀ ਗਰੇਵਾਲ ਨੇ ਚੰਗੇ ਕਲਾਕਾਰਾਂ ਨਾਲ ਚੰਗੇ ਵਿਸ਼ਿਆਂ ਤੇ ਅਧਾਰਿਤ ਸਿਨਮੇ ਦੀ ਸਿਰਜਣਾ ਕੀਤੀ ਹੈ। ਪਿਛਲੇ ਸਮਿਆਂ ਵਿੱਚ ਗਿੱਪੀ ਸਭ ਤੋਂ ਵਧੇੇਰੇ ਸਰਗਰਮ ਰਿਹਾ ਹੈ। ਜਿੱਥੇ ਉਸਨੇ ‘ਮਾਂ’ ਅਤੇ ‘ਅਰਦਾਸ ’ ਵਰਗੀਆਂ ਬੇਹਤਰੀਨ ਸਮਾਜਿਕ ਫ਼ਿਲਮਾਂ ਦਰਸ਼ਕਾਂ ਨੂੰ ਦਿੱਤੀਆਂ, ਉੱਥੇ ‘ਕੈਰੀ ਆਨ ਜੱਟਾ, ਪਾਣੀ ‘ਚ ਮਧਾਣੀ,ਪੋਸਤੀ ਤੇ ਸ਼ਾਵਾਂ ਨੀਂ ਗਿਰਧਾਰੀ ਲਾਲ’ ਵਰਗੀਆਂ ਮਨੋਰੰਜਨ ਭਰਪੂਰ ਕਾਮੇਡੀ ਫ਼ਿਲਮਾਂ ਨਾਲ ਵੀ ਦਰਸ਼ਕਾਂ ਦੀ ਖੂਬ ਵਾਹ ਵਾਹ ਖੱਟੀ।
ਇੰਨ੍ਹੀ ਦਿਨੀਂ ਗਿੱਪੀ ਗਰੇਵਾਲ ਆਪਣੀ ਇੱਕ ਹੋਰ ਮਨੋਰੰਜਨ ਭਰਪੂਰ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਲੈ ਕੇ ਆਇਆ ਹੈ ਜੋ ਆਮ ਸਿਨਮੇ ਤੋਂ ਹਟਕੇ ਬਿਲਕੁੱਲ ਨਵੇਂ ਵਿਸ਼ੇ ਅਧਾਰਿਤ ਇਕ ਪਰਿਵਾਰਕ ਕਹਾਣੀ ਹੈ ਜਿਸ ਨੂੰ ਨਾਮੀ ਫ਼ਿਲਮ ਲੇਖਕ ਨਰੇਸ਼ ਕਥੂਰੀਆ ਨੇ ਲਿਖਿਆ ਹੈ । ਬੀਤੇ ਦਿਨੀਂ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ ਜਿਸਨੂੰ ਦਰਸ਼ਕਾਂ ਦਾ ਭਰਵਾਂ ਪਿਆਰ ਮਿਲ ਰਿਹਾ ਹੈ। ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਉਨ੍ਹਾਂ ਲੋਕਾਂ ਦੀ ਕਹਾਣੀ ਹੈ ਜੋ ਘਰੋਂ ਰੱਜੇ-ਪੁੱਜੇ ਹੋ ਕੇ ਵੀ ਬਾਹਰ ‘ਮੂੰਹ-ਮਾਰਨ’ ਦੇ ਆਦੀ ਹੋ ਜਾਂਦੇ ਹਨ।

ਫ਼ਿਲਮ ਦੀ ਕਹਾਣੀ ਮੋਬਾਈਲ ਰਾਹੀਂ ਸੋਸ਼ਲ ਮੀਡੀਆ ਦੇ ਜਾਲ ਵਿਚ ਫਸੇ ਲੋਕਾਂ ਤੇ ਅਧਾਰਿਤ ਹੈ। ਅੱਜ ਦੇ ਤਕਨੀਕੀ ਯੁੱਗ ਵਿਚ ਆਦਮੀ ਮੋਬਾਈਲ ਦੀ ਰੇਂਜ਼ ਨਾਲ ਬੱਝਿਆ ਹੋਇਆ ਹੈ। ਆਪਣੇ ਘਰੇਲੂ ਰੁਝੇਵੇ, ਰਿਸ਼ਤੇ-ਨਾਤੇ ਛੱਡ ਕੇ ਉਹ ਸਾਰਾ ਦਿਨ ਮੋਬਾਈਲ ਵਿੱਚ ਹੀ ਵੜਿਆ ਰਹਿੰਦਾ ਹੈ। ਮਨੋਰੰਜਨ ਦੇ ਇਸ ਸਾਧਨ ਨੇ ਅੱਜ ਦੇ ਜ਼ਮਾਨੇ ਵਿੱਚ ਆਸ਼ਕੀ ਕਰਨਾ ਵੀ ਸੌਖਾ ਕਰ ਦਿੱਤਾ ਹੈ। ਇਸ ਫ਼ਿਲਮ ਦੀ ਕਹਾਣੀ ਅਜੋਕੇ ਸੋਸ਼ਲ ਮੀਡੀਆ ਦੇ ਜਾਲ ‘ਚ ਫਸੇ, ਪਰਿਵਾਰਕ ਜੁੰਮੇਵਾਰੀਆਂ ਤੋਂ ਅਵੇਸਲੇ ਹੋਏ ਲੋਕਾਂ ਦੀ ਮਾਨਸਿਕਤਾ ਦਰਸ਼ਾਉਂਦੀ ਹੈ ਕਿ ਕਿਵੇਂ ਬਣਾਉਟੀ ਚਿਹਰਿਆਂ ਦੇ ਮੋਹ ਜਾਲ ਵਿਚ ਫਸਿਆ ਮਨੁੱਖ ਆਪਣੀਆਂ ਲਲਚਾਈਆਂ ਸੋਚਾਂ ਨਾਲ ਆਪਣੀ ਪਰਿਵਾਰਕ ਜ਼ਿੰਦਗੀ ਤਬਾਹ ਕਰਨ ਕਿਨਾਰੇ ਖੜ੍ਹਾ ਕਰ ਲੈਂਦਾ ਹੈ। ਫ਼ਿਲਮ ਵਿਚ ਬਾਲ-ਬੱਚੇਦਾਰ ਗੁਰਮੇਲ (ਗਿੱਪੀ ਗਰੇਵਾਲ) ਜਦ ਫੇਸਬੁੱਕ ‘ਤੇ ਜਾਅਲੀ ਅਕਾਊਂਟ ਬਣਾ ਕੇ ਨਵੀਆਂ-ਨਵੀਆਂ ਕੁੜੀਆਂ ਨਾਲ ਦੋਸਤੀਆਂ ਕਰਨ ਲੱਗਦਾ ਹੈ ਤਾਂ ਉਸਦੇ ਹੱਸਦੇ ਵਸਦੇ ਘਰ ਵਿੱਚ ਤਨਾਓ ਪੈਦਾ ਹੋਣ ਲੱਗਦਾ ਹੈ ਇਸੇ ਤਨਾਅ ਤੋਂ ਮੁਕਤ ਹੋਣ ਲਈ ਆਪਣੀ ਸਹੇਲੀ ਰਾਜ ਦੀ ਸਲਾਹ ਨਾਲ ਜਦ ਗੁਰਮੇਲ ਦੀ ਘਰਵਾਲੀ ਬੇਅੰਤ ਤੋਂ ਮਿੰਨੀ ਬਣ ਕੇ ਫ਼ਰਜੀ ਮਾਡਰਨ ਚਿਹਰੇ ਨਾਲ ਸੋਸ਼ਲ ਮੀਡੀਆ ‘ਤੇ ਛਾਅ ਜਾਂਦੀ ਹੈ ਤਾਂ ਸੂਰਮਾ (ਗੁਰਮੇਲ) ਤੇ ਮਿੰਨੀ ਇੱਕ ਦੂਜੇ ਨੂੰ ਬਿਨਾਂ ਮਿਲੇ ਹੀ ਫੇਸਬੁੱਕ ਚੈਟਿੰਗ ਰਾਹੀਂ ਇੱਕ ਦੂਜੇ ਦੇ ਪਿਆਰ ਵਿੱਚ ਬੱਝ ਜਾਂਦੇ ਹਨ। ਜਦ ਇਕ-ਦੂਜੇ ਤੋਂ ਚੋਰੀ ਚੋਰੀ ਉਹ ਆਪਸ ਵਿਚ ਚੈਟਿਗ ਕਰਦੇ ਹਨ ਤਾਂ ਕਾਮੇਡੀ ਭਰਿਆ ਮਨੋਰੰਜਕ ਮਾਹੌਲ ਬਣਨਾ ਸੁਭਾਵਿਕ ਹੀ ਹੈ। ਅਖ਼ੀਰ ਇਸ ਭੁਲੇਖੇ ਭਰੇ ਜਾਅਲੀ ਪਿਆਰ ਤੋਂ ਕਿਵੇਂ ਪਰਦਾ ਉਠੇਗਾ..? ਇਹ ਵੇਖਣਾ ਕਾਫ਼ੀ ਦਿਲਚਸਪ ਹੋਵੇਗਾ ਜੋ ਮਨੋਰੰਜਨ ਦੇ ਨਾਲ ਨਾਲ ਦਰਸ਼ਕਾਂ ਲਈ ਨਸੀਹਤ ਭਰਿਆ ਵੀ ਹੋਵੇਗਾ ਤੇ ਸੋਸ਼ਲ ਮੀਡੀਆ ਦੇ ਰਾਹੇ ਤੁਰੇ ਲੋਕਾਂ ਨੂੰ ਆਪਣੇ ਜੀਵਨ ਸਾਥੀ ਅਤੇ ਪਰਿਵਾਰਕ ਫ਼ਰਜਾਂ ਪ੍ਰਤੀ ਵਫ਼ਾਦਾਰ ਰਹਿਣ ਦਾ ਸੁਨੇਹਾ ਵੀ ਹੋਵੇਗਾ। ਇਸ ਫ਼ਿਲਮ ਦੇ ਗੀਤ ਵਧੀਆ ਹਨ। ਹੈਪੀ ਰਾਏਕੋਟੀ ਦੇ ਲਿਖੇ ਇੰਨ੍ਹਾਂ ਗੀਤਾਂ ਨੂੰ ਗਿੱਪੀ ਗਰੇਵਾਲ, ਸੁਦੇਸ਼ ਕੁਮਾਰੀ, ਹੈਪੀ ਰਾਏਕੋਟੀ, ਅੰਗਰੇਜ਼ ਅਲੀ ਤੇ ਰਿੱਕੀ ਖਾਂਨ ਨੇ ਗਾਇਆ ਹੈ। ਸੰਗੀਤ ਜੱਸੀ ਕਟਿਆਲ, ਦੇਸੀ ਕਰਿਊ ਤੇ ਮਿਕਸ਼ ਸਿੰਘ ਨੇ ਦਿੱਤਾ ਹੈ। ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਤੇ ਤਨੂ ਗਰੇਵਾਲ ਤੋਂ ਇਲਾਵਾ ਕਰਮਜੀਤ ਅਨਮੋਲ, ਸਰਦਾਰ ਸੋਹੀ, ਧੀਰਜ ਕੁਮਾਰ, ਸਾਰਾ ਗੁਰਪਾਲ, ਸੀਮਾ ਕੌਸ਼ਿਲ, ਰਾਜ ਧਾਲੀਵਾਲ, ਮਲਕੀਤ ਰੌਣੀ, ਭਾਨਾ ਐੱਲ ਏ, ਹਰਿੰਦਰ ਭੁੱਲਰ, ਅਤੇ ਬਾਲ ਕਲਾਕਾਰ ਗੁਰੀ ਘੁੰਮਣ ਨੇ ਅਹਿਮ ਕਿਰਦਾਰ ਨਿਭਾਏ ਹਨ।

ਫ਼ਿਲਮ ਬਾਰੇ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿਹਾ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਨਿਸ਼ਚਿਤ ਰੂਪ ‘ਚ ਪਸੰਦ ਆਵੇਗੀ ਕਿਉਂਕਿ ਇਹ ਫ਼ਿਲਮ ਆਪਣੇ ਆਪ ਵਿਚ ਹੀ ਪੂਰਾ ਇੱਕ ਰੁਮਾਂਟਿਕ ਪੈਕੇਜ ਹੈ, ਜਿਸ ਵਿਚ ਰੋਮਾਂਸ, ਡਰਾਮਾ ਅਤੇ ਕਾਮੇਡੀ ਦੀ ਕੋਈ ਕਮੀ ਨਹੀਂ ਹੈ। ਫ਼ਿਲਮ ਦਾ ਸੰਗੀਤ ਬਹੁਤ ਵਧੀਆ ਹੈ। 2 ਸਤੰਬਰ ਨੂੰ ਦੁਨੀਆਂ ਭਰ ਦੇ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣ ਰਹੀ ਇਸ ਫ਼ਿਲਮ ਨੂੰ ਹੰਬਲ ਮੋਸ਼ਨ ਪਿਕਚਰਜ਼ ਅਤੇ ਓਮ ਜੀ ਸਟਾਰ ਸਟੂਡੀਓ ਵਲੋਂ ਬਣਾਇਆ ਗਿਆ ਹੈ। ਵਿਕਾਸ ਵਸ਼ਿਸ਼ਟ ਦੇ ਨਿਰਦੇਸ਼ਿਨ ‘ਚ ਬਣੀ ਇਸ ਫ਼ਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਤੇ ਆਂਸੂ ਮੁਨੀਸ਼ ਸਾਹਨੀ ਹਨ। ਇਸ ਫ਼ਿਲਮ ਦਾ ਟਾਇਟਲ ਗੀਤ ‘ਕਦੇ ਐਸ ਫੁੱਲ ‘ਤੇ… ਕਦੇ ਓਸ ਫੁੱਲ ‘ਤੇ .. ਯਾਰ ਮੇਰਾ ਤਿੱਤਲੀਆਂ ਵਰਗਾ’ ਜੋਕਿ ਫ਼ਿਲਮ ਦੇ ਵਿਸ਼ੇ ਨਾਲ ਜੁੜਿਆ ਹੋਇਆ ਹੈ,ਸਮੇਤ ਰਿਲੀਜ਼ ਹੋਏ ਬਾਕੀ ਗੀਤ ਵੀ ਖੂਬ ਚਰਚਾ ਵਿਚ ਹਨ।ਦਰਸ਼ਕਾਂ ਵਲੋਂ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।
-ਸੁਰਜੀਤ ਜੱਸਲ(ਪੰਜਾਬੀ ਸਕਰੀਨ) 9814607737

Comments & Suggestions

Comments & Suggestions