ਸੰਖੇਪ ਸਮੀਖਿਆ ‘ਮੌੜ’ 🎞🎞🎞🎞🎞

By  |  0 Comments


ਮੌੜ ਫ਼ਿਲਮ ਦੀ ਮੇਕਿੰਗ ਤੇ ਕੀਤੀ ਗਈ ਮਿਹਨਤ, ਖਰਚਿਆ ਗਿਆ ਪੈਸਾ, ਸਿਰਜਿਆ ਗਿਆ ਪੁਰਾਤਨ ਮਾਹੋਲ ਤੇ ਇਸ ਦੇ ਵਧੀਆ ਨਿਰਦੇਸ਼ਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਸ ਨੂੰ ਗੁੱਗੂ ਗਿੱਲ ਅਭਿਨੀਤ ਪੁਰਾਣੀ ਫ਼ਿਲਮ “ਜੱਟ ਜਿਊਣਾ ਮੌੜ” ਦੇ ਬਰਾਬਰ ਦਾ ਦਰਜਾ ਵੀ ਨਹੀਂ ਦਿੱਤਾ ਜਾ ਸਕਦਾ। ਦਰਸ਼ਕਾਂ ਦੇ ਮਨਾਂ ਵਿਚ ਰਚੇ ਉਹ ਸੰਵਾਦ, ਬੈਕਰਾਊਂਡ ਸੰਗੀਤ ਤੇ ਪੁਰਾਤਨ ਹਿੱਟ ਗਾਣਿਆਂ ਦਾ ਤੋੜ ਸ਼ਾਇਦ ਨਹੀਂ ਲੱਭ ਪਾਇਆ । ਗੱਲ ਸਿਰਫ ‘ਮੌੜ’ ਜਾਂ ‘ਜੱਟ ਜਿਊਣਾ ਮੌੜ’ ਦੀ ਨਹੀਂ, ਬਾਲੀਵੁੱਡ ਫਿਲਮ ‘ਡੌਨ’ ਵੀ ਦੂਬਾਰਾ ਬਣੀ ਸੀ ਤੇ ਵਧੀਆ ਵੀ ਪਰ ਅਮਿਤਾਭ ਬੱਚਨ ਦੀ ਅਦਾਕਾਰੀ ਦਾ ਤੋੜ ਸ਼ਾਹਰੁਖ ਨਹੀਂ ਬਣ ਸਕਿਆ ਸੀ।
ਐਕਟਰ ਕੋਈ ਮਾੜਾ ਨਹੀਂ ਕਿਹਾ ਜਾ ਸਕਦਾ ਪਰ ਅਕਸ਼ੈ ਕੁਮਾਰ, ਸ਼ਾਹਰੁਖ ਖਾਨ ਤੇ ਸਲਮਾਨ ਖਾਨ ਦੀ ਅਦਾਕਾਰੀ ਨੂੰ ਇਕ ਦੂਜੇ ਦੀ ਥਾਂ ਜਬਰਨ ਫਿੱਟ ਨਹੀਂ ਕੀਤਾ ਜਾ ਸਕਦਾ, ਬਸ ਇਹੀ ਫਰਕ ਹੈ ਬਾਲੀਵੁੱਡ ਸਿਨੇਮਾ ਤੇ ਪੰਜਾਬੀ ਸਿਨੇਮਾ ਵਿਚ, ਵੈਸੇ ਤਕਨਾਲੌਜੀ ਪੱਖੋਂ ਅਸੀਂ ਕਿਸੇ ਤੋਂ ਘੱਟ ਨਹੀਂ।
ਕਮਰਸ਼ੀਅਲ ਪੱਖ ਦੀ ਮਜਬੂਤੀ ਕਿਸੇ ਵੇਲੇ ਕਲਾਕਾਰ ਦੀ ਚੋਣ ਨਾਲੋ ਵੱਧ ਕੰਟੈਂਟ ਤੇ ਭਰੋਸੇ ਤੇ ਵੀ ਨਿਰਭਰ ਕਰਦੀ ਹੈ ਤੇ ‘ਮੌੜ’ ਦੀ ਕਹਾਣੀ ਤਾਂ ਪਹਿਲਾਂ ਹੀ ਹਿੱਟ ਸੀ,ਇਸੇ ਲਈ ਤਾਂ ਫ਼ਿਲਮ ਬਣਾਈ ਗਈ ਹੈ।

ਬਾਕੀ ਮੇਰੀ ਸੋਚ ਮੁਤਾਬਕ ਇਕ ਵਿਸ਼ੇਸ ਗੱਲ ਇਹ ਵੀ ਹੈ ਕਿ ਅੱਜ ਦੇ ਦੌਰ ਵਿਚ ਕਿਸੇ ਪੁਰਾਣੀ ਹਿੱਟ ਫਿਲਮ ਨੂੰ ਦੁਬਾਰਾ ਸਿਨੇਮਾ ਘਰਾਂ ਵਿਚ ਲਗਾਉਣਾ ਹੋਵੇ ਜਾਂ ਅਜਿਹੇ ਵਿਸ਼ੇ/ਕਹਾਣੀ ਦਾ ਰੀਮੇਕ ਕਰਨਾ ਹੋਵੇ, ਨਵੀਂ ਜਨਰੇਸ਼ਨ ਤੇ ਮੌਜੂਦਾ ਸਿਨੇਮਾ ਦਰਸ਼ਕਾਂ ਦੀ ਰੂਚੀ ਨੂੰ ਧਿਆਨ ਵਿਚ ਰੱਖਣਾ ਵੀ ਬਹੁਤ ਜ਼ਰੂਰੀ ਹੈ,ਸਿਰਫ ਜਜ਼ਬਾਤ ਤੋਂ ਕੰਮ ਲੈਣਾ ਹੀ ਕਾਫੀ ਨਹੀਂ।
ਖੈਰ ਅੱਜ ਦੇ ਸਮੇਂ ਮੁਤਾਬਕ ਇਸ ਫ਼ਿਲਮ ਨੂੰ ਹਰ ਪੱਖੋਂ ਮਜਬੂਤ ਬਣਾਉਣ ਵਿਚ ਨਿਰਮਾਤਾਵਾਂ ਤੇ ਕਲਾਕਾਰਾਂ ਵਲੋਂ ਆਪੋ ਆਪਣੀ ਥਾਂ ਕੋਈ ਕਸਰ ਨਹੀਂ ਛੱਡੀ ਗਈ। ਪ੍ਰਚਾਰ ਵੀ ਖੂਬ ਕੀਤਾ ਗਿਆ ਹੈ ਤੇ ਦਰਸ਼ਕ ਫਿਲਮ ਨੂੰ ਵੇਖ ਵੀ ਰਹੇ ਹਨ, ਤੇ ਉਹਨਾਂ ਦਾ ਹੁੰਗਾਰਾ ਰਲਵਾਂ- ਮਿਲਵਾਂ ਹੈ। ਬਾਕੀ ਨਿਰਮਾਤਾਵਾਂ ਨੂੰ ਕਮਾਈ ਕੀ ਹੁੰਦੀ ਹੈ,ਆਉਣ ਵਾਲੇ ਦਿਨਾਂ ਵਿਚ ਪਤਾ ਲੱਗੇਗਾ।
ਇਸ ਫ਼ਿਲਮ ਦੀ ਖੂਬਸੂਰਤੀ ਤੇ ਸਲਾਹੁਣਯੋਗ ਗੱਲ ਇਹ ਹੈ ਕਿ ਨਿਰਮਾਤਾਵਾਂ ਵਲੋਂ ਰਿਅਲ ਕਲਾਕਾਰਾਂ ਨੂੰ ਵਧੀਆ ਮੌਕਾ ਦਿੱਤਾ ਗਿਆ ਹੈ ਆਪਣੀ ਅਦਾਕਾਰੀ ਦਿਖਾਉਣ ਦਾ, ਜਿਸ ਵਿਚ ਉਹ ਕਾਮਯਾਬ ਵੀ ਹੋਏ। ਬਾਕੀ ਅਜਿਹੇ ਵਿਸ਼ਿਆਂ/ਕਹਾਣੀਆਂ ਨੂੰ ਵੱਡੇ ਕੈਨਵਸ ਰਾਹੀ ਰੀਮੇਕ ਕਰ ਕੇ ਪਰਦੇ ਤੇ ਉਤਾਰਾਨਾ ਇਕ ਦਲੇਰਆਨਾ ਤੇ ਮਜਬੂਤ ਕਦਮ ਹੈ ਜਿਸ ਲਈ “ਮੌੜ” ਦੇ ਨਿਰਮਾਤਾ ਪ੍ਰਸ਼ੰਸਾ ਦੇ ਹੱਕਦਾਰ ਹਨ -ਦਲਜੀਤ ਅਰੋੜਾ

Comments & Suggestions

Comments & Suggestions