ਸੰਪਾਦਕ ਦੀ ਕਲਮ ਤੋਂ………. ਪੰਜਾਬੀ ਕਲਾਕਾਰਾਂ ਦੀ ਸਿਰਮੋਰ ਸੰਸਥਾ ਬਣ ਕੇ ਉਭਰ ਰਹੀ “ਨੌਰਥ ਜ਼ੋਨ ਫ਼ਿਲਮ ਐਂਡ ਟੀ.ਵੀ. ਆਰਟਿਸਟਸ ਅੋਸੋਸੀਏਸ਼ਨ”

By  |  0 Comments

ਮੈਂ ਪਿਛਲੇ ਇਕ ਦਹਾਕੇ ਤੋਂ ਬਾਕੀ ਫ਼ਿਲਮੀ ਮੁੱਦਿਆਂ ਦੇ ਨਾਲ- ਨਾਲ ਅਕਸਰ ਇਹ ਗੱਲ ਵੀ ਕਈ ਵਾਰ ਕੀਤੀ ਹੈ ਕਿ ਵਧਦੇ ਹੋਏ ਫ਼ਿਲਮੀ ਕਾਰੋਬਾਰ ਕਾਰਨ ਫ਼ਿਲਮਾਂ ਨਾਲ ਸਬੰਧਿਤ ਵਿਅਕਤੀਆਂ ਨੂੰ ਆਪੋ ਆਪਣੇ ਖਿੱਤੇ ਵਿਚ ਕਈਂ ਤਰਾਂ ਦੀਆਂ ਔਕੜਾਂ ਵੀ ਆਉਂਦੀਆਂ ਹਨ ਜਿੰਨ੍ਹਾਂ ਨੂੰ ਨਜਿੱਠਣ ਲਈ ਕੋਈ ਇਕ ਸਮੂਹਿਕ ਜਾਂ ਆਪੋ-ਆਪਣੇ ਕੰਮ ਨਾਲ ਜੁੜੀ ਅਜਿਹੀ ਸੰਸਥਾ ਹੋਣੀ ਚਾਹੀਦੀ ਹੈ ਜਿਸ ਨਾਲ ਸਾਰੇ ਫ਼ਿਲਮੀ ਕਾਰੋਬਾਰੀਆਂ ਦਾ ਆਪਸੀ ਤਾਲਮੇਲ ਅਤੇ ਭਾਈਚਾਰਾ ਬਣਿਆ ਰਹੇ, ਲੋੜ ਪੈਣ ਤੇ ਸਭ ਇਕ-ਦੂਜੇ ਦੇ ਸਹਾਈ ਜੋ ਸਕਣ, ਇਕ-ਦੂਜੇ ਦੇ ਹੱਕਾਂ ਦੀ ਰਾਖੀ ਹੋ ਸਕੇ ਅਤੇ ਆਪਣੀਆਂ ਲੋੜੀਂਦੀਆਂ ਜ਼ਰੂਰਤਾਂ ਲਈ ਇੱਕਜੁਟ ਹੋ ਕਿ ਸਰਕਾਰੇ-ਦਰਬਾਰੇ ਆਪਣੀ ਗੱਲ ਰੱਖੀ ਜਾ ਸਕੇ।ਬਾਲੀਵੁੱਡ ਦੀ ਤਰਜ਼ ਤੇ ਇਹ ਐਸੋਸੀਏਸ਼ਨ ਕਲਾਕਾਰਾਂ ਦੀ, ਫ਼ਿਲਮ ਨਿਰਮਾਤਾਵਾਂ-ਨਿਰਦੇਸ਼ਕਾਂ ਦੀ,ਲੇਖਕਾਂ ਦੀ ਅਤੇ ਫ਼ਿਲਮਾਂ ਨਾਲ ਸਬੰਧਿਤ ਹੋਰ ਵਿਅਕਤੀਆਂ ਦੀ ਵੀ ਹੋ ਸਕਦੀ ਹੈ।
ਹੁਣ ਖੁਸ਼ੀ ਦੀ ਗੱਲ ਇਹ ਹੈ ਕਿ 2019 ਵਿਚ ਮੁੜ ਸੁਰਜੀਤ ਹੋਈ ਅਤੇ ਪੰਜਾਬ ਦੇ ਕਲਾਕਾਰਾਂ ਦੀ ਸਿਰਮੋਰ ਸੰਸਥਾ ਬਣ ਕੇ ਉਭਰ ਰਹੀ “ਨੌਰਥ ਜ਼ੋਨ ਫ਼ਿਲਮ ਐਂਡ ਟੀ.ਵੀ. ਆਰਟਿਸਟਸ ਅੋਸੋਸੀਏਸ਼ਨ” ਨੇ ਪੰਜਾਬ ਵਿਚ ਆਪਣੇ ਪੈਰ ਪੂਰੀ ਤਰਾਂ ਜਮਾ ਲਏ ਹਨ।ਸੀਨੀਅਰ ਫ਼ਿਲਮ ਕਲਾਕਾਰ ਯੋਗਰਾਜ ਸਿੰਘ ਦੀ ਸਰਪ੍ਰਸਤੀ ਅਤੇ ਗੁੱਗੂ ਗਿੱਲ ਸਾਹਿਬ ਦੀ ਚੇਅਰਮੈਨਸ਼ਿਪ ਹੇਠ ਇਸ ਸੰਸਥਾ ਦੀ ਕਮਾਂਡ ਬਤੌਰ ਪ੍ਰਧਾਨ ਪ੍ਰਸਿੱਧ ਕਲਾਕਾਰ ਗੁਰਪ੍ਰੀਤ ਘੁੱਗੀ ਅਤੇ ਜਨਰਲ ਸਕੱਤਰ ਮਲਕੀਤ ਸਿੰਘ ਰੌਣੀ ਹੋਰਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲੀ ਹੋਈ ਹੈ, ਜਿਸ ਵਿਚ ਪੰਜਾਬ ਦੇ ਲੱਗਭੱਗ ਸਾਰੇ ਹੀ ਨਵੇਂ-ਪੁਰਾਣੇ ਨਾਮੀ ਕਲਾਕਾਰ ਬਤੌਰ ਅਹੁਦੇਦਾਰ ਅਤੇ ਮੈਂਬਰ ਇਸ ਦਾ ਸਹਿਯੋਗ ਦੇ ਰਹੇ ਹਨ।ਆਏ ਦਿਨ ਸੰਸਥਾ ਵਲੋਂ ਕੋਈ ਨਾ ਕੋਈ ਵਧੀਆ ਉਪਰਾਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ, ਚਾਹੇ ਸਿਨੇਮਾ ਨਾਲ ਸਬੰਧ ਰੱਖਦਾ ਹੋਵੇ ਜਾਂ ਕਿਸੇ ਸਮਜਿਕ ਕੰਮ ਨਾਲ।


ਹੁਣ ਤੱੱਕ ਸੰਸਥਾ ਵਲੋਂ ਪੰਜਾਬੀ ਸਿਨੇਮਾ ਅਤੇ ਹੋਰ ਸਮਾਜ ਸੇਵੀ ਕੀਤੇ ਮੁੱਖ ਉਪਰਾਲਿਆਂ ਵਿਚ ਪੰਜਾਬੀ ਸਿਨੇਮੇ ਦੇ (1935-1985) ਤੱਕ ਦੇ ਦੁਰਲੱਭ ਇਤਿਹਾਸ ਦੀਆਂ ਮਨਦੀਪ ਸਿੰਘ ਸਿੱਧੂ ਲਿਖਤ (ਪੰਜਾਬੀ) ਅਤੇ ਭੀਮ ਰਾਜ ਗਰਗ ਲਿਖਤ (ਇੰਗਲਿਸ਼) ਖੋਜ ਭਰਪੂਰ ਕਿਤਾਬਾਂ ਨੂੰ ਵੱਡੇ ਸਮਾਰੋਹਾਂ ਰਾਹੀਂ ਪਾਲੀਵੁੱਡ-ਬਾਲੀਵੁੱਡ ਦੇ ਦਿੱਗਜ਼ ਕਲਾਕਾਰਾਂ,ਦੇਸ਼-ਵਿਦੇਸ਼ ਦੇ ਪਿੰਟ-ਇਲੈਕਟ੍ਰੋਨਿਕ ਮੀਡੀਆ ਅਤੇ ਪੰਜਾਬ ਸਰਕਾਰ ਦੇ ਨੁਮਾਇੰਦੇ (ਮੰਤਰੀਆਂ) ਦੀ ਹਾਜ਼ਰੀ ਵਿਚ ਲੋਕ ਅਰਪਿਤ ਕਰਨਾ, ਹੜ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ,ਆਪਣੀ ਅਧਿਕਾਰਿਤ ਵੈਬਸਾਈਟ ਰਾਹੀਂ ਬਿਨਾਂ ਕਿਸੇ ਦੀ ਵਿਚੋਲਗੀ ਨਵੇਂ ਕਲਾਕਾਰਾਂ ਨੂੰ ਅੱਗੇ ਲਿਆਉਣ ਲਈ ਵਿਸ਼ੇਸ਼ ਕਦਮ ਚੁੱਕਣੇ, ਰਿਟਾਇਰਡ ਹੋ ਗਏ ਲੋੜਵੰਦ ਕਲਾਕਾਰਾਂ, ਗੁਜ਼ਰ ਚੁੱਕੇ ਕਲਾਕਾਰਾਂ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਫੰਡ ਇਕੱਤਰ ਕਰਨ ਲਈ ਐਸੋਸੀਏਸ਼ਨ ਵਲੋਂ ਅਲੱਗ ਤੋਂ ਰਾਖਵਾਂ ਖਾਤਾ ਖੋਲਿਆ ਜਾਣਾ ਅਤੇ ਨਵੀਂ ਬਣੀ “ਪੰਜਾਬ ਫ਼ਿਲਮ ਸਿਟੀ” ਜ਼ਿਲ੍ਹਾਂ ਫਤਿਹਗੜ੍ਹ ਸਾਹਿਬ ਵਿਖੇ, ਵਾਰਤਾਵਰਣ ਦੀ ਸ਼ੁੱਧਤਾ ਲਈ ਗੁਰੂ ਨਾਨਕ ਦੇਵ ਜੀ ਦੀ 550ਵੀਂ ਸ਼ਤਾਬਦੀ ਨੂੰ ਸਮਰਪਿਤ 550 ਬੂਟੇ ਲਾਉਣ ਲਈ ਵੱਡੇ ਕਲਾਕਾਰਾਂ ਦਾ ਵੱਡਾ ਇੱਕਠ ਹੋਣਾ ਆਦਿ ਵਿਸ਼ੇਸ਼ ਜ਼ਿਕਰਯੋਗ ਹਨ।
ਜਿੱਥੇ ਇਹ ਸੰਸਥਾ ਪੰਜਾਬੀ ਸਿਨੇਮਾ ਦੀਆਂ ਗਤੀਵਿਧੀਆਂ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀ ਹੈ, ਉੱਥੇ ਇਸ ਦੇ ਸਮਾਜ ਸੇਵੀ ਕੰਮਾਂ ਵਿਚ ਸੀਨੀਅਰ ਅਤੇ ਵੱਡੇ ਕਲਾਕਾਰਾਂ ਦਾ ਸਾਹਮਣੇ ਆਉਣਾ ਵੀ ਬੇਹੱਦ ਪ੍ਰਸ਼ੰਸਾਯੋਗ ਹੈ, ਇਸ ਨਾਲ ਨਵੀ ਪਨੀਰੀ ਦੇ ਕਲਾਕਾਰਾਂ ਵਿਚ ਨਿਮਰਤਾ ਅਤੇ ਸਮਾਜ ਸੇਵੀ ਭਾਵਨਾਵਾਂ  ਉਤਪਨ ਹੁੰਦੀਆਂ ਹਨ,ਜਿਸ ਨਾਲ ਸਮਾਜ ਵਿਚ ਕਲਾਕਾਰਾਂ ਦੀ ਹੋਰ ਸਤਿਕਾਰਤ ਜਗ੍ਹਾ ਵੀ ਬਣਦੀ ਹੈ।
ਉਮੀਦ ਹੈ ਕਿ ਇਹ ਸੰਸਥਾ ਆਉਣ ਵਾਲੇ ਦਿਨਾਂ ਵਿਚ ਵੀ ਇਸੇ ਤਰਾਂ ਆਪਸੀ ਤਾਲ-ਮੇਲ, ਪਿਆਰ ਅਤੇ ਇਤਫ਼ਾਕ ਨਾਲ ਅਹਿਜੇ ਹੋਰ ਵੀ ਉਪਰਾਲੇ ਜਾਰੀ ਰੱਖੇਗੀ ਜਿਸ ਵਿਚ ਪੰਜਾਬੀ ਸਿਨੇਮਾਂ ਦੀ ਬੇਹਤਰੀ ਲਈ ਵੱਧ-ਚੜ ਕੇ ਕੰਮ ਕਰਨਾ, ਪੰਜਾਬੀ ਫ਼ਿਲਮ ਨਿਰਮਾਤਾਵਾਂ ਨੂੰ ਕਮਰਸ਼ੀਅਲ ਸਿਨੇਮਾ ਦੇ ਨਾਲ-ਨਾਲ, ਕਲਾ /ਪਰੈਲਰ ਸਿਨੇਮੇ ਲਈ ਪ੍ਰੇਰਨਾ, ਨਵੇ-ਪੁਰਾਣੇ ਕਲਾਕਾਰਾਂ ਦੀ ਭਲਾਈ, ਉਨਾਂ ਨੂੰ ਆਉਣ ਵਾਲੀਆ ਮੁਸ਼ਿਕਲਾਂ ਦੇ ਹਲ, ਉਨ੍ਹਾਂ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋਣਾ, ਸੰਸਥਾ ਵਲੋਂ ਸਵੈ ਸੰਗਠਿਤ ਸਨਮਾਨ ਸਮਾਰੋਹਾਂ ਰਾਹੀਂ ਪੰਜਾਬੀ ਸਿਨੇਮਾ ਲਈ ਆਨ ਸਕਰੀਨ ਅਤੇ ਆਫ਼ ਸਕਰੀਨ ਕੰਮ ਕਰ ਰਹੇ ਹਰ ਤਰਾਂ ਦੇ ਵਿਅਕਤੀਆਂ ਦੀ ਉਨ੍ਹਾਂ ਦੇ ਕੰਮ ਮੁਤਾਬਕ ਹੌਸਲਾ ਅਫ਼ਜਾਈ ਕਰਨ, ਸਾਰੀ ਪਾਲੀਵੁੱਡ ਇੰਡਸਟਰੀ ਵਿਚ ਆਪਸੀ ਤਾਲਮੇਲ ਬਣਾਉਣ ,ਨਵੇਂ ਫ਼ਿਲਮ ਨਿਰਮਾਤਾਵਾਂ ਦਾ ਸਵਾਗਤ ਅਤੇ ਸਹਿਯੋਗ ਆਦਿ ਦੇ ਨਾਲ ਨਾਲ ਸਮਾਜ ਭਲਾਈ ਦੇ ਹੋਰ ਕੰਮ ਵੀ ਸ਼ਾਮਲ ਹੋਣਗੇ।
ਜੇ ਪੰਜਾਬ ਵਿਚ “ਨੌਰਥ ਜ਼ੋਨ ਫ਼ਿਲਮ ਐਂਡ ਟੀ.ਵੀ ਆਰਟਿਸਟਸ ਐਸੋਸੀਏਸ਼ਨ” ਦੀ ਤਰਜ਼ ਤੇ ਫ਼ਿਲਮ ਖਿੱਤੇ ਨਾਲ ਸਬੰਧ ਰੱਖਦੇ ਬਾਕੀ ਜ਼ਰੂਰੀ ਵਿਅਕਤੀਆਂ ਦੇ ਕੰੰਮਾਂ ਦੀਆਂ ਸੰਸਥਾਵਾਂ ਵੀ ਬਣ ਜਾਣ ਤਾਂ ਪਾਲੀਵੁੱਡ ਵਿਚ ਹੋਰ ਪਾਰਦਰਸ਼ਤਾ,ਨਿਖਾਰ ਅਤੇ ਨਵੇਂ ਨਿਰਮਾਤਾਵਾਂ ਦੀ ਪੰਜਾਬੀ ਫ਼ਿਲਮਾਂ ਪ੍ਰਤੀ ਦਿਲਚਸਪੀ ਵਧਣ ਦੀਆਂ ਸੰਭਾਵਨਾਵਾਂ ਵੀ ਵਧਣਗੀਆਂ।
ਪਾਲੀਵੁੱਡ ਉਦਯੋਗ 2020 ਵਿਚ ਹੋਰ ਬੁਲੰਦੀਆਂ ਨੂੰ ਛੂਹੇ,ਅਹਿਜੀ ਮੇਰੀ ਕਾਮਨਾ ਹੈ, ਸਭ ਨੂੰ ਮੇਰੀਆਂ ਸ਼ੁੱਭ ਇੱਛਾਵਾਂ।
-ਦਲਜੀਤ ਅਰੋੜਾ      

Comments & Suggestions

Comments & Suggestions