ਫ਼ਿਲਮ ‘ਅਸੀਸ’ ਰਾਹੀਂ ਨਿਰਦੇਸ਼ਨ ਵੱਲ ਕਦਮ ਵਧਾਉਂਦਾ ਰਾਣਾ ਰਣਬੀਰ

By  |  0 Comments

ਜਦੋਂ ਰਾਣਾ ਰਣਬੀਰ ਵਰਗਾ ਸੁਲਝਿਆ ਹੋਇਆ ਐਕਟਰ, ਲੇਖਕ ਅਤੇ ਇਨਸਾਨ ਫ਼ਿਲਮ ਨਿਰਦੇਸ਼ਨ ਵੱਲ ਕਦਮ ਰੱਖੇਗਾ ਤਾਂ ਸੁਭਾਵਿਕ ਹੀ ਹੈ ਕਿ ਉਹ ਇਕ ਸੁਲਝੀ ਹੋਈ ਕਹਾਣੀ ‘ਤੇ ਕੰਮ ਕਰੇਗਾ, ਉਸ ਦੀ ਕੋਸ਼ਿਸ਼ ਹੋਵੇਗੀ ਕਿ ਆਪਣੀਆਂ ਸਧਰਾਂ ‘ਚ ਪਲਦੇ ਇਕ ਨਿਰਦੇਸ਼ਕ ਦੀਆਂ ਰੀਝਾਂ ਨੂੰ ਉਹ ਪਰਦੇ ‘ਤੇ ਇਸ ਕਦਰ ਉਤਾਰੇ ਕਿ ਲੋਕ ਕਹਿ ਸਕਣ, ਵਾਕਿਆ ਹੀ ਜ਼ਰੂਰਤ ਸੀ ਅਜਿਹੇ ਫ਼ਿਲਮ ਨਿਰਦੇਸ਼ਕ ਦੀ, ਜੋ ਆਪਣੇ-ਆਪ ‘ਤੇ ਖ਼ਰਾ ਉੁਤਰਨ ਦੇ ਨਾਲ-ਨਾਲ ਨਿਰਮਾਤਾ ਅਤੇ ਦਰਸ਼ਕਾਂ ਦੀਆਂ ਉਮੀਦਾਂ ‘ਤੇ ਵੀ ਖ਼ਰਾ ਉਤਰੇ। ਸਾਨੂੰ ਲੱਗਦਾ ਹੈ ਕਿ ਗੁਣਾਂ ਦੀ ਗੁੱਥਲੀ ਰਾਣਾ ਰਣਬੀਰ ਫ਼ਿਲਮ ‘ਅਸੀਸ’ ਰਾਹੀਂ ਇਹ ਕੰਮ ਸਹਿਜ-ਸੁਭਾਅ ਹੀ ਨੇਪਰੇ ਚਾੜ੍ਹ ਕੇ ਪੰਜਾਬ ਦੇ ਵਧੀਆ ਫ਼ਿਲਮ ਨਿਰਦੇਸ਼ਕਾਂ ਵਿਚ ਆਪਣਾ ਨਾਂਅ ਸ਼ਾਮਲ ਕਰਵਾ ਲਵੇਗਾ।
ਫ਼ਿਲਮ ‘ਅਸੀਸ’ ਰਾਹੀਂ ਨਿਰਦੇਸ਼ਕ ਬਣਨ ਜਾ ਰਹੇ ਰਾਣਾ ਰਣਬੀਰ ਦੀ ਫ਼ਿਲਮ ਦੇ ਨਿਰਮਾਤਾ ਹਨ ਬਲਦੇਵ ਸਿੰਘ ਬਾਠ, ਲਵਪ੍ਰੀਤ ਸਿੰਘ ਲੱਕੀ ਅਤੇ ਰਾਣਾ ਰਣਬੀਰ। ਸਰੀ (ਕਨੇਡਾ) ਵਿਚ ਇਸ ਫ਼ਿਲਮ ਦੀ ਅਨਾਊਂਸਮੈਂਟ ਬਾਰੇ ਹੋਈ ਪ੍ਰੈਸ ਕਾਨਫਰੰਸ ਵਿਚ ਇਕ ਵਿਸ਼ੇਸ਼ ਗੱਲ ਜੋ ਸਾਹਮਣੇ ਆਈ, ਉਹ ਇਹ ਕਿ ਆਪੋ-ਆਪਣੇ ਕਾਰੋਬਾਰ ਵਿਚ ਕਾਮਯਾਬ ਸਾਰੇ ਨਿਰਮਾਤਾਵਾਂ ‘ਚੋਂ ਕਿਸੇ ਨੂੰ ਵੀ ਫ਼ਿਲਮ ‘ਚੋਂ ਕਮਾਈ ਦੀ ਲਾਲਸਾ ਨਾ ਹੋ ਕੇ ਸਮਾਜ ਦੀਆਂ ਮੌਜੂਦਾਂ ਸੱਚਾਈ ਭਰੀਆਂ ਪ੍ਰਸਥਿੱਤੀਆਂ ‘ਤੇ ਇਕ ਵਧੀਆ ਪੰਜਾਬੀ ਫ਼ਿਲਮ ਦਰਸ਼ਕਾਂ ਦੀ ਝੋਲੀ ਪਾਉਣ ਦੀ ਤਮੰਨਾ ਹੈ, ਜਿਸ ਲਈ ਇਹ ਤਿੰਨੋਂ ਇਕੱਠੇ ਹੋਏ ਹਨ।
ਫ਼ਿਲਮ ਨਿਰਦੇਸ਼ਕ ਰਾਣਾ ਰਣਬੀਰ ਨੇ ਫ਼ਿਲਮ ਵਿਚ ਕੰਮ ਕਰ ਰਹੇ ਕੁਝ ਟੀਮ ਮੈਂਬਰਾਂ ਦਾ ਜ਼ਿਕਰ ਵੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ, ਜਿਨ੍ਹਾਂ ਵਿੱਚੋਂ ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ, ਗਾਇਕ ਕੰਵਰ ਗਰੇਵਾਲ, ਫ਼ਿਰੋਜ਼ ਖਾਨ, ਲਖਵਿੰਦਰ ਵਡਾਲੀ, ਪ੍ਰਦੀਪ ਸਰ੍ਹਾਂ, ਅਦਾਕਾਰ ਕੁਲਜਿੰਦਰ ਸਿੱਧੂ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਅਨੀਤਾ ਮੀਤ, ਸਰਦਾਰ ਸੋਹੀ, ਰਘੂਵੀਰ ਬੋਲੀ, ਅਰਵਿੰਦਰ ਕੌਰ, ਦਿਲਰਾਜ ਉਦੈ,  ਮਿਸ ਜੋਤ ਅਰੋੜਾ , ਜੱਗੀ ਧੂਰੀ, ਸ਼ਵਿੰਦਰ ਵਿੱਕੀ, ਰਵਿੰਦਰ ਮੰਡ, ਪ੍ਰਦੀਪ ਸਰ੍ਹਾਂ ਅਤੇ ਸੈਮੂਲ ਜੌਨ ਦੇ ਨਾਂਅ ਸ਼ਾਮਲ ਹਨ।  ਰਾਣਾ ਰਣਬੀਰ ਦਾ ਇਸ ਫ਼ਿਲਮ ਦੇ ਕਲਾਕਾਰਾਂ ਨੂੰ ਪਬਲੀਕਲੀ ਇੰਟਰਡਿਊਸ ਕਰਵਾਉਣ ਦਾ ਨਿਵੇਕਲਾ ਅੰਦਾਜ਼ ਵੀ ਸਾਹਮਣੇ ਆਇਆ ਕਿ ਉਹ ਆਪਣੇ ਸਾਰੇ ਕਲਾਕਾਰਾਂ ਨੂੰ ਇਕ-ਇਕ ਕਰਕੇ ਆਪਣੇ ਫੇਸਬੁੱਕ ਪੇਜ਼ ‘ਤੇ ਤਸਵੀਰ ਸਹਿਤ ਸ਼ੇਅਰ ਕਰ ਰਹੇ ਹਨ ਜੋ ਕਿ ਇਕ ਕਾਬਿਲ-ਏ-ਤਾਰੀਫ਼ ਉਪਰਾਲਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਦਸੰਬਰ ਦੇ ਪਹਿਲੇ ਹਫ਼ਤੇ ਪੰਜਾਬ ਦੀਆਂ ਵੱਖ-ਵੱਖ ਖ਼ੂਬਸੂਰਤ ਲੋਕੇਸ਼ਨਾਂ ‘ਤੇ ਸ਼ੁਰੂ ਹੋਣ ਜਾ ਰਹੀ ਹੈ, ਪ੍ਰਮਾਤਮਾ ਚੜ੍ਹਦੀ ਕਲਾ ਕਰੇ।

Comments & Suggestions

Comments & Suggestions