ਫ਼ਿਲਮ ਨਿਰਦੇਸ਼ਨ ਰੁਤਬਾ ਨਹੀਂ ਜ਼ਿੰਮੇਵਾਰੀ ਹੈ

By  |  0 Comments

ਇਸ ਤੋਂ ਪਹਿਲਾਂ ਮੈਂ ਗੱਲ ਕਰ ਚੁੱਕਾ ਹਾਂ ਫ਼ਿਲਮ ਨਿਰਮਾਤਾ ਦੀ, ਕਿ “ਨਿਰਮਾਤਾ ਹੈ ਅੰਨਦਾਤਾ’’ ਅਤੇ ਅੱਜ ਮਂੈ ਗੱਲ ਕਰ ਰਿਹਾ ਹਾਂ ਫ਼ਿਲਮ ਨਿਰਦੇਸ਼ਕ ਦੀ।
ਪਿੱਛੇ ਜਿਹੇ ਹੋਏ ਪੀ.ਟੀ.ਸੀ. ਫ਼ਿਲਮ ਐਵਾਰਡ ਵਿਚ ਇਕ ਫ਼ਿਲਮ ਨਿਰਦੇਸ਼ਕ ਨੇ ਸਟੇਜ ’ਤੇ ਬੋਲਦਿਆਂ ਆਪਣੇ ਹੀ ਪੇਸ਼ੇ ਨੂੰ ਹਲਕੀ ਤਰ੍ਹਾਂ ਲੈਂਦੇ ਹੋਏ ਇਹ ਕਹਿ ਦਿੱਤਾ ਕਿ ‘‘ਨਿਰਦੇਸ਼ਕ ਤਾਂ ਐਵੇਂ ਨਾਂਅ ਦਾ ਹੀ ਹੁੰਦੈ, ਇਹ ਤਾਂ ਬਸ ਰੁਤਬਾ ਹੀ ਹੈ, ਫ਼ਿਲਮ ਬਨਾਉਣ ਲਈ ਸਾਰੇ ਕੰਮ ਆਪੇ ਹੋ ਜਾਂਦੇ ਹਨ, ਕੈਮਰੇ ਵਾਲੇ ਨੇ ਆਪਣਾ ਕੰੰਮ ਕਰ ਦੇਣਾ ਹੈ, ਗਾਉਣ ਵਾਲੇ ਨੇ ਆਪਣਾ, ਬਸ ਇਸੇ ਤਰ੍ਹਾਂ ਬਾਕੀਆਂ ਨੇ ਆਪੋ-ਆਪਣਾ, ਤੇ ਫ਼ਿਲਮ ਬਣ ਗਈ ਬਸ’’, ਦੱਸੋ ਹੈ ਕਿ ਨਹੀਂ ਮਜ਼ਾਕ ਵਾਲੀ ਗੱਲ ਜੋ ਕਿ ਮਿੱਤਰਾਂ ਦੀ ਟੋਲੀ ਵਿਚ ਬੰਦਾ ਹੱਸਦਿਆਂ ਕਰ ਦੇਵੇ ਤਾਂ ਵੱਖਰੀ ਗੱਲ ਹੈ, ਪਰ ਪਬਲੀਕਲੀ ਤਾਂ ਬੰਦਾ ਸੋਚ ਕੇ ਬੋਲੇ।
ਖ਼ੈਰ, ਗੱਲ ਨਿਰਦੇਸ਼ਕ ਦੀ, ਜੋ ਕਿ ਰੁਤਬਾ ਨਹੀਂ ਜ਼ਿੰਮੇਵਾਰੀ ਦਾ ਨਾਮ ਹੈ ਅਤੇ ਇਸ ਨੂੰ ਰੁਤਬੇ ਵਿਚ ਢਾਲਣ ਲਈ ਕਈ ਨਿਰਦੇਸ਼ਕਾਂ ਦੇ ਸਾਲੋ-ਸਾਲ ਲੱਗ ਗਏ ਅਤੇ ਫੇਰ ਉਹ ਨਿਰਦੇਸ਼ਕ ਕਿਸੇ ਮੁਕਾਮ ’ਤੇ ਪੁੱਜੇ।
ਫ਼ਿਲਮ ਨਾਲ ਬੱਝੀ ਸਾਰੀ ਟੀਮ ਨੇ ਨਿਰਦੇਸ਼ਕ ਦੇ ਇਸ਼ਾਰਿਆਂ ’ਤੇ ਹੀ ਚੱਲਣਾ ਹੁੰਦਾ ਹੈ, ਕਿਉਂਕਿ ਫ਼ਿਲਮ ਇਕ ਦੂਰ-ਅੰਦੇਸ਼ ਅਤੇ ਵਿਸ਼ਾਲ ਵਿਜ਼ਨ ਨਾਲ ਬਣਦੀ ਹੈ ਜੋ ਕਿ ਸਿਰਫ਼ ਨਿਰਦੇਸ਼ਕ ਕੋਲ ਹੀ ਹੁੰਦਾ ਹੈ, ਜਿਸ ਨਾਲ ਕਿਸੇ ਕਹਾਣੀ ਨੂੰ ਵਧੀਆ ਟ੍ਰੀਟਮੈਂਟ ਦੇ ਕੇ, ਉਸ ਨਾਲ ਨਿਆਂ ਕਰ ਕੇ ਪਰਦੇ ’ਤੇ ਉਤਾਰਿਆ ਜਾ ਸਕਦਾ ਹੈ। ਕਹਾਣੀ ਮੁਤਾਬਕ ਢੁਕਵੇਂ ਸੰਗੀਤ, ਗੀਤਾਂ ਦੇ ਬੋਲਾਂ ਦੀ ਚੋਣ ਅਤੇ ਉਨ੍ਹਾਂ ਮੁਤਾਬਕ ਗਾਇਕਾਂ ਦੀ ਚੋਣ ਅਤੇ ਫੇਰ ਫ਼ਿਲਮ ਦੇ ਦਿ੍ਰਸ਼ਾਂ ਮੁਤਾਬਕ ਪਿੱਠਵਰਤੀ ਸੰਗੀਤ ਨੂੰ ਜੋੜਣ ਦਾ ਕੰਮ ਨਿਰਦੇਸ਼ਕ ਦਾ ਹੀ ਹੈ।
ਇਕ ਨਿਰਦੇਸ਼ਕ ਵਿਚ ਲੀਡਰਸ਼ਿਪ ਗੁਣ ਹੋਣਾ ਬਹੁਤ ਜ਼ਰੂਰੀ ਹੈ। ਫ਼ਿਲਮ ਸੈਟ ’ਤੇ ਇਕ ਫ਼ਿਲਮ ਨਿਰਦੇਸ਼ਕ ਦੀ ਸ਼ਖ਼ਸੀਅਤ ਇਕ ਡਿਕਟੇਟਰ ਦੀ ਤਰ੍ਹਾਂ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਬੰਦਾ ਤੁਹਾਡੇ ’ਤੇ ਹਾਵੀ ਨਾ ਹੋ ਸਕੇ ਅਤੇ ਇਹ ਤਾਂ ਹੀ ਸੰਭਵ ਹੈ, ਜਦੋਂ ਤੁਸੀਂ ਤਜ਼ਰਬੇਕਾਰ ਹੋ ਅਤੇ ਆਪਣੇ ਕੰਮ ਪ੍ਰਤੀ ਆਤਮ ਵਿਸ਼ਵਾਸ ਰੱਖਦੇ ਹੋ ਅਤੇ ਤੁਸੀਂ ਸਾਰੀ ਟੀਮ ਕੋਲਂੋ ਇੱਜ਼ਤ ਨਾਲ ਸਹਿਯੋਗ ਲੈਣ ਦੇ ਸਮਰੱਥ ਹੋ।
ਇੱਥੇ ਕਈ ਪੰਜਾਬੀ ਫ਼ਿਲਮਾਂ ਵਿਚ ਆਮ ਤੌਰ ’ਤੇ ਵੇਖਿਆ ਗਿਆ ਹੈ ਕਿ ਕਈ ਸੀਨੀਅਰ ਐਕਟਰ ਬਹੁਤ ਓਵਰ ਜਾ ਰਹੇ ਹੁੰਦੇ ਹਨ ਪਰ ਸਾਡੇ ਨਿਰੇਦਸ਼ਕਾਂ ਵਿਚ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਨ੍ਹਾਂ ਨੂੰ ਟੋਕ ਸਕਣ, ਅਤੇ ਬਾਅਦ ਵਿਚ ਫ਼ਿਲਮ ਕਿ੍ਰਟਿਕਸ ਦੀ ਮਾਰ ਵੀ ਨਿਰਦੇਸ਼ਕਾਂ ਨੂੰ ਹੀ ਝੱਲਣੀ ਪੈਂਦੀ ਹੈ। ਫ਼ਿਲਮ ਦੇ ਇਕ-ਇਕ ਹਿੱਸੇ ਨੂੰ ਆਪਣੀ ਸੋਚ ਮੁਤਾਬਕ ਫਿਲਮਾਉਣਾ ਨਿਰਦੇਸ਼ਕ ਦਾ ਹੀ ਕੰੰਮ ਹੈ, ਭਾਵੇਂ ਐਕਸ਼ਨ ਵਾਲਾ ਹਿੱਸਾ ਹੋਵੇ ਜਾਂ ਫ਼ਿਲਮ ਦੇ ਗੀਤ। ਅੰਤ, ਫ਼ਿਲਮ ਐਡੀਟਰ ਨੂੰ ਜੋ ਫ਼ਿਲਮਾ ਕੇ ਦਿੱਤਾ ਜਾਵੇਗਾ, ਉਹੀ ਉਹ ਜੋੜਣ ਦੀ ਕੋਸ਼ਿਸ਼ ਕਰੇਗਾ, ਆਪਣੇ ਕੋਲੋਂ ਕੁਝ ਨਹੀਂ ਕਰ ਸਕਦਾ।
ਫ਼ਿਲਮਾਂ ਲਈ ਢੁਕਵੇਂ ਕਲਾਕਾਰ ਅਤੇ ਲੋਕੇਸ਼ਨਾਂ ਨਿਰਦੇਸ਼ਕ ਦੀ ਹੀ ਸੋਚ ਦਾ ਹਿੱਸਾ ਹੈ, ਵਰਨਾ ਫ਼ਿਲਮ ਵਿਚ ਕਿਸੇ ਇਕ ਵਿਸ਼ੇਸ਼ ਕਿਰਦਾਰ ਲਈ ਗਲਤ ਐਕਟਰ ਦੀ ਚੋਣ ਹੀ ਫ਼ਿਲਮ ਨੂੰ ਲੈ ਡੁੱਬਦੀ ਵੇਖੀ ਹੈ।
ਫ਼ਿਲਮ ਦੇਖਣ ਲਈ ਦਰਸ਼ਕ ਦੀ ਜੇਬ ’ਚੋਂ ਨਿਕਲੇ 100 ਰੁਪਏ ਤੋਂ ਲੈ ਕੇ ਨਿਰਮਾਤਾ ਦੀ ਤੁਹਾਡੇ ’ਤੇ ਯਕੀਨ ਕਰ, ਖਰਚੇ ਕਰੋੜਾਂ ਦੀ ਸਭ ਤੋਂ ਵੱਡੀ ਅਤੇ ਇਖ਼ਲਾਕੀ ਜ਼ਿੰਮੇਵਾਰੀ ਵੀ ਨਿਰਦੇਸ਼ਕ ਦੀ ਹੀ ਹੈ। ਫ਼ਿਲਮ ਨੂੰ ਹਰ ਪਾਸਿਓਂ ਵਧੀਆ ਬਣਾ ਕੇ ਪੇਸ਼ ਕਰਨਾ ਨਿਰਦੇਸ਼ਕ ਦਾ ਕੰਮ ਹੈ , ਉਸ ਤੋਂ ਬਾਅਦ ਵੀ ਦਰਸ਼ਕਾਂ ਨੂੰ ਫ਼ਿਲਮ ਪਸੰਦ ਨਾ ਆਉਣ ਤੇ ਫੇਰ ਵੀ ਆਪਣੀ ਹਾਰ ਕਬੂਲਣੀ ਇਕ ਦੂਰ-ਅੰਦੇਸ਼ ਨਿਰਦੇਸ਼ਕ ਦੀ ਦਰਿਆਦਿਲੀ ਹੋਵੇ, ਇਹੋ ਜਿਹਾ ਹੁੰਦਾ ਹੈ ਇਕ ਉਸਾਰੂ ਨਿਰਦੇਸ਼ਕ।
ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ, ਫੌਜ ਦਾ ਮੁੱਖੀ, ਸ਼ਿਪ ਦਾ ਕੈਪਟਨ, ਪਾਰਟੀ ਦਾ ਲੀਡਰ, ਵੱਡੀ ਬਿਲਡਿੰਗ ਦਾ ਇੰਜੀਨੀਅਰ, ਇਹ ਸਭ ਵੱਡੀਆਂ ਜ਼ਿੰਮੇਵਾਰੀਆਂ ਹਨ, ਨਾ ਕਿ ਰੁਤਬੇ।
ਆਖ਼ਰ ਗੱਲ ਫੇਰ ਫ਼ਿਲਮ ਨਿਰਦੇਸ਼ਕਾਂ ਦੀ ਕਿ ਬਾਲੀਵੁੱਡ ਨਿਰਦੇਸ਼ਕ ਸ਼ਾਮ ਬੈਨੇਗਲ, ਵੀ.ਸ਼ਾਂਤਾ ਰਾਮ, ਸਤਿਅਜੀਤ ਰੇਅ, ਕੇ. ਆਸਿਫ, ਬਿਮਲ ਰਾਏ, ਗੋਵਿੰਦ ਨਿਹਲਾਨੀ, ਮਨੀ ਰਤਨਮ, ਗੁਰੂ ਦੱਤ, ਐਲ.ਵੀ. ਪ੍ਰਸਾਦ, ਯਸ਼ ਚੋਪੜਾ, ਸੁਭਾਸ਼ ਘਈ, ਰਾਜਕੁਮਾਰ ਸੰਤੋਸ਼ੀ, ਅਨੁਰਾਗ ਕਸ਼ਅਪ ਅਤੇ ਪ੍ਰਕਾਸ਼ ਝਾ ਜਿਹੇ ਲੋਕ ਸਾਡੇ ਕੋਲ ਉਹ ਉਦਹਾਰਣਾਂ ਹਨ, ਜਿਨ੍ਹਾਂ ਦੀ ਫ਼ਿਲਮਾਂ ਲਈ ਤਨਦੇਹੀ ਜ਼ਿੰਮੇਵਾਰੀ ਨੇ ਨਿਰਦੇਸ਼ਕਾਂ ਨੂੰ ਰੁਤਬੇ ਦਾ ਮੁਕਾਮ ਦਿੱਤਾ। ਦਰਸ਼ਕ ਇਨ੍ਹਾਂ ਦੇ ਨਾਵਾਂ ’ਤੇ ਫ਼ਿਲਮਾਂ ਵੇਖਣ ਲੱਗੇ ਐਕਟਰਾਂ ਦੇ ਨਾਂਅ ਵੀ ਨਹੀਂ ਸੀ ਪੱੁਛਦੇ ਅਤੇ ਫ਼ਿਲਮ ਡਿਸਟ੍ਰੀਬਿਊਟਰ ਵੀ ਅੱਖਾਂ ਬੰਦ ਕਰ ਕੇ ਫ਼ਿਲਮਾਂ ਖਰੀਦ ਲੈਂਦੇ ਸਨ।
ਅੱਜ ਤੱਕ ਸਾਰੇ ਸਥਾਪਿਤ ਐਕਟਰ ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਡਾਇਰੈਕਟਰ ਦੇ ਨਾਮ ਨੂੰ ਹੀ ਤਰਜੀਹ ਦਿੰਦੇ ਆਏ ਹਨ।
ਸੋ ਕਿ੍ਰਪਾ ਕਰ ਕੇ ਫ਼ਿਲਮ ਨਿਰਦੇਸ਼ਕ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਜਾਂ ਉਸ ਪ੍ਰਤੀ ਹਲਕੀਆਂ-ਬਚਕਾਨਾ ਗੱਲਾਂ ਕਰਨ ਦੀ ਬਜਾਏ ਲੋਕਾਂ ਨੂੰ ਫ਼ਿਲਮ ਨਿਰਦੇਸ਼ਕ ਦੀ ਗੰਭੀਰਤਾ ਨਾਲ ਨਿਭਾਈ ਜਾਣ ਵਾਲੀ ਜ਼ਿੰਮੇਵਾਰੀ ਦਾ ਪ੍ਰਭਾਵ ਦਿੱਤਾ ਜਾਏ, ਤਾਂ ਕਿ ਜਣਾ-ਖਣਾ ੳੱੁਠ ਕੇ ਫ਼ਿਲਮ ਨਿਰਦੇਸ਼ਕ ਨਾ ਬਣਨ ਤੁਰ ਪਵੇ, ਜੋ ਆਪ ਵੀ ਡੱੁਬੇ, ਨਿਰਮਾਤਾ ਨੂੰ ਵੀ ਡੋਬੇ ਅਤੇ ਫ਼ਿਲਮ ਵਿਚ ਕੰਮ ਕਰ ਰਹੀ ਸਾਰੀ ਟੀਮ ਦਾ ਕਰੀਅਰ ਵੀ ਖਰਾਬ ਕਰੇ। ਕਿਸੇ ਸਿਆਣੇ ਨੇ ਸੱਚ ਹੀ ਕਿਹਾ ਕਿ ਪਹਿਲਾਂ ਤੋਲੋ ਫਿਰ ਬੋਲੋ।
ਅੰਤ ਵਿਚ ਮੇਰੇ ਅਤੇ ‘ਪੰਜਾਬੀ ਸਕਰੀਨ ਅਦਾਰੇ’ ਵੱਲੋਂ ਵਿਸਾਖੀ ਦੇ ਸ਼ੱੁਭ ਮੌਕੇ ’ਤੇ ਦੇਸ਼-ਵਿਦੇਸ਼ ਵਿਚ ਵੱਸਦੇ ਸਮੂਹ ਭਾਰਤਵਾਸੀਆਂ ਨੂੰ, ਪੰਜਾਬੀ ਫ਼ਿਲਮ ਉਦਯੋਗ ਨਾਲ ਜੁੜੇ ਸਾਰੇ ਲੋਕਾਂ ਨੂੰ ਅਤੇ ਸਮੇਂ-ਸਮੇਂ ’ਤੇ ਇਸ਼ਤਿਹਾਰਾਂ ਰਾਹੀਂ ‘ਪੰਜਾਬੀ ਸਕਰੀਨ’ ਰਸਾਲੇ ਨੂੰ ਵਿੱਤੀ ਸਹਿਯੋਗ ਦੇਣ ਵਾਲਿਆਂ ਨੂੰ ‘ਪੰਜਾਬੀ ਸਕਰੀਨ’ ਅਦਾਰੇ ਵੱਲੋਂ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ!

– ਦਲਜੀਤ ਅਰੋੜਾ।

Comments & Suggestions

Comments & Suggestions