ਫ਼ਿਲਮ ਸਮੀਖਿਆ – ਅਟਕ ਅਟਕ ਕੇ ਭਟਕ ਭਟਕ ਕੇ ਅੱਗੇ ਤੁਰਦੀ ਹੈ ‘ਸੁਫਨਾ’ ਦੀ ਕਹਾਣੀ !

By  |  0 Comments

ਜਿਨ੍ਹਾਂ ਦਰਸ਼ਕਾਂ ਨੂੰ ਫ਼ਿਲਮ ਪਸੰਦ ਹੈ ਮੈਂ ਉਨ੍ਹਾਂ ਦੇ ਜਜ਼ਬਾਤਾਂ ਦੀ ਕਦਰ ਕਰਦਾਂ ਹਾਂ ਪਰ ਮਾਫ ਕਰਨਾ ਬਤੌਰ ਸਮੀਖਿਅਕ ਆਪ ਜਜ਼ਬਾਤੀ ਨਹੀਂ ਹੋ ਸਕਦਾ। ਜੇ ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਸਿਨੇਮਾ ਹਾਲ ਵਿੱਚ ਫ਼ਿਲਮ ਸ਼ੁਰੂ ਹੋਣ ਤੋਂ ਪੰਜ-ਸੱਤ ਮਿੰਟ ਬਾਅਦ ਜੇ ਕੋਈ ਇਕ ਘੰਟਾ ਸੋ ਵੀ ਲਵੇ ਤਾਂ ਕੋਈ ਗੱਲ ਨਹੀਂ ਉੱਠਣ ਤੇ ਲੱਗੇਗਾ ਕਿ ਫ਼ਿਲਮ ਹੁਣੇ ਹੀ ਸ਼ੁਰੂ ਹੋਈ ਹੈ। ਜਿੱਥੇ ਫ਼ਿਲਮ ਦਾ ਐਨਾ ਖਿਲਰਿਆ ਅਤੇ ਭੱਟਕਿਆ ਹੋਇਆ ਸਕਰੀਨ ਪਲੇਅ ਹੋਵੇਗਾ, ਇਕ ਛੋਟੀ ਤੇ ਆਮ ਜਿਹੀ ਪ੍ਰੇਮ ਕਹਾਣੀ ਨੂੰ ਸਮਝਣ ਲਈ ਢਾਈ ਘੰਟੇ ਬੋਰ ਹੋਣਾ ਪਵੇ ਤਾਂ ਉੱਥੇ ਨਿਰਦੇਸ਼ਨ ਕਿੱਥੋਂ ਸਹੀ ਹੋ ਸਕਦਾ।

ਜੇ ਕਹਾਣੀਕਾਰ-ਪਟਕਥਾ ਲੇਖਕ ਅਤੇ ਨਿਰਦੇਸ਼ਕ ਵੱਖ ਵੱਖ ਹੋਣ ਤਾਂ ਮਾੜੇ-ਮੋਟੇ ਸੁਧਾਰ ਦੀ ਆਸ ਹੁੰਦੀ ਹੈ ਪਰ ਜੇ ਬੰਦਾ ਇੱਕੋ ਹੋਵੇ ਤੇ ਉਹ ਵੀ ਆਪਣੇ-ਆਪ ਨੂੰ ਕਾਮਯਾਬ ਲੇਖਕ-ਨਿਰਦੇਸ਼ਕ ਮੰਨਣ ਵਾਲਾ ਤਾਂ ਓਹਨੂੰ ਕੋਣ ਪੁੱਛੂ ? ਇਕ ਪਾਸੇ ਕਿਸਮਤ ਵਰਗੀ ਵਧੀਆ ਫ਼ਿਲਮ ਦੇ ਲੇਖਣ-ਨਿਰਦੇਸ਼ਨ, ਫੇਰ ਗੁੱਡੀਆਂ ਪਟੋਲੇ ਦੀ ਲੇਖਣੀ ਅਤੇ ਤਾਜ਼ੀ-ਤਾਜ਼ੀ ਸੁਰਖੀ ਬਿੰਦੀ ਵਰਗੀ ਸ਼ਾਨਦਾਰ ਫ਼ਿਲਮ ਵਾਲਾ ਨਿਰਦੇਸ਼ਕ ਇਹੋ ਜਿਹੀ ਭੁੱਲੀ-ਭੱਟਕੀ ਬਚਕਾਨਾ ਫ਼ਿਲਮ ਨੂੰ ਲਿਖੇ-ਬਣਾਵੇ ਤਾਂ ਅਫਸੋਸ ਹੋਵੇਗਾ ਹੀ। ਭਾਵੇਂ ਅੱਜ ਲੇਖਕ-ਨਿਰਦੇਸ਼ਕ ਨੂੰ ਮੇਰੇ ਬੋਲ ਕੌੜੇ ਹੀ ਲੱਗਣ ਪਰ ਅੰਦਰੋਂ ਤਾਂ ਹਰ ਸੰਜੀਦਾ ਲੇਖਕ-ਨਿਰਦੇਸ਼ਕ ਨੂੰ ਆਪਣੇ ਕੰਮ ਦਾ ਪਤਾ ਲੱਗ ਹੀ ਜਾਂਦੈ। ਇਸ ਫ਼ਿਲਮ ਰਾਹੀਂ ਲੇਖਕ-ਨਿਰਦੇਸ਼ਕ ਦੇ ਨਾਲ-ਨਾਲ ਐਮੀ ਵਿਰਕ ਦਾ ਗਰਾਫ਼ ਵੀ ਥੱਲੇ ਡਿੱਗਾ ਹੈ। ਹੁਣ ਕਹਿਣ ਨੂੰ ਜੋ ਮਰਜ਼ੀ ਕਹਿ ਲਿਓ।
ਐਮੀ ਵਿਰਕ ਦੀ ਸ਼ਾਨਦਾਰ ਅਦਾਕਾਰੀ ਵਿਚ ਕੋਈ ਸ਼ੱਕ ਨਹੀਂ ਪਰ ਉਸ ਦੀ ਮਿਚਿਓਰ ਲੁਕ ਫ਼ਿਲਮ ਵਿਚ ਸਟੂਡੈਂਟ ਹੋਣ ਦੇ ਨਾਤੇ ਮੈਚ ਨਹੀਂ ਕੀਤੀ, ਥੋੜੇ ਬਦਲਾਅ ਦੀ ਲੋੜ ਸੀ। ਹੀਰੋਈਨ ਤਾਨੀਆ ਦਾ ਕੰਮ ਚੰਗਾ ਹੈ ਪਰ ਹੋਰ ਮਿਹਨਤ ਦੀ ਲੋੜ ਹੈ। ਬਾਕੀ ਕਲਾਕਾਰਾਂ ਦਾ ਕੰਮ ਵੀ ਵਧੀਆ ਹੈ ਖਾਸਕਰ ਜਗਜੀਤ ਸੰਧੂ ਦਾ। ਗੁਰਪ੍ਰੀਤ ਭੁੰਗੂ ਅਤੇ ਰੁਪਿੰਦਰ ਰੂਪੀ ਦਾ ਇਕ-ਇਕ ਸੀਨ ਜੇ ਫ਼ਿਲਮ ਵਿਚ ਮੱਹਤਵ ਰੱਖਣ ਵਾਲਾ ਹੁੰਦਾ ਜ਼ਿਆਦਾ ਵਧੀਆ ਸੀ, ਪਰ ਕਰਮਜੀਤ ਅਨਮੋਲ ਇੱਕੋ ਸੀਨ ਵਿਚ ਛਾ ਗਿਆ। ਫ਼ਿਲਮ ਦਾ (ਬੀ.ਪਰਾਕ ਰਚਿਤ) ਸੰਗੀਤ ਹਿੰਦੀ ਪ੍ਰਭਾਵ ਛੱਡਦਾ ਹੈ, ਜੋ ਪੰਜਾਬੀ ਫ਼ਿਲਮਾਂ ਮੁਤਾਬਕ ਢੁਕਵਾਂ ਨਹੀਂ। ਉਸ ਦੇ ਸੁਪਰਹਿੱਟ ਸਿੰਗਲ ਟਰੈਕ (ਫਿਲਹਾਲ) ਗਾਣੇ ਦੇ ਸੰਗੀਤ ਦਾ ਰੰਗ ਇਸ ਫ਼ਿਲਮ ਦੇ ਸਾਰੇ ਗਾਣਿਆ ਤੇ ਨਜ਼ਰ ਆਇਆ ਜਦਕਿ ਫ਼ਿਲਮ ਦਾ ਸੰਗੀਤ ਵਿਲੱਖਣਤਾ ਮੰਗਦਾ ਹੈ।
ਇਹ ਫ਼ਿਲਮ ਸਿਰਫ ਮੈਨੂੰ ਹੀ ਨਹੀ ਆਮ ਸੰਜੀਦਾ ਫ਼ਿਲਮ ਦਰਸ਼ਕ ਨੂੰ ਵੀ ਉਲਝਾਂਦੀ ਹੈ, ਫ਼ਿਲਮ ਦੀ ਕਹਾਣੀ ਜਦੋਂ ਅੱਧ ਤੱਕ ਆਪਣੀ ਪਕੜ ਨਹੀਂ ਬਣਾ ਪਾਉਂਦੀ ਅਤੇ ਲੇਖਕ-ਨਿਰਦੇਸ਼ਕ ਆਪਣੇ ਦ੍ਰਿਸ਼ਾਂ, ਘਟਨਾਵਾਂ ਅਤੇ ਸੰਵਾਦਾਂ ਰਾਹੀਂ ਇਹ ਵੀ ਨਹੀ ਸਮਝਾ ਪਾਉਂਦਾ ਕਿ ਫ਼ਿਲਮ ਦੀ ਪਿੱਠ ਭੂਮੀ ਕੀ ਹੈ ? ਕਦੇ ਉਹ ਆਪਣੇ ਪਾਤਰਾਂ ਨੂੰ ਜਮਾ ਹੀ ਕੱਚੇ ਘਰਾਂ (ਜਿੱਥੇ ਕਿ ਅੱਜ ਕੱਲ੍ਹ ਮਾੜੇ ਤੋਂ ਮਾੜਾ ਜਿਮੀਦਾਰ ਪਰਿਵਾਰ ਵੀ ਨਹੀਂ ਰਹਿੰਦਾ) 1950/60 ਦੇ ਦਹਾਕੇ ਵਰਗੀਆਂ ਲੋਕੇਸ਼ਨਾਂ ਨਾਲ ਜੋੜ ਦਿੰਦਾ ਹੈ ਤੇ ਕਦੇ ਉਨ੍ਹਾਂ ਨੂੰ ਪਾਤਰਾਂ ਨੂੰ ਉੱਥੇ ਹੀ ਆਸ ਪਾਸ ਦੇ ਕੋਠੀਆਂ-ਕਾਰਾਂ, ਬਰਗਰ-ਪੀਜ਼ੇ ਅਤੇ ਮੋਬਾਈਲ ਯੁੱਗ ਵਾਲੀਆਂ ਗੱਲਾਂ ਬਾਤਾਂ ਵੱਲ ਘੁਮਾਈ ਫ਼ਿਰਦਾ ਹੈ।
ਇਸੇ ਤਰਾਂ ਦੀ ਆਪਣੇ ਪਾਤਰਾਂ ਦੇ ਕਿਰਦਾਰਾਂ ਨੂੰ ਵੀ ਜਸਟੀਫਾਈ ਨਹੀਂ ਕਰ ਪਾਉਂਦਾ। ਕਿਤੇ ਤਾਂ (ਪਛੜੇ ਹੋਏ ਗੁਜਰ ਭਾਈਚਾਰੇ ਦੇ ਕੱਚੇ ਕੋਠਿਆਂ ਵਰਗੇ ਘਰਾਂ) ਵਿਚ ਹੀਰੋ ਸਮੇਤ ਰਹਿੰਦੇ ਪਾਤਰ ਲੋੜੋਂ ਵੱਧ ਅੰਗਰੇਜ਼ੀ ਬੋਲਦੇ ਵਖਾਏ ਹਨ ਅਤੇ ਕਿਤੇ ਹੀਰੋਈਨ ਵਰਗੀ ਕੋਰੀ ਅਨਪੜ੍ਹ ਪਾਤਰ ਕਦੇ ਤਾਂ ਵੱਡੀ ਫਿਲਾਸਫ਼ੀ ਚਾੜਦੀ ਵਿਖਾਈ ਹੈ ਅਤੇ ਕਦੇ ਐਨੀ ਭੋਲੀ ਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਜਨਮਦਿਨ ਵਾਲਾ ਕੇਕ ਕੀ ਹੁੰਦਾ ਹੈ ਜਾਂ ਮੌਮਬੱਤੀਆਂ ਕਿਉਂ ਜਗਾਉਂਦੇ ਹਨ, ਜਿਸ ਦਾ ਕਿ ਅੱਜ ਬੱਚੇ ਬੱਚੇ ਨੂੰ ਪਤਾ ਹੈ। ਇਸੇ ਤਰਾਂ ਬਾਕੀ ਕਿਰਦਾਰ ਵੀ ਕਿਤੇ ਤਾਂ ਹਾਈ ਫਾਈ ਅਤੇ ਕਿਤੇ ਆਪਣੇ ਰਹਿਣ-ਸਹਿਣ, ਬੋਲ਼ੀ ਅਤੇ ਅੱਜ ਦੇ ਯੁੱਗ ਵਿਚ ਕੁੜੀਆਂ ਦੇ ਵਿਆਹ ਰੂਪੀ ਸੌਦੇ ਕਰਨ ਵਾਲੇ ਪਛੜੇ ਅਤੇ ਅੱਸਭਿਅਕ ਸਮਾਜ ਦੇ ਲੋਕ ਵਿਖਾਏ ਹਨ।
ਕਹਿਣ ਦਾ ਮਤਲਭ ਕਿ ਉਪਰੋਤਕ ਸਭ ਇਕੋ ਫ਼ਿਲਮ ਦੀ ਇੱਕੋ ਵੇਲੇ ਦੀ ਕਹਾਣੀ ਮੁਤਾਬਕ ਕਿਤੇ ਵੀ ਮੇਲ ਨਹੀਂ ਖਾਂਦਾ। ਫ਼ਿਲਮ ਵਿਚ ਦੋ-ਤਿੰਨ ਸਮਾਜਕ ਸੇਧ ਦੇਣ ਵਾਲੇ ਸੰਦੇਸ਼ ਹਨ ਜੋਕਿ ਕਿ ਫ਼ਿਲਮ ਦਾ ਚੰਗਾ ਪਹਿਲੂ ਹੈ ਪਰ ਐਡੀ ਲੰਮੀ ਫ਼ਿਲਮ ਲਈ ਕਹਾਣੀ-ਪਟਕਥਾ ਦਾ ਅੱਜ ਦੀ ਜਨਰੇਸ਼ਨ ਅਤੇ ਹਲਾਤਾਂ ਮੁਤਾਬਕ ਢੁੱਕਣਾ ਅਤੇ ਮਜਬੂਤ ਹੋਣਾ ਵੀ ਜ਼ਰੂਰੀ ਹੈ ਜਿਸ ਦੀ ਕਿ ਇਸ ਫ਼ਿਲਮ ਵਿਚ ਕਮੀ ਹੈ।
ਬਾਕੀ ਫ਼ਿਲਮਾਂ ‘ਅਰਦਾਸ ਕਰਾਂ’ ਤੋਂ ਕਾਫੀ ਮਹੀਨਿਆਂ ਬਾਅਦ ਕਿਸੇ ਪੰਜਾਬੀ ਫ਼ਿਲਮ ਨੂੰ ਪਹਿਲੇ ਦਿਨ ਕੁਝ ਚੰਗੀ ਓਪਨਿੰਗ ਮਿਲੀ ਜੋਕਿ ਪੰਜਾਬੀ ਸਿਨੇਮਾ ਦੇ ਵਿਗੜ ਰਹੇ ਹਲਾਤਾਂ ਦੇ ਸੰਭਲਣ ਲਈ ਜ਼ਰੂਰੀ ਵੀ ਸੀ। ਭਾਵੇਂ ਕਿ ਇਸ ਦਾ ਵੱਡਾ ਕਾਰਨ ਨਵੀਂ ਪੀੜ੍ਹੀ ਦਾ ‘ਵੈਲਨਟਾਈਨ ਡੇਅ’ ਸੀ ਅਤੇ ਦੂਜੇ ਦਿਨ ਹੀ ਕੁਲੈਕਸ਼ਨ ਦੀ ਪੁਜੀਸ਼ਨ ਢਿੱਲੀ ਹੋ ਗਈ, ਵਿਦੇਸ਼ਾਂ ਤੋਂ ਵੀ ਐਮੀ ਵਿਰਕ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਬਹੁਤਾ ਵਧੀਆ ਹੁੰਗਾਰਾ ਨਹੀਂ ਮਿਲਿਆ। ਬਾਕੀ ਤਾਂ ਆਉਣ ਵਾਲੇ ਦਿਨ ਹੀ ਦੱਸਣਗੇ ਪਰ ਲੋਕ ਚੰਗੀਆਂ ਪੰਜਾਬੀ ਫ਼ਿਲਮਾਂ ਦੀ ਅੱਜ ਵੀ ਉਡੀਕ ਵਿਚ ਰਹਿੰਦੇ ਹਨ ਥੋੜੀ ਮਿਹਨਤ ਅਤੇ ਸਿਆਣਪ ਨਾਲ ਚੱਲਣ ਦੀ ਲੋੜ ਹੈ।

-ਦਲਜੀਤ ਅਰੋੜਾ

Comments & Suggestions

Comments & Suggestions