Pollywood

ਫ਼ਿਲਮ ਸਮੀਖਿਆ- ਠੱਗ ਲਾਈਫ਼

Written by admin

ਕਿਸੇ ਵੀ ਫ਼ਿਲਮ ਦੀ ਸਮੀਖਿਆ ਦਾ ਮਕਸਦ ਕਦੇ ਵੀ ਇਹ ਨਹੀਂ ਹੁੰਦਾ ਕਿ ਫ਼ਿਲਮ ਨਾ ਚੱਲਣ, ਘੱਟ ਚੱਲਣ ਜਾਂ ਫਲਾਪ ਹੋਣ ‘ਤੇ ਉਸ ਨੂੰ ਜਾਣ ਬੁੱਝ ਕੇ ਡੋਮੀਨੇਟ ਕੀਤਾ ਜਾਏ ਅਤੇ ਜਾਂ ਫੇਰ ਹਲਕੀ ਫ਼ਿਲਮ ਦੀਆਂ ਝੂਠੀਆਂ ਤਾਰੀਫ਼ਾਂ ਕਰਕੇ ਦਰਸ਼ਕਾਂ ਨੂੰ ਗੁਮਰਾਹ ਕੀਤਾ ਜਾਵੇ।
ਫ਼ਿਲਮ ਦੇ ਘੱਟ ਚੱਲਣ ਜਾਂ ਨਾ ਚੱਲਣ ਦੇ ਕਈ ਕਾਰਨ ਹੋ ਸਕਦੇ ਹਨ। ਪਹਿਲੀ ਗੱਲ ਤਾਂ ਦਰਸ਼ਕਾਂ ਨੂੰ ਫ਼ਿਲਮ ਦਾ ਪਸੰਦ ਨਾ ਆਉਣਾ, ਦੂਜੀ ਗੱਲ ਘੱਟ ਪ੍ਰਚਾਰ ਕਾਰਨ ਫ਼ਿਲਮ ਦਾ ਪੂਰੀ ਤਰ੍ਹਾਂ ਦਰਸ਼ਕਾਂ ਤੱਕ ਨਾ ਪਹੁੰਚ ਪਾਉਣਾ। ਕਿਸੇ ਵੇਲੇ ਨਿਰਮਾਤਾ-ਨਿਰਦੇਸ਼ਕ ਦੋਵਾਂ ਦਾ ਗੈਰ ਤਜਰਬੇਕਾਰ ਹੋਣਾ ਵੀ ਇਕ ਕਾਰਨ ਹੈ ਕਿ ਇਨ੍ਹਾਂ ਦੀਆਂ ਆਪਸੀ ਉਲਝਣਾਂ ਕਰ ਕੇ ਰਿਲੀਜ਼ ਮੌਕੇ ਸਾਰੀ ਦਾ ਟੀਮ ਦਾ ਉਤਸ਼ਾਹ ਖ਼ਤਮ ਹੋ ਜਾਂਦਾ ਹੈ ਜਿਸ ਕਰਕੇ ਫ਼ਿਲਮ ‘ਤੇ ਤਾਂ ਮਾੜਾ ਅਸਰ ਪੈਣਾ ਹੀ ਹੁੰਦਾ ਹੈ ਪਰ ਐਕਟਰਾਂ ਦਾ ਕਰੀਅਰ ਵੀ ਪ੍ਰਭਾਵਿਤ ਹੁੰਦਾ ਹੈ।
ਜਿੱਥੋਂ ਤੱਕ ‘ਠੱਗ ਲਾਈਫ਼’ ਦਾ ਸਵਾਲ ਹੈ, ਇਸ ਨੂੰ ਬਿਨਾ ਕਿਸੇ ਠੋਸ ਪ੍ਰਚਾਰ ਦੇ ਕਾਹਲੀ ‘ਚ ਰਿਲੀਜ਼ ਕੀਤਾ ਗਿਆ। ਸਭ ਨੂੰ ਪਤਾ ਸੀ ਕਿ ਸਤਿੰਦਰ ਸਰਤਾਜ ਦੀ ‘ਬਲੈਕ ਪ੍ਰਿੰਸ’ ਵੀ ਇਸੇ ਤਰੀਕ ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਣੀ ਹੈ ਫੇਰ “ਠੱਗ ਲਾਈਫ” ਨੂੰ ਇੰਡੀਆ ਤੋਂ ਬਾਹਰ ਰਿਲੀਜ਼ ਵੀ ਨਹੀਂ ਕੀਤਾ ਗਿਆ। ਨਿਰਮਾਤਾ-ਨਿਰਦੇਸ਼ਕ ਨੂੰ ਇਹ ਵੀ ਪਤਾ ਸੀ ਕਿ ਫ਼ਿਲਮ ਦੇ ਹੀਰੋ ਹਰੀਸ਼ ਵਰਮਾ ਦੀ “ਕ੍ਰੇਜ਼ੀ ਟੱਬਰ” ਦੋ ਹਫ਼ਤੇ ਪਹਿਲਾਂ ਰਿਲੀਜ਼ ਹੋਈ ਹੈ ਅਤੇ ਇੱਕੋ ਹੀਰੋ ਦੀ ਐਨੀ ਛੇਤੀ ਫੇਰ ਫ਼ਿਲਮ ਵੇਖਣੀ ਵੀ ਕਈਆਂ ਨੂੰ ਗਵਾਰਾ ਨਹੀਂ ਹੁੰਦੀ।
ਐਨਾ ਪੈਸਾ ਖਰਚਣ ਤੋਂ ਬਾਅਦ ਸਬਰ-ਸੰਤੋਖ ਅਤੇ ਸਿਆਣਪ ਤੋਂ ਕੰਮ ਲੈਣ ਦੀ ਲੋੜ ਸੀ ਨਿਰਮਾਤਾਵਾਂ ਨੂੰ।ਨਿਰਮਾਤਾ-ਨਿਰਦੇਸ਼ਕ ਦੋਹਾਂ ‘ਚੋਂ ਇਕ ਦਾ ਤਾਂ ਤਜਰਬੇਕਾਰ ਹੋਣਾ ਵੀ ਜ਼ਰੂਰੀ ਹੈ ਜਾਂ ਫੇਰ ਨਵੇਂ ਨਿਰਮਾਤਾ ਕੋਲ ਕੋਈ ਤਜ਼ਰਬੇਕਾਰ ਫ਼ਿਲਮ ਸਲਾਹਕਾਰ ਹੋਵੇ ਤਾਂ ਹੀ ਉਸ ਨੂੰ ਫ਼ਿਲਮ ਖੇਤਰ ਵਿਚ ਆਉਣ ਦਾ ਫਾਇਦਾ ਹੈ।
ਹੁਣ ਫ਼ਿਲਮ ਬਾਰੇ ਹਵਾਈ ਕਿਲੇ ਬਣਾਉਣ ਨਾਲ ਤਾਂ ਨਿਰਮਾਤਾ ਦੇ ਪੱਲੇ ਕੁਝ ਨਹੀਂ ਪੈਣਾ, ‘ਪੰਜਾਬੀ ਸਕਰੀਨ’ ਦੀ ਟੀਮ ਵੱਲੋਂ ਅੰਮ੍ਰਿਤਸਰ ਦੇ ਸੈਲੀਬ੍ਰੇਸ਼ਨ ਮਾਲ ਵਿਚ ਤੀਜੇ ਦਿਨ ਫ਼ਿਲਮ ਵੇਖੀ ਗਈ ਤਾਂ ਸਿਰਫ ੩੫-੪੦ ਲੋਕ ਹੀ ਸਨ ਸ਼ੋਅ ਵਿਚ, ਫ਼ਿਲਮ ਦੀ ਰੇਟਿੰਗ ਪਤਾ ਲਾਈ ਤਾਂ ਸਿਨੇਮਾ ਵਾਲਿਆਂ ਨੇ ‘ਚੰਨਾ ਮੇਰਿਆ’ ਨੂੰ ਨੰ: ੧,’ਬਲੈਕ ਪ੍ਰਿੰਸ’ ੨ ‘ਤੇ ‘ਠੱਗ ਲਾਈਫ਼’ ਨੂੰ ੩ ਨੰਬਰ ‘ਤੇ ਦੱਸਿਆ। ਇੱਥੇ ਫਿਲਮ ਦੇ ਚੰਗੇ ਜਾਂ ਮਾੜੇ ਹੋਣ ਦਾ ਸਵਾਲ ਨਹੀਂ, ਕਿਉਂਕਿ ਇਸ ਦਾ ਫੈਸਲਾ ਤਾਂ ਦਰਸ਼ਕਾਂ ਨੇ ਦੋ-ਚਾਰ ਦਿਨਾਂ ‘ਚ ਕਰ ਹੀ ਦੇਣਾ ਹੁੰਦਾ ਹੈ ਪਰ ਦੱਸੋ ਜਦੋਂ ਫ਼ਿਲਮ ‘ਤੇ ਫ਼ਿਲਮ ਚੜ੍ਹੀ ਹੋਵੇ ਉਹ ਵੀ ਪੰਜਾਬੀ ਤਾਂ ਕੋਈ ਕੀ ਕਰੇਗਾ? ਕਿਉਂਕਿ ਦਰਸ਼ਕਾਂ ਕੋਲ ਤਾਂ ਆਪਸ਼ਨ ਨੇ, ਆਪਣੇ ਪਸੰਦ ਦੀ ਫ਼ਿਲਮ ਚੁਣਨ ਦੀ, ਆਪਣੇ ਪਸੰਦੀਦਾ ਕਲਾਕਾਰਾਂ ਦੀ ਚੋਣ ਕਰਕੇ ਫ਼ਿਲਮ ਵੇਖਣ ਦੀ, ਉਹ ਆਪਣੇ ਟੇਸਟ ਮੁਤਾਬਕ ਫ਼ਿਲਮ ਦੇ ਵਿਸ਼ੇ ਵੱਲ ਵੀ ਧਿਆਨ ਦੇਣਗੇ।
ਇਹ ਸਾਰੇ ਉਹ ਕਾਰਨ ਹਨ, ਜੋ ਅਸੀਂ ਖ਼ੁਦ ਕ੍ਰਿਏਟ ਕੀਤੇ ਨੇ ਪੰਜਾਬੀ ਇੰਡਸਟਰੀ ਵਿਚ, ਸਾਡਾ ਮੰਨਣਾ ਹੈ ਕਿ ਇਕ ਪੰਜਾਬੀ ਫ਼ਿਲਮ ਦਾ ਘੱਟ ਤੋਂ ਘੱਟ ਇਕ ਮਹੀਨਾ ਪ੍ਰਚਾਰ ਹੋਣ ਤੋਂ ਬਾਅਦ ਉਸ ਨੂੰ ੧੫ ਦਿਨ ਸਿਨੇਮਾ ਘਰਾਂ ‘ਚ ਵੀ ਮਿਲਣੇ ਚਾਹੀਦੇ ਨੇ, ਨਹੀਂ ਤਾਂ ਨਿਰਮਾਤਾਵਾਂ ਦੇ ਪੈਸੇ ਦਾ ਰੱਬ ਰਾਖਾ!
ਹੁਣ ਜੇ ਫ਼ਿਲਮ ‘ਠੱਗ ਲਾਈਫ਼’ ਬਾਰੇ ਗੱਲ ਕਰੀਏ ਤਾਂ ਇਸ ਵਿਚ ਕੋਈ ਨਵੀਂ ਗੱਲ ਨਹੀਂ ਜਾਪੀ। ੨੦੦੧ ‘ਚ ਆਈ ਇੰਗਲਿਸ਼ ਫ਼ਿਲਮ ‘ਠੱਗ ਲਾਈਫ਼’ ਦੇ ਟਾਈਟਲ ਨਾਲ ਸਜਿਆ ਇਸ ਫ਼ਿਲਮ ਦਾ ਟਾਈਟਲ ਹਿੰਦੀ ਫ਼ਿਲਮਨੁਮਾ, ਨੌਜਵਾਨਾਂ ਵੱਲੋਂ ਠੱਗੀਆਂ ਮਾਰਨ ਅਤੇ ਫਿਰ ਉਲਝਣਾਂ ‘ਚ ਫੱਸ ਕੇ ਅੰਤ ਵਿਚ ਸੁਧਰਣ ਵਾਲਾ ਹਲਕਾ-ਫੁਲਕਾ ਸਬਜੈਕਟ ਸੀ ਪਰ ਨਿਰਦੇਸ਼ਕ ਨੇ ਇਸ ਨੂੰ ਮੁੱਖ ਮੰਤਰੀ ਨੂੰ ਗੱਦੀਓਂ ਲਾਹੁਣ ਅਤੇ ਬੰਬ ਧਮਾਕਿਆਂ ਵਰਗੀਆਂ ਅੱਤਵਾਦ ਦੀਆਂ ਘਟਨਾਵਾਂ ਅਤੇ ਪੋਲੀਟਿਕਲ ਚਾਲਾਂ ਜਿਹੇ ਸੀਕਵੈਂਸ ਨਾਲ ਭਾਰੀ ਬਣਾ ਕੇ ਫ਼ਿਲਮ ਨੂੰ ਅਸਲ ਵਿਚ ਹਲਕੀ ਕਰ ਕੇ ਮਨੋਰੰਜਨ ਤੋਂ ਪਾਸੇ ਕਰ ਦਿੱਤਾ ਲੱਗਦਾ ਹੈ, ਜਿਵੇਂ ਕਿ ਪਿੱਛੇ ਜਿਹੇ ‘ਸੁਪਰ ਸਿੰਘ’ ‘ਚ ਹੋਇਆ। ਜਦ ਕਿ ਇਸ ਫ਼ਿਲਮ ਨੂੰ ਹਲਕੀ-ਫੁਲਕੀ ਰੱਖ ਕੇ ਹੋਰ ਖ਼ੂਬਸੂਰਤ ਅਤੇ ਮਨੋਰੰਜਨ ਭਰਪੂਰ ਬਣਾਇਆ ਜਾ ਸਕਦਾ ਸੀ। ਫ਼ਿਲਮ ਦਾ ਟਾਈਟਲ ਵੀ ਕੋਈ ਪਿਉਰ ਪੰਜਾਬੀ ਹੁੰਦਾ ਤਾਂ ਜ਼ਿਆਦਾ ਵਧੀਆ ਗੱਲ ਸੀ। ਭਾਵੇਂ ਕਿ ਕਰਮਜੀਤ ਅਨਮੋਲ ਇਕ ਬਹੁਤ ਵਧੀਆ ਕਲਾਕਾਰ ਹੈ ਪਰ ਇਸ ਫ਼ਿਲਮ ਵਿਚ ਉਹਦੇ ਵਾਲਾ ਸੀਕਵੈਂਸ ਵੀ ਬੇਲੋੜਾ ਹੈ। ਬਾਕੀ ਜੇ ਫ਼ਿਲਮ ਦੇ ਐਕਟਰਾਂ ਦੀ ਗੱਲ ਕਰੀਏ ਤਾਂ ਹਰੀਸ਼ ਵਰਮਾ ਅਤੇ ਇਹਾਨਾ ਢਿੱਲੋਂ ਤੋਂ ਇਲਾਵਾ ਰਾਜੀਵ ਠਾਕੁਰ ਦੀ ਅਦਾਕਾਰੀ ਵੀ ਸਲਾਹੁਣਯੋਗ ਹੈ। ਨਵਾਂ ਹੋਣ ਕਾਰਨ ਸਿਰਫ ਜੱਸ ਬਾਜਵਾ ਹੀ ਥੋੜ੍ਹਾ ਵੀਕ ਨਜ਼ਰ ਆਇਆ,  ਬਾਕੀ ਕਲਾਕਾਰਾਂ ਨੇ ਵੀ ਆਪੋ-ਆਪਣੇ ਕਿਰਦਾਰ ਬਾਖੂਬੀ ਨਿਭਾਏ। ਜੇ ਫ਼ਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ‘ਮਾਪੇ’ ਗੀਤ ਨੂੰ ਛੱਡ ਕੇ ਬਾਕੀ ਗੀਤਾਂ ਦੀਆਂ ਧੁਨਾਂ ਵਿਚ ਵੀ ਨਵਾਂਪਣ ਨਹੀਂ ਲੱਗਿਆ।
ਫ਼ਿਲਮ ਵਪਾਰਕ ਪੱਖੋ ਕਿੰਨੀ ਕਾਮਯਾਬ ਹੁੰਦੀ ਹੈ, ਇਸ ਦਾ ਪਤਾ ਆਉਣ ਵਾਲੇ ਕੁਝ ਦਿਨਾਂ ਤੱਕ ਲੱਗ ਪਾਏਗਾ, ਬਾਕੀ ਨਿਰਮਾਤਾ-ਨਿਰਦੇਸ਼ਕ ਦੋਵਾਂ ਨੂੰ ਇਸ ਫ਼ਿਲਮ ਤੋਂ ਜੋ ਤਜਰਬੇ ਹਾਸਲ ਹੋਏ, ਉਹ ਅਗਲੀ ਵਾਰ ਦੋਵਾਂ ਦੇ ਕੰਮ ਜ਼ਰੂਰ ਆਉਣਗੇ।
ਆਖਰ ਵਿਚ ਇਹੀ ਕਹਾਂਗੇ ਕਿ ਕਿਸੇ ਵੀ ਫ਼ਿਲਮ ਦੀ ਸਹੀ ਆਲੋਚਣਾ ਨੂੰ ਪੋਜ਼ੀਟਿਵ ਨਜ਼ਰੀਏ ਨਾਲ ਸਵੀਕਾਰਨ ਨਾਲ ਹੀ ਅੱਗੋਂ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ।

Comments & Suggestions

Comments & Suggestions

About the author

admin