22 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ‘ਹਾਈ ਐਂਡ ਯਾਰੀਆਂ’

By  |  0 Comments

ਤਿੰਨ ਦੋਸਤਾਂ ਦੀ ਦਿਲਚਸਪ ਕਹਾਣੀ ਹੈ ‘ਹਾਈ ਐਂਡ ਯਾਰੀਆਂ’

ਨਵੇਂ ਸਾਲ ਦਾ ਆਗਾਜ਼ ਚੰਗੀਆਂ ਫਿਲ਼ਮਾਂ ਨਾਲ ਹੋ ਰਿਹਾ ਹੈ ਜੋ ਪੰਜਾਬੀ ਸਿਨਮੇ ਦੇ ਸੁਹਜ-ਸੁਆਦ ਵਿੱਚ ਆ ਰਹੇ ਸਾਰਥਕ ਬਦਲਾਓ ਦਾ ਪ੍ਰਤੀਕ ਹੈ। ਪੰਕਜ ਬੱਤਰਾ ਪੰਜਾਬੀ ਸਿਨਮੇ ਦਾ ਇੱਕ ਜਾਣਿਆ ਪਛਾਣਿਆ ਨਾਂਅ ਹੈ ਜਿਸਨੇ ਮਿਆਰ ਅਤੇ ਤਕਨੀਕੀ ਪੱਖੋਂ ਅਨੇਕਾਂ ਕਾਮਯਾਬ ਫ਼ਿਲਮਾਂ ਪੰਜਾਬੀ ਸਿਨਮੇ ਨੂੰ ਦਿੱਤੀਆ। ਹੁਣ 22 ਫਰਵਰੀ ਨੂੰ ਪੰਕਜ ਬਤਰਾ ਦੇ ਨਿਰਦੇਸ਼ਨ ਵਿੱਚ ਆ ਰਹੀ ਫ਼ਿਲਮ ‘ਹਾਈ ਐਂਡ ਯਾਰੀਆਂ’ ਵੀ ਪੰਜਾਬੀ ਸਿਨਮੇ ਲਈ ਮੀਲ ਪੱਥਰ ਸਾਬਿਤ ਹੋਵੇਗੀ। ਵੱਡੀ ਗੱਲ ਕਿ ਜਿੱਥੇ ਇਸ ਫ਼ਿਲਮ ਦੀ ਕਹਾਣੀ ਵਿੱਚ ਤਾਜ਼ਗੀ ਹੈ ਉੱਥੇ ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਦੇ ਚਾਰ ਨਾਮੀਂ ਕਲਾਕਾਰ ਜੱਸੀ ਗਿੱਲ, ਰਣਜੀਤ ਬਾਵਾ, ਨਿੰਜਾ ਅਤੇ ਗੁਰਨਾਮ ਭੁੱਲਰ ਪਹਿਲੀ ਵਾਰ ਇੱਕਠੇ ਪੰਜਾਬੀ ਪਰਦੇ ‘ਤੇ ਨਜ਼ਰ ਆਉਣਗੇ। ਪਿਛਲੇ ਸਾਲ ਸੁਪਰ ਹਿੱਟ ਰਹੀ ਫ਼ਿਲਮ ‘ਮਿਸਟਰ ਐਂਡ ਮਿਸ਼ਿਜ 420’ ਨਾਲ ਜੱਸੀ ਗਿੱਲ ਅਤੇ ਰਣਜੀਤ ਬਾਵਾ ਦੀ ਪਛਾਣ ਪੰਜਾਬੀ ਸਿਨੇ ਦਰਸਕਾਂ ‘ਚ ਹੋਰ ਵੀ ਗੂੜੀ ਹੋਈ ਹੈ। ਫ਼ਿਲਮ ਦੇ ਟਰੇਲਰ ਨੂੰ ਵੇਖਦਿਆਂ ਇਸ ਫ਼ਿਲਮ ਵਿੱਚ ਰਣਜੀਤ ਬਾਵਾ ਦਾ ਕਿਰਦਾਰ ਹੋਰ ਵੀ ਨਿੱਖਰਿਆਂ ਨਜ਼ਰ ਆਇਆ ਹੈ। ਨਿੰਜਾਂ ਦੀ ਅਦਾਕਾਰੀ ਵੀ ਪਹਿਲੀਆਂ ਫ਼ਿਲਮਾਂ ਵਾਂਗ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਹੈ।
ਪਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ, ਪੰਕਜ ਬੱਤਰਾ ਫ਼ਿਲਮਜ਼ ਅਤੇ ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਨਿਰਮਾਤਾ ਸੰਦੀਪ ਬਾਂਸਲ, ਪੰਕਜ ਬੱਤਰਾ,ਦਿਨੇਸ਼ ਔਲਖ ਅਤੇ ਰੂਬੀ ਕੋਹਲੀ ਦੀ ਫ਼ਿਲਮ ‘ਹਾਈ ਐਂਡ ਯਾਰੀਆਂ’ ਤਿੰਨ ਦੋਸਤਾਂ ਦੀ ਗੂੜੀ ਯਾਰੀ ਅਧਾਰਤ ਹੈ ਜੋ ਇੱਕ ਦੂਜੇ ਲਈ ਕੁਝ ਵੀ ਕਰ ਸਕਦੇ ਹਨ। ਵਿਦੇਸ਼ ਪੜਾਈ ਕਰਨ ਗਏ ਇਹ ਦੋਸਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਹਨ। ਨਿਰਦੇਸ਼ਕ ਪੰਕਜ ਬੱਤਰਾ ਨੇ ਦੱਸਿਆ ਕਿ ਇਹ ਫ਼ਿਲਮ ਜਿੱਥੇ ਦੋਸਤੀ ਦੀ ਇੱਕ ਨਵੀਂ ਮਿਸਾਲ ਕਾਇਮ ਕਰੇਗੀ ਉੱਥੇ ਦਰਸ਼ਕਾਂ ਨੂੰ ਸਿਹਤਮੰਦ ਕਾਮੇਡੀ ਅਤੇ ਚੰਗੇ ਗੀਤ ਸੰਗੀਤ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕਰੇਗੀ। ਫ਼ਿਲਮ ਵਿੱਚ ਦਰਸ਼ਕ ਜਿੱਥੇ ਰਣਜੀਤ ਬਾਵਾ, ਜੱਸੀ ਗਿੱਲ ਤੇ ਨਿੰਜਾ ਦੀ ਦੋਸਤੀ ਨੂੰ ਵੇਖਣਗੇ ਉੱਥੇ ਇੰਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਤਿੰਨ ਖੂਬਸੁਰਤ ਅਭਿਨੇਤਰੀਆਂ ਨਵਨੀਤ ਢਿੱਲੋਂ,ਆਰੂਸ਼ੀ ਸ਼ਰਮਾਂ ਅਤੇ ਮੁਸਕਾਨ ਸੇਠੀ ਦੇ ਅਦਾਕਾਰੀ ਜਲਵੇ ਵੀ ਵੇਖ ਸਕਣਗੇ । ਫ਼ਿਲਮ ਦੀ ਸੂਟਿੰਗ ਪੰਜਾਬ ਅਤੇ ਲੰਡਨ ਵਿੱਚ ਕੀਤੀ ਗਈ ਹੈ। ਫ਼ਿਲਮ ਦੀ ਕਹਾਣੀ ਗੁਰਜੀਤ ਨੇ ਲਿਖੀ ਹੈ ਤੇ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ। ਉਪਰੋਤਕ ਕਾਲਾਕਾਰਾਂ ਤੋਂ ਇਲਾਵਾ ਨੀਤ ਕੌਰ ਅਤੇ ਹੌਬੀ ਧਾਲੀਵਾਲ ਆਦਿ ਕਲਾਕਾਰਾਂ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਗੀਤ-ਸੰਗੀਤ ਬੀ ਪਰੈਕ, ਮਿਊਜ਼ੀਕਲ ਡਾਕਟਰਜ਼, ਜੈਦੇਵ ਕੁਮਾਰ ਅਤੇ ਗੋਲਡ ਬੁਆਏਜ਼ ਨੇ ਤਿਆਰ ਕੀਤਾ ਹੈ। ਗੀਤ ਜਾਨੀ, ਬੱਬੂ,ਨਿਰਮਾਣ ਅਤੇ ਬਿੰਦਰ ਨੱਥੂਮਾਜਰਾ ਨੇ ਲਿਖੇ ਹਨ। 22 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।

-ਸੁਰਜੀਤ ਜੱਸਲ 9814607737

Comments & Suggestions

Comments & Suggestions