24 ਮਈ ਨੂੰ ਰਿਲੀਜ਼ ਹੋਵੇਗੀ ਨਵੀਂ ਪੰਜਾਬੀ ਫ਼ਿਲਮ “ਨਾਨਕ ਨਾਮ ਜਹਾਜ਼ ਹੈ” 🎞🎞🎞🎞

By  |  0 Comments

ਜਿਵੇਂ ਕਿ ਅਸੀਂ ਸਭ ਜਾਣਦੇ ਹਾਂ, ਅੱਜ ਤੋਂ 55 ਸਾਲ ਪਹਿਲਾਂ ਪ੍ਰਿਥਵੀਰਾਜ ਕਪੂਰ, ਆਈ.ਐਸ. ਜੌਹਰ, ਵਿਮੀ ਅਤੇ ਸੋਮ ਦੱਤ ਜਿਹੇ ਦਿੱਗਜ ਬਾਲੀਵੁੱਡ ਅਦਾਕਾਰਾਂ ਨੂੰ ਲੈ ਕੇ ਬਣੀ ਉਸ ਸਮੇਂ ਦੀ ਗੋਲਡਨ ਜੁਬਲੀ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’, ਜਿਸ ਨੇ ਰਾਸ਼ਟਰੀ ਪੁਰਸਕਾਰ ਵੀ ਜਿੱਤਿਆ ਸੀ ਅਤੇ ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਬਲਾਕਬਸਟਰ ਫ਼ਿਲਮ ਵਜੋਂ ਗਿਣੀ ਜਾਂਦੀ ਹੈ।ਜਿੱਥੋਂ ਤੱਕ ਇਸ ਫ਼ਿਲਮ ਦੀ ਬਾਕਸ ਆਫਿਸ ਕਲੈਕਸ਼ਨ ਦਾ ਸਵਾਲ ਹੈ ਤਾਂ ਇਸ ਦਾ ਰਿਕਾਰਡ ਅਜੇ ਤਾਈਂ ਵੀ ਕੋਈ ਪੰਜਾਬੀ ਫ਼ਿਲਮ ਤੋੜ ਨਹੀਂ ਸਕੀ।
ਹੁਣ 24 ਮਈ ਨੂੰ ‘ਨਾਨਕ ਨਾਮ ਜਹਾਜ਼ ਹੈ’ ਟਾਈਟਲ ਹੇਠ ਹੀ ਬਣੀ ਇਹ ਨਵੀਂ ਪੰਜਾਬੀ ਫ਼ਿਲਮ ਰਿਲਾਇੰਸ ਐਂਟਰਟੇਨਮੈਂਟ ਵਲੋਂ ਦੁਨੀਆਂ ਭਰ ਵਿਚ ਰਿਲੀਜ਼ ਕੀਤੀ ਜਾ ਰਹੀ ਹੈ।


ਇਹਨਾਂ ਦੋਨਾਂ ਫ਼ਿਲਮਾਂ ਵਿਚ ਇਤਫ਼ਾਕ ਵਾਲੀ ਗੱਲ ਇਹ ਹੈ ਕਿ 55 ਸਾਲ ਪਹਿਲਾਂ ਇਹ ਫ਼ਿਲਮ ਬਣਾਉਣ ਦਾ ਸਿਹਰਾ ਗੈਰ-ਪੰਜਾਬੀ ਫ਼ਿਲਮ ਨਿਰਮਾਤਾਵਾਂ ‘ਮਹੇਸ਼ਵਰੀ ਭਰਾਵਾਂ’ ਸਿਰ ਪਿਆ ਸੀ ਅਤੇ ਇਸ ਵਾਰ ਵੀ ਇਸ ਨਵੀਂ ਫ਼ਿਲਮ ਦੇ ਨਿਰਮਾਤਾ ਗੈਰ ਪੰਜਾਬੀ ਹੀ ਹਨ।ਮੁੰਬਈ ਨਿਵਾਸੀ ਮਾਨ ਸਿੰਘ ਅਤੇ ਵੇਦਾਂਤ ਸਿੰਘ ਦੁਆਰਾ ਇਹ ਫ਼ਿਲਮ ਬਣਾਈ ਗਈ ਹੈ ਜਦਕਿ ਅਮਿਤ ਅਵਸਥੀ (ਰਿਲਾਇੰਸ ਐਂਟਰਟੇਨਮੈਂਟ) ਇਸ ਦੇ ਸਹਿ-ਨਿਰਮਾਤਾ ਹਨ।
ਆਓ ਇਸ ਫ਼ਿਲਮ ਬਾਰੇ ਹੋਰ ਜਾਣਦੇ ਹਾਂ ਇਸ ਫਿਲਮ ਦੀ ਲੇਖਿਕਾ ਅਤੇ ਨਿਰਦੇਸ਼ਿਕਾ ਕਲਿਆਣੀ ਸਿੰਘ ਕੋਲੋਂ, ਜਿਹਨਾਂ ਨੇ ਪੰਜਾਬੀ ਸਕਰੀਨ ਨਾਲ ਗੱਲਬਾਤ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ।


ਕਲਿਆਣੀ ਸਿੰਘ ਕਹਿੰਦੇ ਹਨ ਕਿ ਵਿਸ਼ਵਾਸ ਸਭ ਤੋਂ ਸ਼ਕਤੀਸ਼ਾਲੀ ਦਵਾਈ ਹੈ, ਸਭ ਤੋਂ ਸ਼ਕਤੀਸ਼ਾਲੀ ਔਜ਼ਾਰ ਹੈ, ਜੋ ਅਸੰਭਵ ਨੂੰ ਹਾਸਲ ਕਰਨ ਦਾ ਬਲ ਦਿੰਦਾ ਹੈ।ਜੇਕਰ ਕਿਸੇ ਦਾ ਕਰਮ ਚੰਗਾ ਹੈ ਅਤੇ ਉਸ ਦਾ ਵਾਹਿਗੁਰੂ ਵਿਚ ਵਿਸ਼ਵਾਸ ਸੱਚਾ ਹੈ ਅਤੇ ਦਿਲੋਂ ਹੈ, ਤਾਂ ਯਕੀਨ ਕਰੋ, ਕੁਝ ਵੀ ਅਸੰਭਵ ਨਹੀਂ ਹੈ। ਦ੍ਰਿੜ ਵਿਸ਼ਵਾਸ ਪਹਾੜਾਂ ਨੂੰ ਹਿਲਾ ਸਕਦਾ ਹੈ!ਇਕ ਵਾਰ ਜਦੋਂ ਤੁਸੀਂ ਪ੍ਰਮਾਤਮਾ ਭਗਤੀ ਵਿਚ ਲੀਨ ਹੋ ਜਾਂਦੇ ਹੋ ਤਾਂ ਤੁਸੀਂ ਹਰ ਜਗ੍ਹਾ ਚਮਤਕਾਰ ਦੇਖ ਸਕਦੇ ਹੋ ਅਤੇ ਮੇਰਾ ਪੱਕਾ ਵਿਸ਼ਵਾਸ ਹੈ ਕਿ ਜੇਕਰ ਤੁਹਾਡਾ ਰੱਬ ਵਿੱਚ ਵਿਸ਼ਵਾਸ ਅੰਤਮ ਹੈ, ਤਾਂ ਤੁਸੀਂ ਯਕੀਨ ਕਰ ਸਕਦੇ ਹੋ ਕਿ ਉਹ ਹਮੇਸ਼ਾ ਤੁਹਾਡੇ ਨਾਲ ਹੈ, ਤੁਹਾਡੀ ਦੇਖਭਾਲ ਕਰ ਰਿਹਾ ਹੈ ਅਤੇ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰੇਗਾ।ਗੁਰੂ ਨਾਨਕ ਦੇਵ ਜੀ ਕਹਿੰਦੇ ਹਨ,‘ਉਹ ਪ੍ਰਮਾਤਮਾ ਤੁਹਾਨੂੰ ਕਿਸੇ ਦੇ ਸਾਹਮਣੇ ਨਹੀਂ ਝੁਕਣ ਦੇਵੇਗਾ ਜੇਕਰ ਤੁਹਾਡਾ ਉਸ ਪ੍ਰਤੀ ਪੱਕਾ ਵਿਸ਼ਵਾਸ ਹੈ ਅਤੇ ਤੁਹਾਡੇ ਕਰਮ ਚੰਗੇ ਹਨ’,ਇਹੀ ਹੈ ਮੇਰੀ ਫਿਲਮ “ਨਾਨਕ ਨਾਮ ਜਹਾਜ਼ ਹੈ” ਦੀ ਕਹਾਣੀ।


ਉਹ ਦੱਸਦੀ ਹੈ ਕਿ ਜਦੋਂ ਉਸਨੇ ਕਹਾਣੀ ਲਿਖੀ ਅਤੇ ਇਹ ਸਿਰਲੇਖ ਚੁਣਿਆ, ਤਾਂ ਉਸਨੂੰ ਪਤਾ ਸੀ ਕਿ ਇਸਦੀ ਤੁਲਨਾ 55 ਸਾਲ ਪਹਿਲਾਂ ਬਣੀ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਬਲਾਕਬਸਟਰ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ ਨਾਲ ਕੀਤੀ ਜਾਵੇਗੀ।ਅਜੇ ਵੀ ਇਸ ਫ਼ਿਲਮ ਨੂੰ ਸਭ ਤੋਂ ਵੱਡਾ ਹਿੱਟ ਰਿਕਾਰਡ ਤੋੜਨ ਵਾਲੀਆਂ ਪੰਜਾਬੀ ਰਚਨਾਵਾਂ ਵਿੱਚੋਂ ਇਕ ਦੇਖਿਆ ਜਾਂਦਾ ਹੈ।ਪਰ ਜਿਵੇਂ ਕਲਿਆਣੀ ਸਿੰਘ ਨੇ ਪਹਿਲਾਂ ਹੀ ਕਿਹਾ ਹੈ ਕਿ ਉਸਦੇ ਰੱਬ ਪ੍ਰਤੀ ਵਿਸ਼ਵਾਸ ਨੇ ਹੀ ਉਸਨੂੰ ਅੱਗੇ ਵਧਣ ਦੀ ਹਿੰਮਤ ਦਿੱਤੀ ਅਤੇ ਉਸਦੇ ਦਿਲ ਦੀ ਆਵਾਜ਼ ਸੀ ਕਿ ਉਹ ਇਹ ਫ਼ਿਲਮ ਬਣਾਉਣ ਲਈ ਹੀ ਪੈਦਾ ਹੋਈ ਹੈ।
ਉਸ ਦਾ ਕਹਿਣਾ ਹੈ ਕਿ “ਮੇਰੇ ਆਲੇ ਦੁਆਲੇ ਬਹੁਤ ਸਕਾਰਾਤਮਕ ਮਾਹੌਲ ਸੀ ਅਤੇ ਮੈਂ ਆਪਣੇ ਪਤੀ ਮਾਨ ਸਿੰਘ (ਪ੍ਰਸਿੱਧ ਪੱਤਰਕਾਰ ਅਤੇ ਲੇਖਕ), ਜੋ ਆਪਣੇ ਸ਼ਬਦਾਂ ਵਿਚ ਸੰਕੋਚ ਨਹੀਂ ਕਰਦੇ ਇਸੇ ਲਈ ਈਮਾਨਦਾਰ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ, ਨੂੰ ਫ਼ਿਲਮ ਅਤੇ ਇਸ ਟਾਈਟਲ ਲਈ ਆਪਣੇ ਵਿਚਾਰ ਦੱਸੇ, ਉਹਨਾਂ ਨੇ ਕਹਾਣੀ ਸੁਣੀ ਅਤੇ ਸਿਰਫ 2 ਸ਼ਬਦ ਕਹੇ-ਅੱਗੇ ਵਧੋ!”
ਆਪਣਾ ਇਹ ਸਫ਼ਰ ਜਾਰੀ ਰੱਖਦੇ ਹੋਏ, ਕਲਿਆਣੀ ਸਿੰਘ ਆਪਣੇ ਪ੍ਰੋਜੈਕਟ ਦੇ ਵਿਕਾਸ ਬਾਰੇ ਚਰਚਾ ਕਰਦੀ ਹੈ। “ਮੈਂ ਬਹੁਤ ਖੁਸ਼ ਅਤੇ ਭਰੋਸੇਮੰਦ ਸਾਂ ਅਤੇ ਮਾਨ ਸਿੰਘ ਨਾਲ ਕਹਾਣੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਹ ਉਦੋਂ ਦੀ ਗੱਲ ਹੈ ਜਦੋਂ ਉਸਨੇ ਮੈਨੂੰ 55 ਸਾਲ ਪਹਿਲਾਂ ਬਣੀ ਫ਼ਿਲਮ “ਨਾਨਕ ਨਾਮ ਜਹਾਜ਼ ਹੈ” ਬਾਰੇ ਦੱਸਿਆ, ਕਿ ਪ੍ਰਮਾਤਮਾ ਨੇ ਇਸ ਮਹੱਤਵ ਪੂਰਨ ਫ਼ਿਲਮ ਨੂੰ ਸਫਲ ਬਣਾਉਣ ਲਈ ਪਹਿਲਾਂ ‘ਮਹੇਸ਼ਵਰੀ ਭਰਾਵਾਂ’ ਜਿਹੇ ਮਸ਼ਹੂਰ ਨਿਰਮਾਤਾਵਾਂ ਨੂੰ ਚੁਣਿਆ ਸੀ ਅਤੇ ਇਸ ਵਾਰ ਉਸਨੇ ਇਸਦੀ ਭਾਵਨਾ ਨੂੰ ਜਾਰੀ ਰੱਖਣ ਲਈ ਸ਼ਾਇਦ ਤੈਨੂੰ ਚੁਣਿਆ ਹੈ।
ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਨਾਲ, ਮੈਂ ਆਪਣੇ ਕਲਾਕਾਰਾਂ ਨੂੰ ਬੁਲਾਇਆ ਜਿਹਨਾਂ ਤੇ ਮੈਨੂੰ ਵਿਸ਼ਵਾਸ ਸੀ ਕਿ ਉਹ ਇਸ ਫ਼ਿਲਮ ਨੂੰ ਆਪਣੇ ਮਜ਼ਬੂਤ ਮੋਢਿਆਂ ‘ਤੇ ਚੁੱਕ ਸਕਦੇ ਹਨ ਅਤੇ ਮੇਰੇ ਵਿਸ਼ੇ ਨਾਲ ਇਨਸਾਫ ਕਰ ਸਕਦੇ ਹਨ। ਇਕ ਚੰਗੀ ਸਟਾਰ ਕਾਸਟ ਚੁਣਨ ਦਾ ਮਤਲਬ ਹੈ ਕਿ ਅੱਧਾ ਕੰਮ ਪਹਿਲਾਂ ਹੀ ਹੋ ਜਾਂਦਾ ਹੈ!
ਹਾਲਾਂਕਿ ਮੇਰੀ ਫ਼ਿਲਮ ਦੀ ਕਹਾਣੀ ਪਹਿਲੀ ਫ਼ਿਲਮ ਤੋਂ ਪੂਰੀ ਤਰ੍ਹਾਂ ਵੱਖਰੀ ਹੈ, ਪਰ ਮੇਰੇ ਕਲਾਕਾਰਾਂ ਦੇ ਹਰ ਪ੍ਰਦਰਸ਼ਨ ਦੀ ਤੁਲਨਾ ਪਿਛਲੀ ਫ਼ਿਲਮ ਦੇ ਅਦਾਕਾਰਾਂ ਅਤੇ ਖਾਸ ਕਰਕੇ ਮਹਾਨ ਅਦਾਕਾਰ ਪ੍ਰਿਥਵੀਰਾਜ ਕਪੂਰ ਨਾਲ ਕੀਤੀ ਜਾਵੇਗੀ। ਮੇਰੇ ਕਲਾਕਾਰ ਉਤਸ਼ਾਹਿਤ ਸਨ, ਪਰ ਕੀ ਉਹ ਆਪਣੇ ਆਪ ਨੂੰ ਸਕ੍ਰਿਪਟ ਲਈ ਸਮਰਪਿਤ ਕਰ ਸਕਣਗੇ, ਜਿਵੇਂ ਕਿ ਮੈਂ ਸੁਪਨਾ ਦੇਖਿਆ ਹੈ? ਜਦੋਂ ਮੈਂ ਮੁਕੇਸ਼ ਰਿਸ਼ੀ, ਵਿੰਦੂ ਦਾਰਾ ਸਿੰਘ, ਸਰਦਾਰ ਸੋਹੀ ਅਤੇ ਡੌਲੀ ਮੱਟੂ ਨੂੰ ਆਪੋ ਆਪਣੇ ਕਿਰਦਾਰਾਂ ਵਿਚ ਢਲੇ ਵੇਖਿਆ ਤਾਂ ਮੈਂ ਹੈਰਾਨ ਰਹਿ ਗਈ! ਇਸ ਤੋਂ ਇਲਾਵਾ ਹੋਰ ਕੁਝ ਵੀ ਮੈਨੂੰ ਐਨਾ ਖੁਸ਼ ਨਹੀਂ ਸੀ ਕਰ ਸਕਦਾ ।

ਮੇਰੇ ਪਤੀ ਅਤੇ ਇਸ ਫ਼ਿਲਮ ਦੇ ਨਿਰਮਾਤਾ ਮਾਨ ਸਿੰਘ ਦੀਪ, ਜੋ ਹਮੇਸ਼ਾ ਸੈੱਟ ‘ਤੇ ਕਿਸੇ ਨਾ ਕਿਸੇ ਕੋਨੇ ‘ਤੇ ਬੈਠੇ ਰਹਿੰਦੇ ਸਨ ਅਤੇ ਸ਼ੂਟਿੰਗ ਦੇਖਣ ਆਉਣ ਵਾਲੇ ਲੋਕਾਂ ਨੂੰ ਦੇਖ ਰਹੇ ਸਨ, ਲੋਕਾਂ ਦੇ ਪ੍ਰਤੀਕਰਮ ਤੋਂ ਖੁਸ਼ ਅਤੇ ਹੈਰਾਨ ਹੋਏ।
ਮਾਨ ਸਿੰਘ ਨੇ ਇਕ ਦਿਨ ਸ਼ੂਟ ਤੋਂ ਬਾਅਦ ਸਾਡੇ ਹੋਟਲ ਦੇ ਕਮਰੇ ਵਿਚ ਮੈਨੂੰ ਕਿਹਾ, “ਕਲਿਆਣੀ, ਕੀ ਤੁਹਾਨੂੰ ਪਤਾ ਹੈ ਕਿ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਵੀ ਅਸੀਂ ਜਨਤਾ ਤੋਂ ਪਰੇਸ਼ਾਨ ਕਿਉਂ ਨਹੀਂ ਹੁੰਦੇ? ਕਿਉਂਕਿ ਉਨ੍ਹਾਂ ਲਈ ਇਹ ਕੋਈ ਆਮ ਫ਼ਿਲਮ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਉਨ੍ਹਾਂ ਦਾ ਇਹ ਵਿਸ਼ਵਾਸ ਹੈ ਕਿ ਉਹ ਹਰ ਸੰਵਾਦ ਨੂੰ ਪੂਰੇ ਧਿਆਨ ਨਾਲ ਸੁਣਦੇ ਹਨ। ਉਹ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਨ, ਜਦੋਂ ਉਹ ਸਪੀਕਰਾਂ ‘ਤੇ ਵਜਾਏ ਜਾਂਦੇ ਇਸ ਫ਼ਿਲਮ ਵਿਚਲੇ ਸ਼ਬਦਾਂ ਨੂੰ ਸੁਣਦੇ ਹਨ, ਕਿਉਂਕਿ ਉਹ ਧਿਆਨ ਦੀ ਅਵਸਥਾ ਵਿਚ ਹੁੰਦੇ ਹਨ।
ਕਲਿਆਣੀ ਸਿੰਘ ਆਖਦੀ ਹੈ ਕਿ ਇਹ ਮੇਰੇ ਛੋਟੇ ਮੋਢਿਆਂ ‘ਤੇ ਇਕ ਵੱਡੀ ਜ਼ਿੰਮੇਵਾਰੀ ਹੈ, ਪਰ ਮੈਨੂੰ ਯਕੀਨ ਹੈ ਕਿ ਮੇਰੇ ਗੁਰੂ, ਗੁਰੂ ਨਾਨਕ ਦੇਵ ਜੀ ਮੇਰੇ ਨਾਲ ਹਨ, ਉਨ੍ਹਾਂ ਦਾ ਆਸ਼ੀਰਵਾਦ ਮੇਰੇ ਨਾਲ ਹੈ, ਅਤੇ ਉਹ ਇਸ ਨੂੰ ਇਕ ਬਹੁਤ ਹੀ ਯਾਦਗਾਰੀ ਫ਼ਿਲਮ ਬਣਾਉਣ ਲਈ ਮੇਰਾ ਹਰ ਤਰ੍ਹਾਂ ਦਾ ਮਾਰਗਦਰਸ਼ਨ ਕਰਨਗੇ।
‘ਨਾਨਕ ਨਾਮ ਜਹਾਜ਼ ਹੈ” ਇਕ ਬਹੁਤ ਹੀ ਪਵਿੱਤਰ ਨਾਮ ਹੈ, ਜਿਸ ਵਿਚ ਨਾ ਸਿਰਫ ਪੰਜਾਬੀਆਂ, ਸਗੋਂ ਹੋਰ ਜਾਤਾਂ/ਧਰਮਾਂ ਦੇ ਲੋਕ ਵੀ ਵਿਸ਼ਵਾਸ ਰੱਖਦੇ ਹਨ।55 ਸਾਲਾਂ ਬਾਅਦ ਇਕ ਵਾਰ ਫਿਰ ਇਕ ਵੱਖਰੀ ਕਹਾਣੀ ਅਤੇ ਨਾਮੀ ਸਟਾਰ ਕਾਸਟ ਨਾਲ ਬਣਾਈ ਗਈ ਇਹ ਇਕ ਆਧੁਨਿਕ ਫ਼ਿਲਮ ਹੈ “ਨਾਨਕ ਨਾਮ ਜਹਾਜ਼ ਹੈ”।ਇਹ ਵੀ ਇਕ ਅੰਤਰਰਾਸ਼ਟਰੀ ਪੰਜਾਬੀ ਫ਼ਿਲਮ ਹੈ ਜੋ ਅੰਗਰੇਜ਼ੀ ਸਬ-ਟਾਈਟਲ ਦੇ ਨਾਲ ਪੰਜਾਬੀ ਅਤੇ ਹਿੰਦੀ ਵਿਚ ਰਿਲੀਜ਼ ਕੀਤੀ ਜਾਵੇਗੀ।
ਇਸ ਫ਼ਿਲਮ ਵਿਚਲੇ ਅਦਾਕਾਰਾਂ ਮੁਕੇਸ਼ ਰਿਸ਼ੀ, ਵਿੰਦੂ ਦਾਰਾ ਸਿੰਘ, ਡੌਲੀ ਮੱਟੂ, ਸਰਦਾਰ ਸੋਹੀ, ਗੈਵੀ ਚਹਿਲ, ਭਾਵਨਾ ਸ਼ਰਮਾ, ਅਮਨ ਧਾਲੀਵਾਲ, ਰਤਨ ਔਲਖ, ਯੂਵੀ ਔਲਖ,ਯਾਮਨੀ ਮਲਹੋਤਰਾ ਅਤੇ ਦ੍ਰਿਸ਼ਟੀ ਗਰੇਵਾਲ,ਐੱਚ ਆਰ.ਡੀ.ਸਿੰਘ,ਅਰਵਿੰਦਰ ਭੱਟੀ ਅਤੇ ਦਲਜੀਤ ਅਰੋੜਾ ਸਮੇਤ ਸਭ ਦੀਆਂ ਵੱਖ ਵੱਖ ਭੂਮੀਕਾਵਾਂ ਨੂੰ ਫ਼ਿਲਮ ਦੇ ਸਿਨੇਮੈਟੋਗ੍ਰਾਫ਼ਰ ਨਜੀਬ ਖਾਨ ਨੇ ਕੈਮਰੇ ਵਿਚ ਕੈਦ ਕੀਤਾ ਹੈ।


ਫਿਲਮ ਦਾ ਟ੍ਰੇਲਰ ਅਤੇ ਸੰਗੀਤ ਰਿਲੀਜ਼ ਹੋ ਚੁੱਕਾ ਹੈ।
ਸੰਗੀਤ ਰਿਲੀਜ਼ ਕਰਨ ਵਾਲੀ “ਸਨਾਤਮ ਵਰਲਡ ਮਿਊਜ਼ਿਕ ਕੰਪਨੀ’ ਦੇ ਮਾਲਕ ਐਸ.ਕੇ. ਤਿਵਾੜੀ ਵੀ “ਨਾਨਕ ਨਾਮ ਜਹਾਜ਼ ਹੈ” ਫਿਲਮ ਦੇ ਰਿਲੀਜ਼ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰਾਂ ਫਿਲਮ ਦੇ ਸੰਗੀਤ ਅਤੇ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ,ਇਸ ਫਿਲਮ ਦੀ ਕਾਮਯਾਬੀ ਦੀਆਂ ਉਮੀਦਾਂ ਨੂੰ ਲੈ ਕੇ ਸਾਡਾ ਹੌਸਲਾ ਹੋਰ ਵੀ ਵੱਧ ਗਿਆ ਹੈ।
ਉਮੀਦ ਕਰਦੇ ਹਾਂ ਕਿ ਰਿਲਾਇੰਸ ਐਂਟਰਟੇਨਮੈਂਟ ਵਲੋਂ 24 ਮਈ 2024 ਨੂੰ ਦੁਨੀਆਂ ਭਰ ਵਿਚ ਰਿਲੀਜ਼ ਕੀਤੀ ਜਾ ਰਹੀ ਇਹ ਫ਼ਿਲਮ ਦਰਸ਼ਕਾਂ ਦੀ ਕਸੌਟੀ ਤੇ ਪੂਰੀ ਉਤਰ ਕੇ ਸਾਰੀ ਫ਼ਿਲਮ ਟੀਮ ਦੇ ਇਸ ਫ਼ਿਲ਼ਮ ਪ੍ਰਤੀ ਵੇਖੇ ਸਕਾਰਾਤਮਕ ਸੁਪਨੇ ਨੂੰ ਪੂਰਾ ਕਰੇਗੀ।

-ਪੰਜਾਬੀ ਸਕਰੀਨ

Comments & Suggestions

Comments & Suggestions