31 ਮਈ ਨੂੰ ਰਿਲੀਜ਼ ਹੋਵੇਗੀ ‘ਫੈਮਲੀ 420 ਵੰਨਸ ਅਗੇਨ’

By  |  0 Comments

(ਪੰ:ਸ) ‘ਡੀ-7’ ਫ਼ਿਲਮਸ ਦੇ ਬੈਨਰ ਹੇਠ ਬਣੀ ਫੀਚਰ ਫ਼ਿਲਮ ‘‘ਫੈਮਲੀ 420 ਵੰਨਸ ਅਗੇਨ’’ ਦੇ ਨਿਰਮਾਤਾ ਗੁਰਚਰਨ ਸਿੰਘ ਧਾਲੀਵਾਲ ਨੇ ਇਸ ਫ਼ਿਲਮ ਦੇ ਦਿਲਚਸਪ ਪਹਿਲੂ ਦੱਸਦੇ ਹੋਏ ਕਿਹਾ ਕਿ ਇਸ ਫ਼ਿਲਮ ਰਾਹੀਂ ਗੁਰਚੇਤ ਦੀਆਂ ਆਪਣੀਆਂ ਪਹਿਲੀਆਂ ਟੈਲੀ ਫੈਮਲੀ ਫ਼ਿਲਮਾਂ ’ਚੋਂ ਮਕਬੂਲ ਹੋਏ ਕੁਝ ਪਾਤਰਾਂ ਸਮੇਤ ਵੱਡੇ ਪਰਦੇ ‘ਤੇ ਆਪਣੇ ਮਸ਼ਹੂਰ ਸੰਵਾਦਾਂ ਰਾਹੀਂ ਪੇਸ਼ ਹੋਣਗੇ। ਫ਼ਿਲਮ ਦੀ ਕਹਾਣੀ ਡੇਰਾਵਾਦ ਦਾ ਪਾਜ ਵੀ ਉਧੇੜੇਗੀ। ਬਾਬਾ ਜਾਂ ਸਾਧ ਚਾਹੇ ਕੋਈ ਵੀ ਹੋਵੇ, ਕਿਵੇਂ ਸਿਆਸੀ ਲੋਕਾਂ ਦੀ ਸ਼ਹਿ ’ਤੇ ਭੋਲੀ-ਭਾਲੀ ਜਨਤਾ ਨੂੰ ਗੁਮਰਾਹ ਕਰਦੇ ਹਨ, ਨਸ਼ਿਆਂ ਦਾ ਵਪਾਰ ਕਰਦੇ ਹਨ ਅਤੇ ਸੁਪਾਰੀ ਲੈ ਕੇ ਕਤਲ ਤੱਕ ਵੀ ਕਰਵਾ ਦਿੰਦੇ ਹਨ, ਇਹ ਸਭ ਇਸ ਫ਼ਿਲਮ ਵਿਚ ਬੇਬਾਕ ਦਿਖਾਇਆ ਗਿਆ ਹੈ। ਇਸ ਫ਼ਿਲਮ ਵਿੱਚ ਪੰਜਾਬ ਪੁਲਿਸ ਦਾ ਚੰਗਾ ਹੀ ਪੱਖ ਰੱਖਿਆ ਗਿਆ ਹੈ ਤਾਂ ਕਿ ਜਨਤਾ ਇਨ੍ਹਾਂ ਉੱਪਰ ਵਿਸ਼ਵਾਸ ਕਰ ਸਕੇ। ਫ਼ਿਲਮ ਦੀ ਹੀਰੋਇਨ “ਜੱਜ” ਕਸ਼ਮੀਰੀ ਕੁੜੀ ਹੈ, ਜੋ ਫ਼ਿਲਮ ’ਚ ਕੈਨੇਡਾ ਦੀ ਜੌਲੀ ਬਣੀ ਪੇਂਡੂ ਮੁੰਡਿਆਂ ਨੂੰ ਆਪਣੇ ਮਗਰ ਲਾਈ ਰੱਖਦੀ ਹੈ। ਫ਼ਿਲਮ ਦੇ ਬਾਕੀ ਅਦਾਕਾਰਾਂ ‘ਚ ਯੋਗਰਾਜ ਸਿੰਘ, ਜੰਗ ਬਹਾਦਰ, ਗੁਰਪ਼੍ਰੀਤ ਭੰਗੂ, ਪਰਮਿੰਦਰ ਗਿੱਲ ਬਰਨਾਲਾ, ਰਵਿੰਦਰ ਮੰਡ, ਜਗਦੇਵ ਭੂੰਦੜੀ, ਜਰਨੈਲ ਸਿੰਘ, ਸਤਿੰਦਰ ਕੌਰ ਅਤੇ ਗੁਰੂ ਵਿਰਕ ਆਦਿ ਖਾਸ ਚਿਹਰੇ ਹਨ ।

ਨਿਰਦੇਸ਼ਕ ਦਿਲਾਵਰ ਸਿੱਧੂ ਦੀ ਇਸ ਫੈਮਲੀ ਡਰਾਮਾ, ਕਮੇਡੀ, ਤਰੋਤਾਜਾ ਗੀਤ-ਸੰਗੀਤ ਦੀ ਗੱਲ ਕਰਦੀ ਫ਼ਿਲਮ ਦਾ ਸਾਰਾ ਤਾਣਾ ਬਾਣਾ (ਕਹਾਣੀ-ਸਕਰੀਨ ਪਲੇਅ ਸੰਵਾਦ) ਗੁਰਚੇਤ ਚਿੱਤਰਕਾਰ ਨੇ ਬੁਣਿਆ ਹੈ ਤੇ ਆਰਟ ਡਾਇਰੈਕਟਰ ਦੀਪ ਲੋਂਗੋਵਾਲੀਆ ਹੈ। ਫ਼ਿਲਮ ਦਾ ਸੰਗੀਤ ਲਾਡੀ ਗਿੱਲ ਨੇ ਦਿੱਤਾ ਹੈ, ਪਿੱਠਵਰਤੀ ਗਾਇਕ ਵਜੋਂ ਖੜਕ ਸਿੰਘ ਅਤੇ ਫਤਿਹ ਸ਼ੇਰਗਿੱਲ ਨੇ ਗੀਤ ਗਾਏ ਹਨ। ਇਸ ਫ਼ਿਲਮ ਦਾ ਸੰਗੀਤ ‘ਵਾਈਟ ਹਿੱਲ ਕੰਪਨੀ’ ਵੱਲੋਂ ਜਾਰੀ ਕੀਤਾ ਜਾ ਰਿਹਾ ਹੈ ਅਤੇ ਡਿਸਟ੍ਰੀਬਿਊਟਰ ਹਨ ਪ੍ਰਸਿੱਧ ਫ਼ਿਲਮ ਨਿਰਮਾਤਾ ਇਕਬਾਲ ਢਿੱਲੋਂ। ਉਮੀਦ ਕਰਦੇ ਹਾਂ ਕਿ 31 ਮਈ ਵਾਲੇ ਦਿਨ ਦਰਸ਼ਕ ਗੁਰਚੇਤ ਚਿੱਤਰਕਾਰ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ‘ਫੈਮਲੀ 420 ਵੰਨਸ ਅਗੇਨ’ ਨੂੰ ਵੀ ਭਰਵਾਂ ਹੁੰਗਾਰਾ ਦੇ ਕੇ ਸਾਡਾ ਸਭ ਦਾ ਹੌਂਸਲਾ ਵਧਾਉਣਗੇ।

Comments & Suggestions

Comments & Suggestions