31 ਵੀਂ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਮਗਰੋਂ ਭਾਰਤੀ ਵਫ਼ਦ ਲਾਹੌਰੋਂ ਵਤਨ ਪਰਤਿਆ

By  |  0 Comments


ਅੰਮ੍ਰਿਤਸਰਃ 21 ਮਾਰਚ (ਪੰ:ਸ) ਵਿਸ਼ਵ ਪੰਜਾਬੀ ਕਾਂਗਰਸ ਵੱਲੋਂ ਲਾਹੌਰ ਦੇ ਪਾਕਿ ਹੈਰੀਟੇਜ ਹੋਟਲ ਚ ਕਰਵਾਈ 31ਵੀਂ ਪੰਜ ਰੋਜ਼ਾ ਪੰਜਾਬੀ ਅਮਨ ਕਾਨਫਰੰਸ ਤੋਂ ਬਾਦ ਭਾਰਤੀ ਵਫ਼ਦ ਡਾਃ ਦੀਪਕ ਮਨਮੋਹਨ ਸਿੰਘ ਤੇ ਸਹਿਜ ਪ੍ਰੀਤ ਸਿੰਘ ਮਾਂਗਟ ਦੀ ਅਗਵਾਈ ਹੇਠ ਅਟਾਰੀ ਰਸਤਿਉਂ ਬੀਤੀ ਸ਼ਾਮ ਵਤਨ ਪਰਤ ਆਇਆ ਹੈ।
ਪਰਤਣ ਵਾਲਿਆਂ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸਾਬਕਾ ਜਨਰਲ ਸਕੱਤਰ ਸੁਸ਼ੀਲ ਦੋਸਾਂਝ, ਪੰਜਾਬੀ ਅਕਾਡਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਕੁਲਬੀਰ ਗੋਜਰਾ ਤੇ ਡਾਃ ਖਾਲਿਦ ਅਸ਼ਰਫ,ਪਰਵੇਸ਼ ਕੌਰ, ਕਮਲ ਦੋਸਾਂਝ, ਪਰਮਜੀਤ ਸਿੰਘ ਭੁੱਲਰ,ਪੰਜਾਬੀ ਫ਼ਿਲਮ ਅਭਿਨੇਤਰੀ ਡਾਃ ਸੁਨੀਤਾ ਧੀਰ, ਡਾਃ ਨਿਰਮਲ ਸਿੰਘ ਬਾਸੀ,ਪੰਜਾਬ ਯੂਨੀਵਰਸਿਟੀ ਸੈਨੇਟਰ ਪ੍ਰਿੰਸੀਪਲ ਡਾਃ ਤਰਲੋਕ ਬੰਧੂ ਮੁਕਤਸਰ,ਡਾਃ ਸਵੈਰਾਜ ਸੰਧੂ, ਡਾਃ ਸ਼ਿੰਦਰਪਾਲ ਸਿੰਘ, ਡਾਃ ਸਾਂਵਲ ਧਾਮੀ, ਗੁਰਤੇਜ ਕੋਹਾਰਵਾਲਾ, ਹਰਵਿੰਦਰ ਚੰਡੀਗੜ੍ਹ, ਅਜ਼ੀਮ ਸ਼ੇਖ਼ਰ ਤੇ ਦਰਸ਼ਨ ਬੁਲੰਦਵੀ ਯੂ ਕੇ, ਬਲਦੇਵ ਬਾਵਾ ਅਮਰੀਕਾ, ਅੰਜੂ ਪਰੋਬਿਸਟ ਪੈਰਿਸ ਫਰਾਂਸ, ਸਤੀਸ਼ ਗੁਲਾਟੀ, ਡਾਃ ਸੁਲਤਾਨਾ ਬੇਗਮ, ਡਾਃ ਰਤਨ ਸਿੰਘ ਢਿੱਲੋਂ, ਜੈਨਿੰਦਰ ਚੌਹਾਨ, ਕਹਾਣੀਕਾਰ ਤ੍ਰਿਪਤਾ ਕੇ ਸਿੰਘ, ਜਗਦੀਪ ਸਿੱਧੂ, ਡਾਃ ਨਰਵਿੰਦਰ ਸਿੰਘ ਕੌਸ਼ਲ, ਅਮਨਦੀਪ ਸਿੰਘ ਫੱਲ੍ਹੜ, ਡਾਃ ਤਰਸਪਾਲ ਕੌਰ ਬਰਨਾਲਾ,ਨਾਵਲਕਾਰ ਹਰਜੀਤ ਸਿੰਘ ਸੋਹੀ ਪਟਿਆਲਾ, ਅਮਨਜੋਤ ਕੌਰ ਸੇਖੋਂ, ਜਸਦੇਵ ਸਿੰਘ ਸੇਖੋਂ, ਪੱਤਰਕਾਰ ਜਗਤਾਰ ਭੁੱਲਰ ਚੰਡੀਗੜ੍ਹ, ਦਲਜੀਤ ਸਿੰਘ ਸ਼ਾਹੀ ਐਡਵੋਕੇਟ ਸਮਰਾਲਾ, ਸੀਮਾ ਮਹਿੰਦਰੂ ਤੇ ਪ੍ਰੇਮ ਮਹਿੰਦਰੂ ਐਡਵੋਕੇਟ, ਅਮਰਪਾਲ ਸਿੰਘ ਰੰਧਾਵਾ ਐਡਵੋਕੇਟ ਅੰਮ੍ਰਿਤਸਰ,ਡਾਃ ਭਾਰਤਬੀਰ ਕੌਰ ਸੰਧੂ ਗੁਰੂ ਨਾਨਕ ਯੂਨੀਃ ਅੰਮ੍ਰਿਤਸਰ, ਗੁਰਬਖ਼ਸ਼ ਕੌਰ ਰਾਏ, ਪ੍ਰਿੰਃ ਡਾਃ ਜਸਵਿੰਦਰ ਕੌਰ ਮਾਂਗਟ ਲੁਧਿਆਣਾ, ਜਸਵਿੰਦਰ ਕੌਰ ਗਿੱਲ, ਦਰਸ਼ਨ ਸਿੰਘ ਢਿੱਲੋਂ ਸੰਪਾਦਕ ਚਰਚਾ ਯੂ ਕੇ ਤੇ ਦਲਜੀਤ ਸਰਾਂ ਸੰਪਾਦਕ ਅੰਮ੍ਰਿਤਸਰ ਟਾਈਮਜ਼ ਅਮਰੀਕਾ ਸ਼ਾਮਿਲ ਹਨ।
ਪੱਤਰਕਾਰਾਂ ਨਾਲ ਕਾਨਫਰੰਸ ਦੌਰਾਨ ਯਾਦਗਾਰੀ ਪਲਾਂ ਦਾ ਜ਼ਿਕਰ ਕਰਦਿਆਂ ਵਫ਼ਦ ਵੱਲੋਂ ਗੁਰਭਜਨ ਗਿੱਲ ਨੇ ਦੱਸਿਆ ਕਿ ਸਆਦਤ ਹਸਨ ਮੰਟੋ ਦੀਆਂ ਧੀਆਂ ਦਾ ਮਿਲਣਾ, ਬੁੱਲ੍ਹਾ ਨਾਟਕ ਦੇ ਲੇਖਕ ਸ਼ਾਹਿਦ ਨਦੀਮ ਨਾਲ ਮਿਲਣਾ, ਪ੍ਰਮੁੱਖ ਉਰਦੂ ਕਵੀ ਅਮਜਦ ਇਸਲਾਮ ਅਮਜਦ ਕੋਲੋਂ ਉਨ੍ਹਾਂ ਦੀ ਅੰਗਰੇਜ਼ੀ ਵਿੱਚ ਅਨੁਵਾਦ ਹੋਈ ਵੱਡ ਆਕਾਰੀ ਕਿਤਾਬ ਪ੍ਰਾਪਤ ਕਰਨਾ, ਯੂਨੀਵਰਸਿਟੀ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਮਾਲਕ ਪ੍ਰੋਃ ਆਬਿਦ ਸ਼ੇਰਵਾਨੀ ਨਾਲ ਵਿਚਾਰ ਵਟਾਂਦਰਾ, ਗੁਰੂ ਗੋਬਿੰਦ ਸਿੰਘ ਜੀ ਦੇ ਵਿਸ਼ਵਾਸਪਾਤਰ ਰਾਏਕੋਟ ਵਾਲੇ ਰਾਏ ਕੱਲ੍ਹਾ ਜੀ ਦੇ ਵਰਤਮਾਨ ਵਾਰਿਸ ਰਾਏ ਅਜ਼ੀਜ਼ਉਲਾ ਖਾਂ, ਸਾਬਕਾ ਮੈਂਬਰ ਨੈਸ਼ਨਲ ਅਸੈਂਬਲੀ, ਨਾਲ ਖ਼ੂਬਸੂਰਤ ਸ਼ਾਮ, ਪਰੈੱਸ ਕਲੱਬ ਲਾਹੌਰ ਵਿੱਚ ਅਦਾਰਾ ਹੁਣ ਵੱਲੋਂ ਦੋ ਲੇਖਕਾਂ ਅਫ਼ਜ਼ਲ ਸਾਹਿਰ ਤੇ ਅਲੀ ਉਸਮਾਨ ਬਾਜਵਾ ਤੋਂ ਇਲਾਵਾ ਦੋ ਮੀਡੀਆ ਕਰਮੀਆਂ ਨੂੰ ਮਸੂਦ ਮੱਲ੍ਹੀ ਤੇ ਫਾਇਕਾ ਨੂੰ ਰੇਡੀਓ ਪੰਜਾਬੀ ਯੂ ਐੱਸ ਏ ਨੂੰ ਸਨਮਾਨਿਤ ਕਰਨਾ, ਲਾਇਲਪੁਰ ਵੱਸਦੀ ਕਵਿੱਤਰੀ ਬੁਸ਼ਰਾ ਨਾਜ਼, ਬਾਬਾ ਨਜਮੀ ਤੇ ਮਾਲਵੇ ਦੇ ਪ੍ਰਸਿੱਧ ਕਿੱਸਾਕਾਰ ਬਾਬੂ ਰਜਬ ਅਲੀ ਦੀ ਪੋਤਰੀ ਰੇਹਾਨਾ ਰਜਬ ਅਲੀ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨ, ਬਾਬਾ ਨਜਮੀ ਦੀ ਸਮੁੱਚੀ ਰਚਨਾ ਮੈਂ ਇਕਬਾਲ ਪੰਜਾਬੀ ਦਾ ਤੇ ਤਾਹਿਰਾ ਸਰਾ ਦੀ ਕਾਵਿ ਪੁਸਤਕ ਸ਼ੀਸ਼ਾ ਦਾ ਦੂਜਾ ਐਡੀਸ਼ਨ ਅਦਾਰਾ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਛਪਣਾ ਤੇ ਲਾਹੌਰ ਚ ਰਿਲੀਜ ਹੋਣਾ, ਇਸੇ ਅਦਾਰੇ ਵੱਲੋਂ ਪ੍ਰਸਿੱਧ ਪੰਜਾਬੀ ਕਵਿੱਤਰੀ ਤਾਹਿਰਾ ਸਰਾ ਨੂੰ ਸ਼ਾਹ ਚਮਨ ਪੁਰਸਕਾਰ ਦੇਣ ਤੋਂ ਇਲਾਵਾ ਗਿਆਰਾਂ ਪੰਜਾਬੀ ਕਿਤਾਬਾਂ ਦਾ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਲੋਕ ਅਰਪਨ ਹੋਣਾ ਸੱਚਮੁੱਚ ਫ਼ਖ਼ਰ ਜ਼ਮਾਂ ਤੇ ਇਸ ਸੰਸਥਾ ਦੇ ਬਾਨੀਆਂ ਲਈ ਸੁਪਨੇ ਦੀ ਪੂਰਤੀ ਹੈ।

ਪਾਕਿਸਤਾਨ ਵਿੱਚ ਸਾਡੇ ਵੱਡੇ ਕਵੀ ਬੀਬਾ ਬਲਵੰਤ ਦਾ ਸਮੁੱਚਾ ਕਲਾਮ ਸਹਿਜ ਸੁਖ਼ਨ ਨਾਮ ਹੇਠ ਛਪਣਾ ਵੀ ਮਾਣ ਵਾਲੀ ਗੱਲ ਹੈ। ਅਟਾਰੀ ਪਹੁੰਚ ਕੇ ਇਸ ਕਿਤਾਬ ਨੂੰ ਡਾਃ ਦੀਪਕ ਮਨਮੇਹਨ ਸਿੰਘ, ਦਰਸ਼ਨ ਬੁੱਟਰ, ਸੁਸ਼ੀਲ ਦੋਸਾਂਝ, ਗੁਰਭਜਨ ਗਿੱਲ, ਡਾਃ ਤਰਲੋਕ ਬੰਧੂ, ਗੁਰਭੇਜ ਸਿੰਘ ਗੋਰਾਇਆ,ਦਲਜੀਤ ਸ਼ਾਹੀ, ਅਜ਼ੀਮ ਸ਼ੇਖ਼ਰ ਤੇ ਹਰਵਿੰਦਰ ਚੰਡੀਗੜ੍ਹ ਨੇ ਲੋਕ ਅਰਪਨ ਕੀਤੀ। ਇਸ ਦੀ ਪ੍ਰਕਾਸ਼ਨਾ ਸ਼ਾਹਮੁਖੀ ਵਿੱਚ ਅਫ਼ਜ਼ਲ ਸਾਹਿਰ ਦੀ ਦੇਖ ਰੇਖ ਹੇਠ ਸੁਲੇਖ ਵੱਲੋਂ ਕੀਤੀ ਗਈ ਹੈ।
ਵਫ਼ਦ ਦੇ ਬਹੁਤੇ ਮੈਂਬਰਾਂ ਦੇ ਮਨ ਵਿੱਚ ਇਸ ਗੱਲ ਦਾ ਹਿਰਖ਼ ਵੇਖਿਆ ਗਿਆ ਕਿ ਉਨ੍ਹਾਂ ਨੂੰ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੋਂ ਇਲਾਵਾ ਬਾਬਾ ਬੁੱਲ੍ਹੇਸ਼ਾਹ ਦੇ ਕਸੂਰ ਜਾਣ ਦੀ ਪ੍ਰਵਾਨਗੀ ਨਹੀਂ ਮਿਲੀ। ਇਹ ਗੱਲ ਦੋਹਾਂ ਮੁਲਕਾਂ ਦੇ ਆਗੂਆਂ ਨੂੰ ਸਮਝਣੀ ਚਾਹੀਦੀ ਹੈ ਕਿ ਆਪਸੀ ਆਗਾਨ ਪ੍ਰਦਾਨ ਨਾਲ ਹੀ ਭਰਮ ਭੁਲੇਖੇ ਦੂਰ ਹੋਣ ਉਪਰੰਤ ਦੱਖਣੀ ਏਸ਼ੀਆ ਦੇ ਲੋਕਾਂ ਵਿੱਚ ਸਦੀਵੀ ਅਮਨ ਯਕੀਨੀ ਬਣ ਸਕੇਗਾ। ਵਫ਼ਦ ਦੇ ਮੁੱਖ ਪ੍ਰਬੰਧਕ ਸਹਿਜ ਪ੍ਰੀਤ ਸਿੰਘ ਮਾਂਗਟ ਨੇ ਵਿਸ਼ਵ ਪੰਜਾਬੀ ਕਾਂਗਰਸ ਦੇ ਬਾਨੀ ਚੇਅਰਮੈਨ ਫ਼ਖ਼ਰ ਜ਼ਮਾਂ, ਭਾਰਤੀ ਇਕਾਈ ਦੇ ਪ੍ਰਧਾਨ ਡਾਃ ਦੀਪਕ ਮਨਮੋਹਨ ਸਿੰਘ ਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਪ੍ਰਬੰਧਕਾਂ ਤੋਂ ਇਲਾਵਾ ਭਾਰਤ ਪਾਕਿਸਤਾਨ ਅਮਨ ਅਭਿਲਾਖੀ ਲੇਖਕਾਂ ਦਾ ਧੰਨਵਾਦ ਕੀਤਾ ਹੈ ਜਿੰਨ੍ਹਾਂ ਨੇ ਇਸ ਪੰਜ ਰੋਜ਼ਾ ਕਾਨਫਰੰਸ ਨੰ ਹਜ਼ਾਰ ਮੁਸ਼ਕਿਲਾਂ ਦੇ ਬਾਵਜੂਦ ਯਕੀਨੀ ਬਣਾਇਆ।

Comments & Suggestions

Comments & Suggestions