Film Review / ਸਾਂਝੀ ਸਮੀਖਿਆ ਫ਼ਿਲਮ “ਬਾਈ ਜੀ ਕੁੱਟਣਗੇ” ਅਤੇ “ਲੌਂਗ ਲਾਚੀ 2” ਬਾਕਸ ਆਫਿਸ ਤੇ ਦੋਨੋ ਫਲਾਪ, ਪਰ ਵੇਖਣ ਲਈ “ਬਾਈ ਜੀ ਕੁੱਟਣਗੇ” ਕੁਝ ਬਿਹਤਰ ❗

By  |  0 Comments

#bhaijikuttange #launglaachi2

ਜਦੋਂ ਕੋਈ ਵੱਡੀ ਸਟਾਰ ਕਾਸਟ ਅਤੇ ਮੇਕਿੰਗ ਟੀਮ ਵਾਲੀ ਫ਼ਿਲਮ ਵਿਸ਼ੇ-ਕਹਾਣੀ ਪੱਖੋਂ ਵੀ ਫਲਾਪ ਹੁੰਦੀ ਤਾਂ ਜ਼ਿਆਦਾ ਅਫਸੋਸ ਹੁੰਦਾ ਹੈ ਅਤੇ ਫਿਲਮ ਸਮੀਖਿਆ ਰਾਹੀਂ ਮੇਕਰਾਂ ਨੂੰ ਉਹਨਾਂ ਦੀਆਂ ਅਣਗਹਿਲੀਆਂ ਦੇ ਨਾਲ ਨਾਲ ਦਰਸ਼ਕਾ ਦੇ ਪੈਸੇ ਅਤੇ ਸਮੇ ਦੀ ਕੀਮਤ ਦਾ ਅਹਿਸਾਸ ਕਰਵਾਇਆ ਜਾਣਾ ਵੀ ਜ਼ਰੂਰੀ ਹੋ ਜਾਂਦਾ ਹੈ।

“ਬਾਈ ਜੀ ਕੁੱਟਣਗੇ”- “ਲੌਂਗ ਲਾਚੀ

ਨਾ ਤਾਂ ਸਾਡੇ ਕੋਲ ਇਹਨਾਂ ਫ਼ਿਲਮਾਂ ਲਈ ਮਜਬੂਤ ਵਿਸ਼ੇ ਸਨ, ਨਾ ਹੀ ਮਜ਼ਬੂਤ ਕਹਾਣੀ-ਪਟਕਥਾ ਘੜੀ ਗਈ, ਨਾ ਹੀ ਪੂਰੀ ਤਰਾਂ ਜੋਨਰ ਸੈੱਟ ਹੋ ਸਕਿਆ ਕਿ ਆਖਰ ਅਸੀਂ ਬਨਾਉਣਾ-ਵਿਖਾਉਣਾ ਕੀ ਹੈ ਅਤੇ ਨਾ ਹੀ ਇਹਨਾਂ ਦੇ ਟਾਈਟਲ ਟੁਕਵੇਂ ਅਤੇ ਪ੍ਰਭਾਵਸ਼ਾਲੀ ਸਾਬਤ ਹੋਏ। ਜੇ ਫ਼ਿਲਮ ਸ਼ੁਰੂ ਹੋਣ ਤੋ ਬਾਅਦ ਕਹਾਣੀ ਦਾ ਅਧਾਰ ਲੱਭਦੇ ਲੱਭਦੇ ਪਰਦੇ ਤੇ “ਅੰਤਰਾਲ”/ਇੰਟਰਵਲ ਲਿਖਿਆ ਨਜ਼ਰ ਆ ਜਾਏ ਤਾਂ ਕੀ ਕਰੋਗੇ ?
ਖੈਰ ! ਪਹਿਲਾਂ…

ਗੱਲ “ਬਾਈ ਜੀ ਕੁੱਟਣਗੇ” ਦੀ
🎞🎞 (ਕਹਾਣੀ-ਪਟਕਥਾ- ਵੈਭਵ ਸੁਮਨ,ਸੰਵਾਦ-ਪਾਲੀ ਭੁਪਿੰਦਰ ਸਿੰਘ )

ਤਾਂ ਕਹਾਣੀ ਦਾ ਕੁਝ ਹਿੱਸਾ ਕਿਸੇ ਅੰਗਰੇਜੀ ਫਿਲਮ ਦਾ ਮਿਸ਼ਰਣ ਜਿਹਾ ਲਗਿਆ, ਜਿੱਥੇ ਦੇਸੀ ਕੜੀ ਘੋਲਦਿਆਂ ਫਿਲਮ ਦਾ ਸਮਾਂ ਪੂਰਾ ਰੱਖਣ ਲਈ ਅਧਾਰ ਰਹਿਤ ਸਿਕਿਊਂਸ ਜੋੜੇ ਗਏ ਹਨ, ਜਿਸ ਵਿਚ ਸਭ ਤੋਂ ਵੱਡਾ ਦੇਵ ਖਰੋੜ ਅਤੇ ਹੋਬੀ ਧਾਲੀਵਾਲ ਵਾਲਾ ਧੱਕੇ ਨਾਲ ਵਾੜਿਆ ਹਿੱਸਾ, ਸਿਰਫ ਇਸ ਲਈ ਕਿ ਐਕਸ਼ਨ ਹੀਰੋ ਲਈ ਕੋਈ ਐਕਸ਼ਨ ਹੋਣਾ ਚਾਹੀਦਾ ਹੈ, ਭਾਂਵੇ ਬੇਤੁਕਾ ਅਤੇ ਫ਼ਿਲਮ ਦੇ ਜੋਨਰ ਵੀ ਭਟਕਾਉਣ ਵਾਲਾ ਹੀ ਕਿਉਂ ਨਾ ਹੋਵੇ। ਇਸ ਤੋਂ ਇਲਾਵਾ 3/4 ਲਵ ਸਿਕਿਊਂਸ ਅਤੇ ਇਕ ਗੋਰੇ ਕਰੈਕਟਰ (ਸ਼ਾਇਦ ਪ੍ਰੋਡਿਊਸਰ ਹੋਣ ਕਰਕੇ😊) ਨੂੰ ਘਰ ਵਿਚ ਲਿਆ ਕੇ ਰੱਖਣਾ, ਅਤੇ ਬਸ ਇਹੀ ਕਹਾਣੀ ਹੈ ਜਿਸ ਨੂੰ ਕਾਮੇਡੀ ਤੜਕਾ ਲਾਇਆ ਗਿਆ । ਇਹਨਾਂ ਸਾਰੀਆਂ ਗੱਲਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਨਾ ਤਾਂ ਦੇਵ ਖਰੋੜ ਦਾ ਐਡੀ ਵੱਡੀ ਹਵੇਲੀ ਦੇ ਨੌਕਰ-ਚਾਕਰਾਂ ਵਾਲੇ ਮਾਲਕ ਹੁੰਦਿਆ ਫਿਲਮ ਵਿਚ ਕੋਈ ਕਿਰਦਾਰ ਤੇ ਨਾ ਹੀ ਕੋਈ ਕਾਰੋਬਾਰ ਵੀ ਐਸਟੈਬਲਿਸ਼ ਹੋ ਪਾਇਆ । ਜ਼ਿਆਦਾ ਲੀਡ ਐਕਟਰਾਂ ਕਰਕੇ ਨਵੇ ਮੁੰਡੇ ਨਾਨਕ ਸਿੰਘ ਨੂੰ ਉਸ ਦੀ ਬਣਦੀ ਜਗਾ ਵੀ ਮਿਲ ਪਾਈ। ਹਾਂ ਸਾਰੀ ਫ਼ਿਲਮ ਵਿਚਲੇ ਸੰਵਾਦ ਜ਼ਰੂਰ ਪੰਚ ਭਰਪੂਰ,ਮਜਬੂਤ ਅਤੇ ਦਰਸ਼ਕਾਂ ਲਈ ਮਨੋਰੰਜਨ ਭਰਪੂਰ ਸਾਬਤ ਹੁੰਦੇ ਹਨ।

ਅਦਾਕਾਰੀ

ਦੀ ਜੇ ਗੱਲ ਕਰੀਏ ਤਾਂ ਸਾਰੇ ਐਕਟਰ ਆਪੋ ਆਪਣੀ ਥਾਂ ਵਧੀਆ ਹਨ।
ਨਾਨਕ ਸਿੰਘ ਦੀ ਪੰਜਾਬੀ ਵੀਕ ਤੇ ਹਿੰਦੀ ਟੋਨ ਵਾਲੀ ਹੈ ਪਰ ਅਭਿਨੈ ਠੀਕ ਹੈ। ਮਿਸ ਯੂਨੀਵਰਸ ਹਰਨਾਜ ਕੌਰ ਸੰਧੂ ਦੀ ਅਦਾਕਾਰੀ ਵੀ ਵਧੀਆ ਲੱਗੀ, ੳਪਾਸਨਾ ਸਿੰਘ ਯੂਜ਼ਲੀ ਥੋੜੀ ਓਵਰ, ਘੁੱਗੀ ਸਾਹਬ ਨੇ ਸਭ ਦਾ ਦਿਲ ਲਾਈ ਰੱਖਿਆ, ਹੋਬੀ ਧਾਲੀਵਾਲ ਦੀ ਦੱਮਦਾਰ ਰੂਟੀਨ ਅਦਾਕਾਰੀ ਤੇ ਬਾਕੀਆਂ ‘ਚ ਸਿਮਰਤ ਰੰਧਾਵਾ, ਸੈਬੀ ਸੂਰੀ, ਡੀਂ.ਐਸ.ਖੁਰਾਨਾ ਅਤੇ ਹੈਡਲਿਨ ਡੀ.ਪੀ (ਗੋਰਾ) ਆਦਿ ਦੀ ਅਦਾਕਾਰੀ ਵੀ ਸਲਾਹੁਣਯੋਗ। ਇਸ ਵਾਰ ਦੇਵ ਖਰੋੜ “ਕਾਮੇਡੀ” ਅਦਾਕਾਰੀ ਵਿਚ ਵੀ ਕਾਮਯਾਬ ਰਿਹਾ।

“ਲੌਂਗ ਲਾਚੀ 2”

(ਕਹਾਣੀ-ਅਮਿਤ ਸੁਮਿਤ,ਖੁਸ਼ਬੀਰ ਮਕਨਾ,ਅਮਨਦੀਪ ਕੌਰ ਤੇ ਅੰਬਰਦੀਪ-ਸੰਵਾਦ:ਅੰਬਰਦੀਪ ਸਿੰਘ)

ਇਸੇ ਤਰਾਂ “ਲੌਂਗ ਲਾਚੀ 2” ਦੀ ਕਹਾਣੀ ਦਾ ਵੀ ਕੋਈ ਠੋਸ ਅਧਾਰ ਨਹੀਂ ਹੈ ਕਿ ਇਸ ਦੀ ਵਿਆਖਿਆ ਕੀਤੀ ਜਾ ਸਕੇ, ਨਾ ਹੀ ਇਹ ਪਹਿਲੀ ਫਿਲਮ ਦੀ ਸੀਰੀਜ਼ ਹੈ ਕਿ ਇਸ ਦੇ ਨਾਮ ਨੂੰ ਕੋਈ ਕ੍ਰੈਡਿਟ ਦਿੱਤਾ ਜਾ ਸਕੇ। ਫ਼ਿਲਮ ਦਾ ਨਾਮ ਕਿਤੇ ਵੀ ਕਹਾਣੀ ਨਾਲ ਜੁੜਿਆ ਨਹੀਂ ਦਿਸਿਆ।ਸਭ ਕੁਝ ਬਚਕਾਨਾ ਹੈ।ਫਿਲਮ ਵਿਚਲੀਆਂ ਘਟਨਾਵਾਂ ਦਾ ਕਿਸੇ ਇਤਿਹਾਸਕ ਅਸਲੀਅਤ ਨਾਲ ਕੋਈ ਨਾਤਾ ਨਹੀਂ, ਤੇ ਜੇ ਇਹੋ ਜਿਹੀ ਮਨੋਵਿਗਆਨਿਕ ਗਾਥਾ ਹੀ ਘੜਣੀ ਸੀ ਤਾਂ ਸੰਨ 47 ਦੀ ਵੰਡ ਪੀਰੀਅਡ ਦੇ ਦਰਦਨਾਕ ਮੰਜਰ , ਉਹਨਾਂ ਅਭੁੱਲ ਦਿਨਾਂ ਨੂੰ ਕਾਮੇਡੀ ਨਾਲ ਜੋੜ ਕੇ ਇਤਿਹਾਸ ਅਤੇ ਉਜੜੇ ਪਰਿਵਾਰਾਂ ਦਾ ਮਜ਼ਾਕ ਉਡਾਉਣ ਦੀ ਕੀ ਲੋੜ ਸੀ,ਕੋਈ ਹੋਰ ਡਰਾਮਾ ਘੜ ਲੈਂਦੇ ਕਲਾਕਾਰਾਂ ਦੀ ਭੀੜ ਇੱਕਠੀ ਕਰ ਕੇ ਸਟੈਂਡਅਪ ਕਾਮੇਡੀ ਕਰਵਾਉਣ ਦਾ।
ਕਹਾਣੀ ਦੀ ਬਹੁਤੀ ਡਿਟੇਲ ਵਿਚ ਨਾ ਜਾਂਦਾ ਹੋਇਆ ਬਸ ਐਨਾ ਹੀ ਕਹਾਂਗਾ ਕਿ 1947 ਦੇਸ਼ ਦੀ ਵੰਡ ਦੇ ਡਰਾਉਣੇ ਦਿਨਾਂ ਵਿਚ ਜਿੱਥੇ ਵੱਢ ਟੁੱਕ, ਬਲਾਤਕਾਰ ਤੇ ਇਕ ਦੂਜੇ ਦੀਆਂ ਥਾਵਾਂ ਮੱਲਣ ਜਿਹਾ ਮੰਜਰ ਹੋਵੇ ਉੱਥੇ ਇਕ ਹਵੇਲੀ ਅੰਦਰ ਵੱਖ ਵੱਖ ਫਿਰਕਿਆਂ ਦੇ ਲੋਕਾਂ ਵਿਚ ਪ੍ਰੇਮ ਕਹਾਣੀਆਂ ਤੇ ਰੋਮਾਂਸ ਸੁਝਦਾ ਹੋਵੇ, (ਭਾਵੇਂਕਿ ਸੰਦੇਸ਼ ਤਾਂ ਸਹੀ ਹੈ ਪਰ ਸਿਚੂਏਸ਼ਨ ਢੁਕਵੀਂ ਨਹੀਂ) ਇਸ ਤੋਂ ਇਲਾਵਾ ਉਸੇ ਸਮੇ ਹੀ ਘਰ ਵਿਚ ਮਾਡਰਨ ਆਲੀਸ਼ਾਨ ਰੋਸ਼ਨੀਆਂ ਨਾਲ ਵਿਆਹ ਸ਼ਾਦੀ ਦਾ ਗਾਉਣ ਵਜਾਉਣ ਹੁੰਦਾ ਹੋਵੇ ਤਾਂ ਬਾਕੀ ਅੰਦਾਜ਼ਾ ਆਪ ਹੀ ਲਾ ਲਓ ਕਿ ਇਹ ਕਿੰਨਾ ਕੁ ਵਾਜਬ ਹੈ,ਵੈਸੇ ਹੋਰ ਵੀ ਬਹੁਤ ਕੁਝ ਹਾਸੋਹੀਣਾ ਤੇ ਥਕਾਨ ਵਾਲਾ ਹੈ। ਮੁਕਦੀ ਗੱਲ ਜੇ ਇਹ ਸਭ ਢਾਈ ਘੰਟੇ ਲਗਾਤਾਰ ਵੇਖਣ ਦੌਰਾਨ ਸਿਰ ਚ ਹੋਣ ਵਾਲੀ ਪੀੜ ਅਤੇ ਥਕਾਨ ਸਹਿਣ ਕਰ ਸਕਦੇ ਹੋ ਤਾਂ ਹੀ ਫਿਲਮ ਵੇਖਣ ਜਾਇਓ। ਜੇ ਤੁਸੀ ਉਪਰੋਕਤ ਕਾਰਨਾਂ ਕਰਕੇ ਦਰਸ਼ਕ ਫਿਲਮ ਨਾਲ ਨਹੀ ਜੁੜਦੇ ਤਾਂ ਫਿਲਮ ਵਿਚਲੇ ਕੁਝ ਕੁਝ ਵਧੀਆ ਸੰਵਾਦ ਅਤੇ ਇਮੋਸ਼ਨਲ ਸੀਨ ਵੀ ਵਿਅਰਥ ਚਲੇ ਜਾਂਦੇ ਹਨ।

ਅਦਾਕਾਰੀ

ਜੇ ਫ਼ਿਲਮ ਵਿਚਲੇ ਅਦਾਕਾਰਾਂ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਦਾ ਕੋਈ ਤੋੜ ਨਹੀਂ ਪਰ ਇਹੋ ਜਿਹੀ ਫ਼ਿਲਮ ਲਈ ਹਾਂ ਕਿਵੇਂ ਕਰ ਦਿੱਤੀ ਸਮਝ ਤੋਂ ਬਾਹਰ ਹੈ। ਐਮੀ ਦੀ ਅਦਾਕਾਰੀ ਹੈ ਤਾਂ ਵਧੀਆ ਪਰ ਵਿਲੱਖਣਤਾ ਵਿਚ ਕਮੀ, ਕਹਿਣ ਦਾ ਮਤਲਬ ਕੇ ਰੂਟੀਨ ਵਾਲੀ ਐਕਟਿੰਗ ਹੈ, ਪਰ ਜੇ ਐਮੀ ਨੂੰ ਕੁਝ ਵੱਖਰੇ ਕਿਰਦਾਰ ਵਾਲੀ ਕਹਾਣੀ ਦਿੱਤੀ ਜਾਵੇ ਤਾਂ ਨਿਭਾਉਣ ਦੇ ਸਮਰੱਥ ਵੀ ਹੈ। ਅੰਬਰਦੀਪ ਦੇ ਹਾਵ-ਭਾਵ ਪਹਿਲਾਂ ਨਾਲੋ ਸੁਧਰੇ ਪਰ ਸੰਵਾਦ ਅਦਾਇਗੀ ਪਹਿਲਾਂ ਦੀ ਤਰਾਂ ਸਲੀਪਰੀ। ਬਾਕੀ ਐਕਟਰ ਵੀ ਰੂਟੀਨ ਵਾਲੀ ਵਧੀਆ ਅਦਾਕਾਰੀ ਵਾਲੇ ਹਨ ਪਰ ਸਾਂਵਲੀ ਵਿਖਾਈ ਗਈ ਅਦਾਕਾਰਾ “ਨਵਕਿਰਨ” ਦੀ ਅਦਾਕਾਰੀ ਅਤੇ ਚਿਹਰੇ ਦੇ ਹਾਵ-ਭਾਵ ਵਿਸ਼ੇਸ਼ ਸਲਾਹੁਣਯੋਗ ਹਨ, ਹੋਰ ਮਿਹਨਤ ਕਰਨ ਤੇ ਮੁਹਰਲੀ ਕਤਾਰ ਵਾਲੇ ਅਸਲ ਐਕਟਰਾਂ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਦੋਨਾਂ ਫ਼ਿਲਮਾਂ ਦਾ ਤਕਨੀਕੀ ਪੱਖ

ਵੈਸੇ ਮੈਂ ਆਪਣੀਆਂ ਸਮੀਖਿਆਵਾਂ ਵਿਚ ਤਕਨੀਕੀ ਪੱਖ ਦੀ ਗੱਲ ਘੱਟ ਹੀ ਕਰਦਾ ਹਾ। ਉਹ ਇਸ ਕਰ ਕੇ ਵੀ ਫ਼ਿਲਮ ਬਨਾਉਣ ਵੇਲੇ ਨਿਰਦੇਸ਼ਕ ਤੇ ਵੀ ਕਾਫੀ ਪ੍ਰੈਸ਼ਰ ਹੁੰਦਾ ਹੈ ਖਾਸਕਰ ਸਾਡੀਆਂ ਪੰਜਾਬੀ ਫਿਲਮਾਂ ਜਿੱਥੇ ਜ਼ਿਆਦਾਤਰ ਫ਼ਿਲਮ ਲੇਖਕ ਅਤੇ ਕਿਤੇ ਕਿਤੇ ਨਿਰਮਾਤਾ ਵੀ ਬੇਲੋੜੀਆਂ ਦਖਲ ਅੰਦਾਜ਼ੀਆਂ ਲਈ ਨਿਰਦੇਸ਼ਕਾਂ ਦੇ ਸਿਰ ਤੇ ਚੜੇ ਹੁੰਦੇ ਹਨ ਤਾਂ ਤਕਨੀਕੀ ਕਮੀਆਂ ਰਹਿਣੀਆਂ ਸੁਭਾਵਕ ਹਨ।
ਹੁਣ ਜੇ ਇਹਨਾਂ ਦੋਨਾਂ ਫ਼ਿਲਮਾਂ ਦੇ ਤਕਨੀਕੀ ਪੱਖ ਵੱਲ ਨਜ਼ਰ ਮਾਰ ਵੀ ਲਈਏ ਤਾਂ “ਬਾਈ ਜੀ ਕੁੱਟਣਗੇ” ਤਾਂ ਠੀਕ ਹੈ ਪਰ “ਲੌਂਗ ਲਾਚੀ 2” ਵਿਚ ਕਾਫੀ ਕੁਝ ਹੈ 🤔❗ਖੈਰ ਬਾਕੀ ਗੱਲਾਂ ਤਾਂ ਛੱਡੋ ਪਰ 1947 ਦੇ ਸਮੇਂ ਮੁਤਾਬਕ ਵਰਤੀ ਜਾਣ ਵਾਲੀ ਪ੍ਰਾਪਰਟੀ ਦਾ ਖਿਆਲ ਵੀ ਪੂਰਾ ਤਰਾਂ ਨਹੀਂ ਰੱਖਿਆ ਗਿਆ । ਇਸੇ ਲਈ ਤਾਂ ਮੈਂ ਅਕਸਰ ਕਹਿਣਾ ਹਾਂ ਕਿ ਬਿਨਾਂ ਸਟਡੀ ਬਾਰ ਬਾਰ ਪੀਰੀਅਡ ਫਿਲਮਾਂ ਦੇ ਚੱਕਰਾਂ ਤੋਂ ਪੰਜਾਬੀ ਸਿਨੇਮਾ ਨੂੰ ਬਾਹਰ ਰੱਖਣ ਦੀ ਕੋਸ਼ਿਸ਼ ਕਰੀਏ। ਬਾਕੀ ਜੇ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਤਾਂ ਚੰਗੇ ਰਜ਼ਲਟ ਆ ਸਕਦੇ ਸਨ।

ਸੰਗੀਤ: 🎵
“ਲੌਂਗ ਲਾਚੀ” – ਸੰਗੀਤ ਗੁਰਮੀਤ ਸਿੰਘ, ਗੈਫ਼ੀ ਅਤੇ ਬਲੈਕ ਵਾਇਰਸ, ਬੈਕਰਾਊਂਡ ਸਕੋਰ- ਗੁਰਮੀਤ ਸਿੰਘ

ਬੈਕਰਾਊਂਡ ਸਕੋਰ ਉਤੇ ਗੁਰਮੀਤ ਸਿੰਘ ਦੀ ਮਿਹਨਤ ਦਿਸਦੀ ਹੈ ਅਤੇ ਫ਼ਿਲਮ “ਲੌਂਗ ਲਾਚੀ 2″ਦਾ ਆਖਰੀ ਤੇ ਟਾਈਟਲ ਗੀਤ ਪਹਿਲੀ ਫ਼ਿਲਮ ਦੇ ਟਾਈਟਲ ਗੀਤ ਵਾਂਗ ਹਰ ਪਖੋਂ ਸੋਹਣਾ ਬਣਿਆ ਹੈ। ਫਿਲਮ ਦਾ ਨਾਮ ਲੌਂਗ ਲਾਚੀ 2 ਦੀ ਬਜਾਏ ਟਾਈਟਲ ਗੀਤ ਨੂੰ ਜੇ ਲੌਂਗ ਲਾਚੀ-2 ਗੀਤ ਕਹੀਏ ਤਾਂ ਜ਼ਿਆਦਾ ਢੁਕਵੀਂ ਗੱਲ ਹੈ। ਉਮੀਦ ਹੈ ਪਹਿਲੇ ਦੀ ਤਰਾਂ ਇਹ ਗੀਤ ਵੀ ਹਿੱਟ ਰਹੇਗਾ।
ਫ਼ਿਲਮ ਦੇ ਬਾਕੀ ਗਾਣੇ ਵੀ ਵਧੀਆ ਪਰ ਰੂਟੀਨ ਵਾਲੇ ਹਨ।

ਸੰਗੀਤ: 🎵”
ਬਾਈ ਜੀ ਕੁੱਟਣਗੇ”
ਇਸ ਵਿਚ ਸੰਗੀਤਕਾਰ ਜੇ.ਕੇ ਦਾ ਸੰਗੀਤਬਧ ਤੇ ਵਿੱਕੀ ਸੰਧੂ ਦਾ ਲਿਖਿਆ ਗੀਤ “ਸੁਰਮਾ” ਅਤੇ ਬਚਨ ਬੇਦਿਲ ਲਿਖਤ ਗੀਤ “ਕੰਗਣਾ” ਜਿਸ ਦੇ ਸੰਗੀਤਕਾਰ ਗੌਰਵ ਦੇਵ-ਕਾਰਤਿਕ ਦੇਵ ਹਨ ਜ਼ਿਕਰਯੋਗ ਹਨ। ਬੈਕਰਾਊਂਡ ਸਕੋਰ ਵੀ ਸਿਚੂਏਸ਼ਨਾਂ ਮੁਤਾਬਕ ਠੀਕ ਹੈ।

ਵੈਸੇ ਤਾਂ ਦਰਸ਼ਕ ਆਪਣੇ ਪਸੰਦੀਦਾ ਐਕਟਰਾਂ ਵਾਲੀ ਫ਼ਿਲਮ ਚੁਣ ਸਕਕੇ ਹਨ ਪਰ ਰੂਟੀਨ ਪੰਜਾਬੀ ਫ਼ਿਲਮ ਦਰਸ਼ਕ ਜਿਹਨਾਂ ਦਾ ਹਫਤੇ-ਦੋ ਹਫਤੇ ਵਿਚ ਇਕ-ਅੱਧੀ ਪੰਜਾਬੀ ਫਿਲਮ ਵੇਖਣ ਦਾ ਬਜਟ ਹੁੰਦਾ ਹੈ ਉਹਨਾਂ ਲਈ ਬਾਈ ਜੀ ਕੁੱਟਣਗੇ ਬੇਹਤਰ ਹੈ।

ਆਖਰੀ ਗੱਲ ਕਿ ਫਿਲਮ ਵਿਸ਼ਿਆ ਦੀ ਚੋਣ, ਉਸ ਮੁਤਾਬਕ ਢੁਕਵੇਂ ਨਾਵਾਂ ਦੀ ਚੋਣ ਅਤੇ ਕਹਾਣੀ ਪਟਕਥਾ-ਸੰਵਾਦ ਲਿਖਣ ਨੂੰ ਲੋੜੀਂਦਾ ਸਮਾ ਦਿੱਤਾ ਜਾਣਾ ਜ਼ਰੂਰੀ ਹੈ।ਫ਼ਿਲਮ ਸੈੱਟ ਤੇ ਕਿਤੇ ਕਿਤੇ ਇੰਪ੍ਰੋਵਾਇਜੇਸ਼ਨ ਤਾਂ ਠੀਕ ਹੈ ਪਰ ਜੇ ਪੂਰੇ ਦੇ ਪੂਰੇ ਸੀਨ ਸੰਵਾਦ ਸੈੱਟ ਤੇ ਘੜੇ ਜਾਣਗੇ ਤਾਂ ਇਹ ਫ਼ਿਲਮ ਲੇਖਣੀ, ਫ਼ਿਲਮ ਮੇਕਿੰਗ ਪ੍ਰੋਫੈਸ਼ਨ ਪ੍ਰਤੀ ਗੈਰ-ਜਿੰਮੇਵਾਰਾਨਾ ਤੇ ਬੇਇਨਸਾਫੀ ਤੁਲ ਹੈ। ਕਿਸੇ ਵੇਲੇ ਅਜਿਹਾ ਵੀ ਵੇਖਿਆ-ਸੁਣਿਆ ਗਿਆ ਹੈ ਕਿ ਫਿਲਮ ਜਾਂ ਸੰਵਾਦ ਲੇਖਕ ਤਾਂ ਵਧੀਆ ਹੁੰਦਾ ਹੈ, ਹੁਣ ਡਾਇਰੈਕਟਰ ਆਪਣੇ ਮੁਤਾਬਕ ਥੋੜੀ ਬਹੁਤ ਚੇਂਜ ਕਰੇ ਤਾਂ ਵੱਖ ਗੱਲ ਹੈ ਪਰ ਆਪ ਨੂੰ ਵੱਡਾ ਸਮਝਦੇ ਕਈ ਐਕਟਰ ਵੀ ਦਖ਼ਲ ਅੰਦਾਜ਼ੀ ਤੋਂ ਨਹੀਂ ਹਟਦੇ ਤੇ ਲੇਖਕ ਵਿਚਾਰਾ…. 🤔🤫 ਅਜਿਹਾ ਕਰਨ ਨਾਲ ਚੰਗੇ-ਭਲੇ ਚੁਣੇ ਵਿਸ਼ੇ ਵੀ ਖਰਾਬ ਹੋ ਜਾਂਦੇ ਹਨ। ਖੈਰ !

“ਬਾਈ ਜੀ ਕੁੱਟਣਗੇ” ਦੇ ਨਿਰਦੇਸ਼ਕ ਨੂੰ ਆਪਣੇ ਜੋਨਰ ਦੀਆਂ ਮਜਬੂਤ ਵਿਸ਼ੇ ਵਾਲੀਆਂ ਕਹਾਣੀਆਂ ਤੇ ਕੰਮ ਕਰਨ ਦੀ ਲੋੜ ਹੈ ਅਤੇ
ਫ਼ਿਲਮ ਲੌਂਗ ਲਾਚੀ 2 ਦੇ ਨਿਰਦੇਸ਼ਕ ਨੂੰ ਇਹ ਵੀ ਇਹ ਸੋਚਣ ਦੀ ਲੋੜ ਹੈ ਕਿ ਜਦ ਬਤੌਰ ਫਿਲਮ ਲੇਖਕ ਜਦ ਉਸ ਦੀਆਂ ਫ਼ਿਲਮਾਂ ਹਿੱਟ ਹੁੰਦੀਆਂ ਤਾਂ ਬਤੌਰ ਨਿਰਦੇਸ਼ਕ ਕਿਉਂ ਨਹੀਂ ?

ਜਿੱਥੇ ਐਮੀ ਵਿਰਕ ਨੂੰ ਆਪਣਾ ਤੇ ਆਪਣੇ ਫ਼ਿਲਮ ਨਿਰਮਾਣ ਘਰ ਜਾ ਮਿਆਰ ਬਰਕਰਾਰ ਰੱਖਣ ਦੀ ਲੋੜ ਹੈ ਉੱਥੇ ਦੇਵ ਖਰੋੜ ਨੂੰ ਵੀ ਮਿਆਰੀ ਵਿਸ਼ਿਆਂ ਵਾਲੀਆਂ ਫ਼ਿਲਮਾਂ ਚੁਣਨ ਦੀ ਲੋੜ ਹੈ।

ਅੱਜ ਦਰਸ਼ਕਾਂ ਦੇ ਬਦਲਦੇ ਨਜ਼ਰੀਏ ਅਤੇ ਉਹਨਾਂ ਕੋਲ ਹੋਰ ਵਿਕਲਪ ਹੋਣ ਕਾਰਨ ਸਾਨੂੰ ਵੱਡੇ ਐਕਟਰਾਂ ਦੀ ਥਾ ਵੱਡੇ ਅਤੇ ਮਜਬੂਤ ਕੰਟੈਂਟ ਬਾਰੇ ਜ਼ਿਆਦਾ ਸੋਚਣ ਦੀ ਲੋੜ ਹੈ।
ਰੇਟਿੰਗ:
(2 *ਸਟਾਰ “ਲੌਂਗ ਲਾਚੀ -2”)
(2.5 *ਸਟਾਰ- ਬਾਈ ਜੀ ਕੁੱਟਣਗੇ)
-ਦਲਜੀਤ ਸਿੰਘ ਅਰੋੜਾ

Comments & Suggestions

Comments & Suggestions