Punjabi Screen

ਗੁੰਮਰਾਹਕੁੰਨ ਅਤੇ ਅਧੂਰਾ ਰਿਹਾ ਪੀ.ਟੀ.ਸੀ ਪੰਜਾਬੀ ਫ਼ਿਲਮ ਐਵਾਰਡ 2019!

Written by admin

ਲਗਦਾ ਨਹੀਂ ਕਿ ਪੀ.ਟੀ.ਸੀ.ਫ਼ਿਲਮ ਐਵਾਰਡ ਦੀ ਕੋਈ ਜਿਊਰੀ ਵੀ ਹੁੰਦੀ ਹੈ!

ਬੀਤੀ 16 ਮਾਰਚ ਨੂੰ ਮੁਹਾਲੀ ਵਿਖੇ ਹੋਏ ਪੀ.ਟੀ.ਸੀ ਪੰਜਾਬੀ ਫ਼ਿਲਮ ਐਵਾਰਡ 2019 ਵਿਚ ਪੰਜਾਬੀ ਕਲਾਕਾਰਾਂ ਦੀ ਬਹੁਤੀ ਵੱਡੀ ਰੋਣਕ ਨਜ਼ਰ ਨਹੀ ਆਈ, ਸਿਰਫ਼ ਐਵਾਰਡਾਂ ਜਾਂ ਨੋਮੀਨੇਸ਼ਨਸ ਨਾਲ ਸਬੰਧਤ ਕੁਝ ਹੀ ਪ੍ਰਮੁੱਖ ਲੋਕ ਸ਼ਾਮਲ ਸਨ। ਪੀ.ਟੀ.ਸੀ ਫ਼ਿਲਮ ਐਵਾਰਡ ਦੀ ਵੈਸੇ ਵੀ ਇਕ ਖੂਬੀ ਰਹੀ ਹੈ ਅਕਸਰ ਨੋਮੀਨੇਟਡ ਫ਼ਿਲਮਾਂ ਨਾਲ ਸਬੰਧਤ ਉਹੀ ਕਲਾਕਾਰ ਹਾਜ਼ਰ ਵੇਖੇ ਜਾਂਦੇ ਹਨ ਜਾਂ ਪ੍ਰਫੋਰਮੈਂਸ ਦਿੰਦੇ ਹਨ ਜਿਨ੍ਹਾਂ ਨੂੰ ਪਤਾ ਹੁੰਦੈ ਕਿ ਉਨਾਂ ਨੂੰ ਐਵਾਰਡ ਦੇਣ ਲਈ ਬੁਲਾਇਆ ਗਿਆ ਹੈ ਅਤੇ ਇਸ ਦਾ ਅੰਦਾਜ਼ਾ ਹੁਣ ਆਮ ਲੋਕਾਂ ਨੂੰ ਇਹ ਸ਼ੋਅ ਵੇਖ ਕੇ ਵੀ ਹੋਇਆ ਹੈ। ਖੈਰ ਇਸ ਸ਼ੋਅ ਦੀ ਪੂਰੀ ਰਿਪੋਰਟ ਤਾਂ ਪੰਜਾਬੀ ਸਕਰੀਨ ਰਸਾਲੇ ਦੇ ਐਪ੍ਰਲ ਅੰਕ ਵਿਚ ਛਪੇਗੀ ਪਰ ਐਵਾਰਡਾਂ ਨੂੰ ਲੈ ਕਿ ਕੁਝ ਜ਼ਰੂਰੀ ਵਿਚਾਰਾਂ 2018 ਦੀਆਂ ਫ਼ਿਲਮਾਂ ਦੇ ਉਨ੍ਹਾਂ ਅਸਲ ਹੱਕਦਾਰਾਂ ਲਈ ਕਿ ਜੋ ਐਵਾਰਡ ਤੋਂ ਵਾਂਝੇ ਰਹੇ।

ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਫ਼ਿਲਮੀ ਸ਼ਖ਼ਸੀਅਤਾਂ ਨੂੰ ਐਵਾਰਡ ਮਿਲੇ ਉਨਾਂ ਨੂੰ ਪੰਜਾਬੀ ਸਕਰੀਨ ਅਦਾਰੇ ਵਲੋਂ ਬਹੁਤ ਬਹੁਤ ਮੁਬਾਰਕਾਂ!

ਹੁਣ ਗੱਲ ਸੰਨ 2018 ਵਿਚ ਰਿਲੀਜ਼ ਹੋਈਆਂ ਫ਼ਿਲਮਾਂ ਦੀ!

ਇਸ ਐਵਾਰਡ ਸ਼ੋਅ ਵਿਚ 2018 ਦੀਆਂ 50 ਫ਼ਿਲਮਾਂ ਚੋਂ 18 ਫ਼ਿਲਮਾਂ ਸ਼ਾਮਲ ਹੀ ਨਹੀਂ ਸਨ (ਜਿਨ੍ਹਾਂ ਦੇ ਨਾਮ ਅਸੀ ਨੋਮੀਨੇਸ਼ਨਸ ਸਮੀਖਿਆ ਰਾਹੀ ਪਹਿਲਾਂ ਹੀ ਆਪਣੀ ਵੈਬਸਾਈਟ ਤੇ ਆਰਟੀਕਲ ਰਾਹੀਂ ਦਸ ਚੁਕੇ ਹਾਂ ) ਪਰ ਉਨ੍ਹਾਂ ਵਿਚੋਂ ਦੋ ਵੱਡੇ ਪਰਦੇ ਦੀਆਂ ਧਾਰਮਿਕ ਐਨੀਮੇਸ਼ਨ ਫ਼ਿਲਮਾਂ “ਭਾਈ ਤਾਰੂ ਜੀ” ਅਤੇ “ਗੁਰੂ ਦਾ ਬੰਦਾ” ਨੂੰ ਸ਼ਾਇਦ ਸਾਡੀ ਐਵਾਰਡ ਨੋਮੀਨੇਸ਼ਨ ਸਮੀਖਿਆ ਪੜਣ ਤੋਂ ਬਾਅਦ ਵਿਸੇਸ਼ ਤੌਰ ਤੇ ਸ਼ਾਮਲ ਕਰ ਕੇ ਐਵਾਰਡ ਸ਼ੋਅ ਦੇ ਮੌਕੇ ਤੇ ਹੀ ਬਿਨਾਂ ਕਿਸੇ ਨੋਮੀਨੇਸ਼ਨ ਦੇ ਬਰਾਬਰ ਦਾ ਸਨਮਾਨ ਦੇ ਦਿੱਤਾ ਗਿਆ, ਜੋਕਿ ਸਮਝਦਾਰੀ ਵਾਲਾ ਕੰਮ ਸੀ। ਇਸੇ ਤਰ੍ਹਾਂ ਇਕ ਸਮਝਦਾਰੀ ਸਾਡੇ ਆਰਟੀਕਲ ਨੂੰ ਪੜਣ ਉਪਰੰਤ ਪੀ.ਟੀ.ਸੀ ਨੇ ਹੋਰ ਵਿਖਾਈ ਕਿ “ਬੈਸਟ ਡੈਬਿਊ ਡਾਇਰੈਕਟਰ ਕੈਟਾਗਰੀ” ਚੋਂ ਫ਼ਿਲਮ “ਹਰਜੀਤਾ” ਦੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਦਾ ਨਾਮ ਕੱਢ ਦਿੱਤਾ ਗਿਆ, ਜੋਕਿ 2013 ਵਿਚ ਆਰ.ਐਸ.ਵੀ.ਪੀ ਫ਼ਿਲਮ ਬਣਾ ਚੁਕਿਆ ਹੈ। ਫ਼ਿਲਮ ਕਿਸਮਤ ਦੇ ਡਾਇਰੈਕਟਰ ਦਾ ਨਾਮ ਵੀ “ਡੈਬਿਊ ਡਾਇਰੈਕਟਰ ਅਤੇ ਬੈਸਟ ਡਾਇਰੈਕਟਰ” ਦੋ ਜਗਾ ਸੀ ਜਦਕਿ ਸਿਰਫ ਡੈਬਿਊ ਵਿਚ ਹੀ ਚਾਹੀਦਾ ਸੀ। ਸਿਨੇਮਾਟੋਗਰਾਫ਼ੀ ਨੋਮੀਨੇਸ਼ਨ ਵਾਲੀ ਕੈਟਾਗਰੀ ਵਿਚ ਵੀ ਕੁਝ ਅਡਜਸਟਮੈਂਟ ਨਜ਼ਰ ਆਈ ਜਿਸ ਤੋਂ ਇਨ੍ਹਾਂ ਦੀ ਜਿਊਰੀ ਦਾ ਅਣਜਾਣਪੁਣਾ ਝਲਕਦਾ ਹੈ।

ਬਾਕੀ ਨੋਮੀਨੇਸ਼ਨ ਲਈ ਨਾ ਸ਼ਾਮਲ ਕੀਤੀਆਂ 16 ਫ਼ਿਲਮਾਂ ਚੋਂ ਸੂਬੇਦਾਰ ਜੋਗਿੰਦਰ ਸਿੰਘ, ਸਨ ਆਫ ਮਨਜੀਤ ਸਿੰਘ, ਨਾਨਕਾਣਾ, ਸਲਿਊਟ, ਆਟੇ ਦੀ ਚਿੜੀ, ਖਿਦੋਖੂੰਡੀ ਅਤੇ ਬਣਜਾਰਾ ਵਰਗੀਆਂ ਚਰਚਿਤ ਫ਼ਿਲਮਾਂ ਦੇ ਨਾਮ ਜ਼ਿਕਰਯੋਗ ਹਨ, ਉਦਹਾਰਣ ਵਜੋਂ ਸੱਜਣ ਸਿੰਘ ਰੰਗਰੂਟ ਨੂੰ ਮਿਲੀਆਂ 13 ਨੋਮੀਨੇਸ਼ਨ ਦੇ ਮੁਕਾਬਲੇ ਇਸ ਦੇ ਬਰਾਬਰ ਆਈ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਦਾ ਨਾਮ ਸ਼ਾਮਲ ਵੀ ਨਾ ਹੋਣਾ ਆਪਣੇ ਆਪ ਵਿਚ ਹੀ ਹਾਸੋਹੀਣੀ ਗੱਲ ਹੈ, ਅੰਦਰ ਦੇ ਕਾਰਨ ਕੋਈ ਵੀ ਹੋਣ ਪਰ ਸਭ ਨੂੰ ਦਿਖਣ ਵਾਲਾ ਫ਼ਿਲਮ ਐਵਾਰਡ ਸ਼ੋਅ ਸੰਪੂਰਨ ਨਹੀ ਕਿਹਾ ਜਾ ਸਕਦਾ, ਜਿੱਥੇ ਕਈਆਂ ਦੇ ਹੱਕ ਮਰੇ ਹੋਣ।

ਕਿਤੇ ਨਾ ਕਿਤੇ ਇਸ ਗੱਲ ਦਾ ਦੁੱਖ ਗਿੱਪੀ ਗਰੇਵਾਲ ਨੂੰ ਵੀ ਜ਼ਰੂਰ ਹੋਵੇਗਾ ਜਿਸ ਨੇ ਸੂਬੇਦਾਰ ਜੋਗਿੰਦਰ ਸਿੰਘ ਫ਼ਿਲਮ ਲਈ ਦਿਨ-ਰਾਤ ਅਣਥੱਕ ਮੇਹਨਤ ਕੀਤੀ ਸੀ ਅਤੇ ਫ਼ਿਲਮ ਇਸ ਐਵਾਰਡ ਸ਼ੋਅ ਦਾ ਹਿੱਸਾ ਨਾ ਬਣ ਸਕੀ। ਜੇ 16 ਚੋਂ ਕੁਝ ਫਿਲਮਾਂ ਵੀ ਇਸ ਐਵਾਰਡ ਸ਼ੋਅ ਵਿਚ ਸ਼ਾਮਲ ਹੁੰਦੀਆਂ ਤਾਂ ਇਸ ਸ਼ੋਅ ਦੀ ਤਸਵੀਰ ਹੀ ਕੁਝ ਹੋਰ ਹੁੰਦੀ।

“ਫ਼ਿਲਮ ਗੀਤਕਾਰ ਕੈਟਾਗਰੀ”

ਫ਼ਿਲਮ ਗੀਤਕਾਰ ਜਿਨ੍ਹਾਂ ਦੀ ਕੈਟਾਗਰੀ ਉਡਾ ਕੇ ਪੀ.ਟੀ.ਸੀ ਨੇ ਆਪਣਾ ਹੀ ਬੇਹੁਦਾ ਮਜ਼ਾਕ ਉਡਾਇਆ ਹੈ। ਗੀਤਕਾਰਾਂ ਤੋਂ ਬਿਨਾਂ ਗੀਤ, ਗਾਇਕ ਅਤੇ ਸੰਗੀਤਕਾਰ ਨੂੰ ਮਿਲਿਆ ਐਵਾਰਡ ਬੇਅਰਥ ਹੈ ਕਿਉਂਕਿ ਸ਼ਬਦਾ ਤੋਂ ਬਿਨਾਂ ਸੰਗੀਤ ਗੂੰਗਾ ਹੈ, ਜਿਸ ਤੇ ਕੋਈ ਕਿ੍ਏਟੀਵੀਟੀ ਨਹੀਂ ਕੀਤੀ ਜਾ ਸਕਦੀ ਅਤੇ ਇਸ ਕੈਟਾਗਰੀ ਬਾਰੇ ਅਜੇ ਤੱਕ ਪੀ.ਟੀ.ਸੀ ਨੇ ਆਪਣੀ ਚੁੱਪੀ ਨਹੀਂ ਤੋੜੀ। ਪਰ ਅਫਸੋਸ ਕਿ ਇਸ ਮਸਲੇ ਵਿਚ ਨਾਮੀ ਗਾਇਕਾਂ ਅਤੇ ਸੰਗੀਤਕਾਰਾਂ ਨੇ ਖੁੱਲ ਕੇ ਗੀਤਕਾਰਾਂ ਦੀ ਹਮਾਇਤ ਨਹੀਂ ਕੀਤੀ, ਪਰ ਪ੍ਰਸਿੱਧ ਸੰਗੀਤਕਾਰ ਜੈ ਦੇਵ ਕੁਮਾਰ ਨੇ ਆਪਣਾ ਫਰਜ਼ ਸਮਝਦੇ ਹੋਏ ਗੀਤਕਾਰਾਂ ਦੀ ਹਮਾਇਤ ਵਿਚ ਆਪਣੇ ਵਿਚਾਰ ਜ਼ਰੂਰ ਰੱਖੇ ਜੋਕਿ ਸਾਡੇ ਲਈ ਸਲਾਹੁਣਯੋਗ ਅਤੇ ਬਾਕੀਆਂ ਲਈ ਸੋਚਣਯੋਗ ਗੱਲ ਹੈ।

“ਬੈਸਟ ਫਿਲਮ ਐਡੀਟਰ ਕੈਟਾਗਰੀ”

ਜਿਸ ਨੂੰ ਅੰਤਰਰਾਸ਼ਟਰੀ ਸਿਨੇਮਾ ਐਵਾਰਡ ਸ਼ੋਅ ਅਤੇ ਬਾਲੀਵੁੱਡ ਵੀ ਹਮੇਸ਼ਾ ਤਰਜੀਹ ਦੇਂਦਾ ਆਇਆ ਹੈ ਪਰ ਪੀ.ਟੀ.ਸੀ ਨੂੰ ਇਹ ਕੈਟਾਗਰੀ ਵੀ ਫਾਲਤੂ ਲੱਗੀ, ਕਿਉਂਕਿ ਇਨ੍ਹਾਂ ਕੋਲੋ ਵੀ ਗੀਤਕਾਰਾਂ ਵਾਂਗ ਪੀ.ਟੀ.ਸੀ ਨੂੰ ਕੋਈ ਫਾਇਦਾ ਨਜ਼ਰ ਨਹੀਂ ਆਉਂਦਾ, ਉਲਟਾ ਇਨ੍ਹਾਂ ਨੂੰ ਬੁਲਾ ਕੇ ਹੱਥੋਂ ਪੈਸੇ ਖਰਚਣੇ ਪੈਂਦੇ ਹਨ।

ਹੁਣ ਗੱਲ ਉਨਾਂ 32 ਫ਼ਿਲਮਾਂ ਦੀ ਜੋ ਨੋਮੀਨੇਸ਼ਨਸ ਦਾ ਹਿੱਸਾ ਸਨ ਅਤੇ ਐਵਾਰਡਾਂ ਦੀ ਕਾਣੀ ਵੰਡ ਸਮੇ 22 ਫ਼ਿਲਮਾਂ ਹੋਰ ਪਾਸੇ ਕਰ ਦਿੱਤੀਆਂ ਗਈਆਂ, 2018 ਦੀਆਂ ਕੁਲ ਫ਼ਿਲਮਾਂ ਚੋਂ ਸਿਰਫ 10 ਫ਼ਿਲਮਾਂ ਨੂੰ ਹੀ ਨੋਮੀਨੇਸ਼ਨ ਕੈਟਾਗਰੀ ਵਿਚੋਂ ਐਵਾਰਡ ਪ੍ਰਾਪਤ ਹੋਏ, ਜਿਸ ਬਾਰੇ ਪੰਜਾਬੀ ਸਕਰੀਨ ਦੇ ਸਮੀਖਿਅਕ ਵਿਚਾਰ ਇਸ ਤਰ੍ਹਾਂ ਹਨ।

1. 2018 ਦੀਆਂ ਬੈਸਟ ਪੰਜਾਬੀ ਫ਼ਿਲਮਾਂ ਚੋਂ ਪਹਿਲੇ ਨੰਬਰ ਦੀ ਬੈਸਟ ਫ਼ਿਲਮ ਸੀ “ਹਰਜੀਤਾ” ਜਿਸ ਨੂੰ 10 ਨੋਮੀਨੇਸ਼ਨਸ ਤੋਂ ਬਾਅਦ ਵੀ ਕੋਈ ਐਵਾਰਡ ਨਹੀ ਨਸੀਬ ਹੋਇਆ, ਸਰਾਸਰ ਨਾ ਇਨਸਾਫੀ !

2. 2018 ਦੀ ਸ਼ੁਰੂਵਾਤੀ ਸੁਪਰ ਹਿੱਟ ਫ਼ਿਲਮ “ਲਾਵਾਂ ਫੇਰੇ” ਵਿਚ ਵੀ “ਵਧਾਈਆਂ ਜੀ ਵਧਾਈਆਂ” ਮਰ ਗਏ ਓ ਲੋਕੋ ਅਤੇ “ਕੈਰੀ ਆਨ ਜੱਟਾਂ 2” ਵਰਗੀਆਂ ਬਹੁਤ ਖੂਬੀਆਂ ਮੌਜੂਦ ਸਨ ਪਰ ਲਾਵਾਂ ਫੇਰੇ ਦਾ ਪੱਤਾ ਪੂਰੀ ਤਰਾਂ ਗੋਲ! ਹੈਰਾਨੀ ਜਨਕ!

3. ਇਸੇ ਤਰਾਂ ਦੋ ਹੋਰ ਸੁਪਰਹਿੱਟ ਫ਼ਿਲਮ ‘ਮਿਸਟਰ ਐਂਡ ਮਿਸਜ਼ 420 ਰਿਟਰਨਸ’ ਅਤੇ ‘ਡਾਕੂਆਂ ਦਾ ਮੁੰਡਾ’ ਵੀ ਐਵਾਰਡਾਂ ਤੋਂ ਬਾਹਰ! ਗੱਲ ਸਮਝ ਤੋਂ ਬਾਹਰ!

4. ਜਿੰਮੀ ਸ਼ੇਰਗਿੱਲ ਅਭੀਨੀਤ ਬਹੁ ਚਰਚਿੱਤ ਫ਼ਿਲਮ “ਦਾਨਾ ਪਾਣੀ” ਦੀਆਂ 9 ਨੋਮੀਨੇਸ਼ਨ ਚੋਂ ਕਿਸੇ ਇਕ ਨੂੰ ਵੀ ਸਥਾਨ ਨਹੀਂ ਮਿਲਿਆ, ਜਦਕਿ ਬੈਸਟ ਬੈਕਰਾਉਂਡ ਸਕੋਰ, ਬੈਸਟ ਮਿਊਜ਼ਿਕ, ਮੇਲ, ਫੀਮੇਲ ਗਾਇਕ ਅਤੇ ਸਿਨਮੈਟੋਗ਼ਰਾਫੀ ਦੀਆਂ ਕੈਟਗਰੀਆਂ ਚੋਂ ਕੋਈ ਵੀ ਐਵਾਰਡ ਮਿਲਦਾ ਤਾਂ ਬਿਲਕੁੱਲ ਜਾਇਜ਼ ਕਹਿਲਾਉਂਦਾ। ਪਰ ਕੁਛ ਤਾਂ ਗੜਬੜ ਹੈ ਇੱਥੇ ਵੀ!

5. ਬੈਸਟ ਸਪੋਰਟਿੰਗ ਫੀਮੇਲ ਅਦਕਾਰਾਂ ਦੀ ਕੈਟਾਗਰੀ ਵਿਚ “ਹਰਜੀਤਾ” ਵਿਚ ਐਮੀ ਵਿਰਕ ਦੀ ਮਾਂ ਦਾ ਦਮਦਾਰ ਕਿਰਦਾਰ ਨਿਭਾਉਣ ਵਾਲੀ ਚਰਿਤੱਰ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੂੰ ਨੋਮੀਨੇਸ਼ਨਸ ਵਿਚ ਨਾ ਸ਼ਾਮਲ ਕਰਨਾ! ਜਿਊਰੀ ਦੀ ਵੱਡੀ ਨਾਦਾਨੀ!

6. ਬੈਸਟ ਫੀਮੇਲ ਡੈਬਿਊ ਐਕਟ੍ਰੈਸ ਐਵਾਰਡ ਕੈਟਾਗਰੀ ਵਿਚ ਸੁੰਨਦਾ ਸ਼ਰਮਾ ਦਾ ਐਵਾਰਡ ਗੈਰ ਤੱਸਲੀਬਖ਼ਸ਼ ਹੈ ਇਸ ਨਾਲੋ ਵਧੀਆ ਅਦਾਕਾਰਾ ਦਾ ਵਿਕਲਪ ਮੌਜੂਦ ਸੀ ਜਾਂ ਫੇਰ ਇਕੋ ਰਹਿਣ ਦਿੰਦੇ! ਸ਼ਾਇਦ ਪੀ.ਟੀ.ਸੀ ਜਿਊਰੀ ਨੂੰ ਸਹੀ ਐਕਟਿੰਗ ਬਾਰੇ ਗਿਆਨ ਹੀ ਨਹੀਂ। ਅਣਜਾਣ ਲੋਕ!

7. ਸਾਡੀ ਜਾਣਕਾਰੀ ਮੁਤਾਬਕ ਤਾਂ ਡੈਬਿਊ ਐਕਟਰ ਐਵਾਰਡ ਉਸ ਨੂੰ ਦਿੱਤਾ ਜਾਂਦਾ ਹੈ ਜੋ ਪਹਿਲੀ ਵਾਰ ਕਿਸੇ ਵਿਸ਼ੇਸ਼ ਕਿਰਦਾਰ ਵਿਚ ਫ਼ਿਲਮੀ ਪਰਦੇ ਤੇ ਆਵੇ, ਪਰ ਜੇ ਪੀ.ਟੀ.ਸੀ ਵਾਲੇ ਕਿਸੇ ਦਾ ਲੀਡ ਕਿਰਦਾਰ ਵਿਚ ਪਹਿਲੀ ਵਾਰ ਆਉਣਾ ਹੀ ਡੈਬਿਊ ਸਮਝਦੇ ਹਨ ਤਾਂ ਕੈਟਾਗਰੀ ਦਾ ਨਾਮ ਲੀਡ ਡੈਬਿਊ ਐਕਟਰ (ਮੇਲ- ਫੀਮੇਲ ਕੈਟਾਗਰੀ) ਰੱਖਣਾ ਚਾਹੀਦਾ ਹੈ ਨਹੀਂ ਤਾਂ ਇਹੋ ਜਿਹਾ ਐਵਾਰਡ ਸ਼ੋਅ ਗੁੰਮਰਾਹਕੁੰਨ ਹੀ ਕਹਾਵੇਗਾ, ਦੂਜੀ, ਚੌਥੀ ਵਾਰ ਫ਼ਿਲਮ ਵਿਚ ਆਏ ਬੰਦੇ ਨੂੰ ਵੀ ਡੈਬਿਊ ਕਿਹਾ ਜਾਂਦਾ ਹੈ, ਇਹ ਤਾਂ ਪੀ.ਟੀ.ਸੀ ਹੀ ਕਰ ਸਕਦੈ!

8. ਫ਼ਿਲਮ ਕਿਸਮਤ ਨੂੰ ਬੈਸਟ ਫ਼ਿਲਮ ਦੀ ਕੈਟਾਗਰੀ ਵਿਚ ਸ਼ਾਮਲ ਨਾ ਕਰ ਕੇ, ਕ੍ਰਿਟਿਕ ਐਵਾਰਡ ਦੇਣਾ ਵੀ ਸਿਰਫ਼ ਸਮਝੋਤਾ ਹੀ ਹੈ ਜਦਕਿ ਫ਼ਿਲਮ “ਕਿਸਮਤ” ਬੈਸਟ ਫ਼ਿਲਮ ਕੈਟਾਗਰੀ ਲਈ ਨੋਮੀਨੇਸ਼ਨ ਦੀ ਪੂਰੀ ਪੂਰੀ ਹੱਕਦਾਰ ਸੀ। ਮਸਲਾ ਫੇਰ ਅਡਜਸਟਮੈਂਟ ਦਾ!

9. ਜੇ ਪੀ.ਟੀ.ਸੀ ਇਕੋ ਕੈਟਾਗਰੀ ਵਿਚ ਦੋ-ਦੋ ਐਵਾਰਡ ਦੇਣ ਦੀ ਰੀਤ ਨਿਭਾਉਂਦਾ ਆ ਹੀ ਰਿਹਾ ਹੈ ਤਾਂ ਇਕ-ਇਕ ਐਵਾਰਡ ਇਨ੍ਹਾਂ ਦਾ ਵੀ ਬਣਦਾ ਸੀ, ਜਿਵੇਂ ਫਿਲਮ ਹਰਜੀਤਾ ਨੂੰ ਬੈਸਟ ਫ਼ਿਲਮ ਦਾ, ਇਸੇ ਵਿਚੋਂ ਐਮੀ ਵਿਰਕ ਨੂੰ ਬੈਸਟ ਐਕਟਰ ਦਾ ਅਤੇ ਹਰਜੀਤਾ ਲਈ ਹੀ ਬੈਸਟ ਸਪੋਰਟਿੰਗ ਫੀਮੇਲ ਦਾ ਐਵਾਰਡ ਗੁਰਪ੍ਰੀਤ ਭੰਗੂ ਨੂੰ ਜਾਂ ਫੇਰ ਫ਼ਿਲਮ ਡਾਕੂਆ ਦੇ ਮੁੰਡੇ ਵਿਚ ਅਨੀਤਾ ਮੀਤ ਦੀ ਅਦਾਕਾਰੀ ਨੂੰ, ਇਸ ਤੋਂ ਇਲਾਵਾ ਬੈਸਟ ਡਾਇਲਾਗ ਲਈ ਪਹਿਲੇ ਹੱਕਦਾਰ ਨਿਰਦੇਸ਼ਕ ਰਾਣਾ ਰਣਬੀਰ ਨੂੰ ਫ਼ਿਲਮ ਅਸੀਸ ਦੇ ਸੰਵਾਦਾਂ ਲਈ,  ਬੀ.ਪਰਾਕ ਨੂੰ ਫ਼ਿਲਮ ਕਿਸਮਤ ਦੇ ਬੈਸਟ ਮਿਊਜ਼ਿਕ ਲਈ, ਦਾਨਾ ਪਾਣੀ ਦੇ ਬੈਕਰਾਉਂਡ ਲਈ ਸੰਗੀਤ ਲਈ ਜੈਦੇਵ ਕੁਮਾਰ ਨੂੰ ਅਤੇ ਬੈਸਟ ਫ਼ਿਲਮ ਕ੍ਰਿਟਿਕਸ ਐਵਾਰਡ ਫ਼ਿਲਮ ਡਾਕੂਆਂ ਦੇ ਮੁੰਡੇ ਨੂੰ ਅਤੇ ਐਕਟਰ ਲਈ ਦੇਵ ਖਰੋੜ ਨੂੰ।

ਪੀ.ਟੀ.ਸੀ ਫ਼ਿਲਮ ਐਵਾਰਡ 2019 ਲਈ ਜੋ ਐਵਾਰਡ ਦਿੱਤੇ ਗਏ ਹਨ ਉਹ ਇਸ ਪ੍ਰਕਾਰ ਹਨ।

(1. ਫ਼ਿਲਮ-ਸੱਜਣ ਸਿੰਘ ਰੰਗਰੂਟ – ਕੁੱਲ ਐਵਾਰਡ 5)

1.ਬੈਸਟ ਬੈਕਗਰਾਉਂਡ ਸਕੋਰ-ਟਰੋਏ ਆਰਿਫ 2.ਬੈਸਟ ਸਿਨੇਮਾਟੋਗ੍ਰਾਫੀ-ਵੀਨੀਤ ਮਲਹੋਤਰਾ 3.ਬੈਸਟ ਐਕਸ਼ਨ -ਸ਼ਾਮ ਕੌਸ਼ਲ 4.ਬੈਸਟ ਸਪੋਰਟਿੰਗ ਐਕਟਰ-ਯੋਗਰਾਜ ਸਿੰਘ 5.ਬੈਸਟ ਡੈਬਿਊ ਫੀਮੇਲ-ਸੁਨੰਦਾ ਸ਼ਰਮਾ

(2. ਕੈਰੀ ਆਨ ਜੱਟਾ 2 – ਕੁੱਲ ਐਵਾਰਡ 4)

1.ਬੈਸਟ ਡਾਇਲਾਗ-ਨਰੇਸ਼ ਕਥੂਰੀਆ 2.ਬੈਸਟ ਡਾਇਰੈਕਟਰ-ਸਮੀਪ ਕੰਗ 3.ਬੈਸਟ ਐਕਟਰ-ਗਿੱਪੀ ਗਰੇਵਾਲ 4.ਬੈਸਟ ਫ਼ਿਲਮ-ਕੈਰੀ ਆਨ ਜੱਟਾ 2

(3. ਲੌਂਗ ਲਾਚੀ – ਕੁੱਲ ਐਵਾਰਡ 4)

1.ਬੈਸਟ ਮਿਊਜ਼ਿਕ ਡਾਇਰੈਕਟਰ-ਗੁਰਮੀਤ ਸਿੰਘ (ਗੀਤ ਲੌਂਗ ਲਾਚੀ) 2.ਬੈਸਟ ਪਲੇਅਬੈਕ ਸਿੰਗਰ (ਫੀਮੇਲ)-ਮੰਨਤ ਨੂਰ (ਗੀਤ ਲੌਂਗ ਲਾਚੀ) 3.ਬੈਸਟ ਸੋਂਗ ਆਂਫ ਦਾ ਯੀਅਰ-ਗੀਤ ਲੌਂਗ ਲਾਚੀ 4.ਬੈਸਟ ਡੈਬਿਊ ਮੇਲ-ਅੰਬਰਦੀਪ ਸਿੰਘ

(4. ਕਿਸਮਤ – ਕੁੱਲ ਐਵਾਰਡ 4)

1.ਬੈਸਟ ਪਲੇਅਬੈਕ ਸਿੰਗਰ (ਮੇਲ)-ਕਮਾਲ ਖਾਨ (ਗੀਤ ਅਵਾਜ਼) 2.ਬੈਸਟ ਡੈਬਿਊ ਡਾਇਰੈਕਟਰ-ਜਗਦੀਪ ਸਿੱਧੂ 3.ਬੈਸਟ ਐਕਟ੍ਰੈਸ-ਸਰਗੁਨ ਮਹਿਤਾ 4.ਬੈਸਟ ਫ਼ਿਲਮ ਕ੍ਰਿਟਿਕਸ (ਬਿਨਾ ਨੋਮੀਨੇਸ਼ਨ)-ਕਿਸਮਤ

(5. ਅਸ਼ਕੇ – ਕੁੱਲ ਐਵਾਰਡ 2)

1.ਬੈਸਟ ਡੈਬਿਊ ਫੀਮੇਲ -ਸੰਜੀਦਾ ਅਲੀ ਸ਼ੇਖ਼ 2.ਬੈਸਟ ਐਕਟਰ ਕ੍ਰਿਟਿਕਸ (ਬਿਨਾ ਨੋਮੀਨੇਸ਼ਨ)-ਅਮਰਿੰਦਰ ਗਿੱਲ

(6. ਅਸੀਸ – ਕੁੱਲ ਐਵਾਰਡ 2)

1.ਬੈਸਟ ਸਟੋਰੀ-ਰਾਣਾ ਰਣਬੀਰ 2.ਬੈਸਟ ਸਪੋਰਟਿੰਗ ਐਕਟ੍ਰੈਸ-ਰੁਪਿੰਦਰ ਰੂਪੀ

(7. ਗੋਲਕ ਬੁਗਨੀ ਬੈਂਕ ਤੇ ਬਟੂਆ – ਕੁੱਲ ਐਵਾਰਡ 1)

ਬੈਸਟ ਸਕਰੀਨਪਲੇਅ-ਧੀਰਜ ਰਤਨ

(8. ਮਰ ਗਏ ਓਏ ਲੋਕ – ਕੁੱਲ ਐਵਾਰਡ 1)

ਬੈਸਟ ਪਰਫਾਰਮੈਂਸ ਇਨ ਕਾਮਿਕ ਰੋਲ-ਬਿਨੂੰ ਢਿਲੋਂ

(9. ਵਧਾਈਆਂ ਜੀ ਵਧਾਈਆਂ – ਕੁੱਲ ਐਵਾਰਡ 1)

ਬੈਸਟ ਪਰਫਾਰਮੈਂਸ ਇਨ ਕਾਮਿਕ ਰੋਲ-ਜਸਵਿੰਦਰ ਭੱਲਾ

(10. ਰੰਗ ਪੰਜਾਬ – ਕੁੱਲ ਐਵਾਰਡ 1)

ਬੈਸਟ ਪਰਫਾਰਮੈਂਸ ਇਨ ਨੈਗਾਟਿਵ ਰੋਲ-ਕਰਤਾਰ ਚੀਮਾ

ਬੈਸਟ ਆਫ਼ ਪੀ.ਟੀ.ਸੀ ਬਾਕਸ ਆਫ਼ਿਸ ਫ਼ਿਲਮ-(ਰਿਹਾ) ਗੌਰਵ ਰਾਣਾ

ਵਿਸ਼ੇਸ਼ ਐਵਾਰਡ

ਬੈਸਟ ਐਨੀਮੇਸ਼ਨ ਫ਼ਿਲਮਾਂ-ਭਾਈ ਤਾਰੂ ਸਿੰਘ ਅਤੇ ਗੁਰੂ ਦਾ ਬੰਦਾ (ਬਿਨਾ ਨੋਮੀਨੇਸ਼ਨ)

ਲ਼ਾਇਫ਼ ਟਾਇਮ ਅਚੀਵਮੈਂਟਸ ਐਵਾਰਡ -ਨਿਰਦੇਸ਼ਕ ਮਨਮੋਹਨ ਸਿੰਘ

ਐਵਾਰਡ ਫਾਰ ਰਾਈਸਿੰਗ ਸਟਾਰ ਇਨ ਪੰਜਾਬੀ ਫ਼ਿਲਮ ਇੰਡਸਟਰੀ-ਮਨੀਸ਼ ਪੌਲ

ਵਿਸ਼ੇਸ਼ ਐਵਾਰਡ

ਸਪੈਸ਼ਲ ਰੀਕੋਗਨੀਸ਼ਨ ਫਾਰ ਕੰਟਰੀਬਿਊਸ਼ਨ ਟੂ ਇੰਡੀਅਨ ਸਿਨੇਮਾ-ਸ੍ਰੀ.ਪ੍ਰੇਮ ਚੌਪੜਾ

ਬਾਕੀ ਜੋ ਸਾਨੂੰ ਚੰਗਾ-ਮਾੜਾ ਲੱਗਾ ਅਸੀ ਆਪਣੀ ਅਸੈਸਮੈਂਟ ਜਾਹਰ ਕੀਤੀ ਹੈ। ਸਭ ਦੀ ਸੋਚ, ਸਮਝ ਵਿਚਾਰ ਆਪੋ ਆਪਣੇ ਹਨ, ਜੇ ਕੋਈ ਰਾਏ ਚੰਗੀ ਲੱਗੇ ਤਾਂ ਪੀ.ਟੀ.ਸੀ ਵਾਲੇ ਅੱਗੇ ਤੋਂ ਖਿਆਲ ਰੱਖਣ।

ਵੈਸੇ ਤਾਂ ਐਵਾਰਡ ਨੋਮੀਨੇਸ਼ਨਸ ਅਤੇ ਡਿਸਟ੍ਰੀਬਿਊਸ਼ਨ ਵਿਚ ਉਪਰੋਤਕ ਊਨਤਾਈਆਂ ਵੇਖ ਕੇ ਲੱਗਦਾ ਨਹੀਂ ਕੇ ਪੀ.ਟੀ.ਸ਼ੀ ਵਾਲੇ ਕੋਈ ਜਿਊਰੀ ਵੀ ਬਣਾਉਂਦੇ ਹੋਣਗੇ, ਜਾਂ ਫੇਰ ਜਿਊਰੀ ਨੂੰ ਵੀ ਹਨੇਰੇ ਵਿਚ ਰੱਖਦੇ ਹੋਣਗੇ ਪਰ ਜੇ ਕੋਈ ਸੱਚੀ ਮੁੱਚੀ ਦੀ ਜਿਊਰੀ ਚੁਣਦੇ ਵੀ ਹਨ ਤਾਂ ਫ਼ਿਲਮਾਂ ਪ੍ਰਤੀ ਸਮਝ ਰੱਖਣ ਵਾਲੇ ਲੋਕਾਂ ਨੂੰ ਸ਼ਾਮਲ ਕਰਿਆ ਕਰਨ ਅਤੇ ਉਨ੍ਹਾਂ ਨੂੰ ਖੁਦਮੁਖਤਿਆਰੀ ਵੀ ਦੇਣ ਤਾਂ ਕਿ ਇੰਨ੍ਹਾਂ ਐਵਾਰਡਾਂ ਤੋਂ ਕੋਈ ਵੀ ਅਸਲ ਹੱਕਦਾਰ ਵਾਂਝਾ ਨਾ ਰਹੇ।

ਆਖੀਰ ਤੇ ਇਕ ਹੋਰ ਵਿਚਾਰਨ ਵਾਲੀ ਗੱਲ ਕਿ ਇੰਨਾਂ ਐਵਾਰਡਾ ਨਾਲ ਫ਼ਿਲਮ ਵਰਗ ਦੇ ਹਰ ਬੰਦੇ ਨੂੰ ਹੌਸਲਾ ਅਫ਼ਜਾਈ ਤਾਂ ਜ਼ਰੂਰ ਮਿਲਦੀ ਹੈ ਪਰ ਚੰਗੈ ਅਤੇ ਆਪਣੀ ਕਾਬਲੀਅਤ ਤੇ ਯਕੀਨ ਰੱਖਣ ਵਾਲੇ ਫ਼ਿਲਮੀ ਬੰਦੇ ਇਨ੍ਹਾਂ ਐਵਾਰਡਾ ਦੇ ਮੋਹਥਾਜ਼ ਨਹੀਂ ਹੁੰਦੇ, ਦਰਸ਼ਕਾਂ ਵਲੋਂ ਉਨ੍ਹਾਂ ਦੇ ਕੰਮ ਨੂੰ ਕਬੂਲਿਆ ਜਾਣਾ ਹੀ ਉਨ੍ਹਾਂ ਲਈ ਸਭ ਤੋਂ ਵੱਡਾ ਐਵਾਰਡ ਹੁੰਦਾ ਹੈ। ਇਹ ਚੈਨਲ, ਇਹ ਐਵਾਰਡ ਕਲਾਕਾਰਾਂ ਤੋਂ ਉੱਚੇ ਨਹੀਂ ਹੁੰਦੇ, ਪਹਿਲਾ ਕਲਾ ਆਈ ਫੇਰ ਇਹ ਕਲਾ ਪ੍ਰਮੋਟਰ ਪਲੇਟਫਾਰਮ ਹੋਂਦ ਵਿਚ ਆਏ ਅਤੇ ਇਨ੍ਹਾਂ ਦਾ ਵਜੂਦ ਕਲਾ ਕਰ ਕੇ ਹੀ ਹੈ।

-ਦਲਜੀਤ ਸਿੰਘ ਅਰੋੜਾ 

Comments & Suggestions

Comments & Suggestions

About the author

admin