ਨੌਜਵਾਨਾਂ ਦੀ ਪਸੰਦ ਬਣੇਗੀ ‘ਯਾਰਾਂ ਦਾ ਰੁਤਬਾ’

By  |  0 Comments

ਐਕਸ਼ਨ ਹੀਰੋ ਦੇਵ ਖਰੋੜ ਦੀ ਨਵੀਂ ਫ਼ਿਲਮ ‘ਯਾਰਾਂ ਦਾ ਰੁਤਬਾ’ ਆਉਣ ਵਾਲੀ 14 ਅਪ੍ਰੈਲ ਨੂੰ ਵਿਸਾਖੀ ਦੇ ਜਸ਼ਨਾਂ ਭਰੇ ਮਾਹੌਲ ਮੌਕੇ ਢੋਲ-ਢਮੱਕਿਆਂ ਨਾਲ ਰਿਲੀਜ਼ ਹੋ ਰਹੀ ਹੈ। ਔਰੇਂਜ਼ ਸਟੂਡੀਓਜ਼ ਦੀ ਪੇਸ਼ਕਸ ਨਿਰਮਾਤਾ ਨਿਤਿਨ ਤਲਵਾਰ, ਰਮਨ ਅੱਗਰਵਾਲ ਤੇ ਅਮਨਦੀਪ ਸਿਘ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਨੇ ਦਿੱਤਾ ਹੈ।

ਫ਼ਿਲਮ ਦਾ ਟ੍ਰੇਲਰ ਤੇ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਏ ਹਨ ਜਿੰਨ੍ਹਾਂ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਟ੍ਰੇਲਰ ਮੁਤਾਬਕ ਇਸ ਫ਼ਿਲਮ ਵਿਚ ਦੇਵ ਖਰੋੜ ਪਹਿਲਾਂ ਵਰਗਾ ਐਕਸ਼ਨ ਭਰੇ, ਰੋਅਬਦਾਰ ਕਿਰਦਾਰ ‘ਚ ਨਜ਼ਰ ਆਵੇਗਾ। ਭਾਵੇਂਕਿ ਇਸ ਫ਼ਿਲਮ ਵਿਚ ਉਹ ਇਕ ਨੰਬਰ ਦਾ ‘ਨੰਬਰਬਾਜ਼’ ਵਿਖਾਇਆ ਹੈ ਜੋ ਤਾਸ਼ ਦੇ ਪੱਤਿਆਂ ਨਾਲ ਆਪਣੀ ਕਿਸਮਤ ਬਦਲ ਕੇ ਪੂਰੀ ‘ਮਾਰਕੀਟ’ ਤੇ ਰਾਜ ਕਰਨਾ ਚਾਹੁੰਦਾ ਹੈ। ਇਸ ਵੱਡੇ ਰੁਤਬੇ ਦੀ ਚਾਹਤ ਵਿਚ ਉਹ ਕੀ-ਕੀ ਹਥਕੰਡੇ ਅਪਣਾਏਗਾ, ਇਹ ਫ਼ਿਲਮ ਦੀ ਕਹਾਣੀ ਦਾ ਮੁੱਖ ਆਕਸ਼ਨ ਹੋਵੇਗਾ।
ਗੀਤਾਂ ਦੀ ਗੱਲ ਕਰੀਏ ਤਾਂ ਫ਼ਿਲਮ ਦਾ ਟਾਇਟਲ ਗੀਤ ‘ਰੁਤਬਾ’ ਦਰਸ਼ਕਾਂ ਦੀ ਜ਼ੁਬਾਨ ਤੇ ਚੜ੍ਹ ਚੁੱਕਾ ਹੈ। ਲੇਖਕ ਸ਼੍ਰੀ ਬਰਾੜ ਦੀ ਇਸ ਫ਼ਿਲਮ ਦੇ ਵਿਚ ਦੇਵ ਖਰੋੜ, ਪ੍ਰਿੰਸ ਕੰਵਲਜੀਤ, ਰਾਹੁਲਦੇਵ, ਯਸ਼ ਸਾਗਰ, ਕਰਨਵੀਰ ਖੁੱਲਰ, ਜੱਸੀ ਸੱਗੂ, ਯੋਗੇਸ਼ ਅਰੋੜਾ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਸ਼੍ਰੀ ਬਰਾੜ, ਮਨਦੀਪ ਮਾਵੀ ਤੇ ਬਲਕਾਰ ਨੇ ਲਿਖੇ ਹਨ। ਜ਼ਿਕਰਯੋਗ ਹੈ ਕਿ ਲੰਮੇ ਸਮੇਂ ਬਾਅਦ ਰਿਲੀਜ਼ ਹੋ ਰਹੀ ਇਹ ਫ਼ਿਲਮ ਦੇਵ ਖਰੋੜ ਦਾ ਬਲੈਕੀਆ ਵਾਲਾ ਰੁਤਬਾ ਮੁੜ ਕਾਇਮ ਕਰੇਗੀ। ਫ਼ਿਲਮ ਦੀ ਕਹਾਣੀ ਵਿਚ ਜਿੱਥੇ ਤਾਜ਼ਾਪਣ ਲੱਗ ਰਿਹਾ ਹੈ, ਉੱਥੇ ਐਕਸ਼ਨ ਵੀ ਨਵੀਂ ਤਕਨੀਕ ਦਾ ਹੋਵੇਗਾ। ਉਮੀਦ ਹੈ ਨੌਜਵਾਨਾਂ ਦੀ ਪਸੰਦ ਬਣੇਗੀ ‘ਯਾਰਾਂ ਦਾ ਰੁਤਬਾ’।

-ਸੁਰਜੀਤ ਜੱਸਲ (ਪੰਜਾਬੀ ਸਕਰੀਨ)
9814607737

Comments & Suggestions

Comments & Suggestions