ਪੰਜਾਬੀ ਫ਼ਿਲਮ ਲੇਖਕ-ਨਿਰਦੇਸ਼ਕ ਤੇ ਐਕਟਰ ਸਮਾਜ ਪ੍ਰਤੀ ਵੀ ਜ਼ਿੰਮੇਵਾਰੀ ਸਮਝਣ। 🎞🎞🎞🎞🎞🎞

By  |  0 Comments

ਕੁਝ ਗੱਲਾਂ ਕਰਨੀਆਂ, ਹਨ ਤਾਂ ਔਖੀਆਂ ਪਰ ਸਮੇ ਸਿਰ ਵਿਚਾਰਨਾ ਵੀ ਜ਼ਰੂਰੀ ਹੈ।
ਗੱਲ ਕਰ ਰਿਹਾ ਹਾਂ 2022 ਵਿਚ ਰਿਲੀਜ਼ ਹੋਈਆਂ ਕੁਝ ਫ਼ਿਲਮਾਂ ਤੇ ਵੈੱਬਸੀਰੀਜ਼ ਬਾਰੇ, ਜਿਹਨਾਂ ਦੇ ਕੰਟੈਂਟ ਨੂੰ ਪੇਸ਼ ਕਰਦੇ ਸਮੇ ਜ਼ਿੰਮੇਵਾਰੀ ਦੀ ਕਮੀ ਨਜ਼ਰ ਆਈ। ਤੇ ਕੁਝ ਆਉਣ ਵਾਲੀਆਂ ਫ਼ਿਲਮਾਂ ਦੇ ਕੰਟੈਂਟ ਵੀ ਅਜਿਹੇ ਹਨ ਜਿੱਥੇ ਫ਼ਿਲਮ ਟੀਮਾਂ ਨੂੰ ਹੁਣ ਤੋਂ ਹੀ ਸੋਚ ਸਮਝ ਕੇ ਚੱਲਣ ਦੀ ਲੋੜ ਹੈ।
ਹਰ ਕੌਮ ਤੇ ਸਮਾਜ ਨਾਲ ਜੁੜੇ ਇਤਿਹਾਸ ਦੇ ਕੁਝ ਪੰਨੇ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਫ਼ਿਲਮੀ ਰੂਪ ਦੇਣ ਦੀ ਵੈਸੇ ਤਾਂ ਲੋੜ ਹੀ ਨਹੀਂ ਹੁੰਦੀ ਪਰ ਜੇ ਅਜਿਹਾ ਕਰਨਾ ਹੀ ਹੈ ਤਾਂ ਫ਼ਿਲਮ ਦੇ ਲੇਖਕ-ਨਿਰਦੇਸ਼ਕ ਅਤੇ ਐਕਟਰਾਂ ਦਾ ਸਮਾਜ ਪ੍ਰਤੀ ਜਿੱਥੇ ਬਹੁਤ ਜ਼ਿਆਦਾ ਜ਼ਿੰਮੇਵਾਰ ਹੋਣਾ ਜ਼ਰੂਰੀ ਹੈ ਉੱਥੇ ਨਿਰਮਾਤਾ-ਨਿਰਦੇਸ਼ਕ ਵਲੋਂ ਕਿਸੇ ਵੀ ਇਤਿਹਾਸਕ ਪੱਖ ਦਾ ਪੂਰਾ ਸੱਚ ਵਿਖਾਉਣ ਲਈ ਦਲੇਰੀ ਵੀ ਚਾਹੀਦੀ ਹੈ, ਵਰਨਾ ਸ਼ਾਂਤ ਮਾਹੌਲ ਬਤੀਤ ਕਰ ਰਹੇ ਸਮਾਜ ਅਤੇ ਫ਼ਿਲਮ ਦਰਸ਼ਕਾਂ ਵਿਚ ਵਖਰੇਵਾਂ ਜਾਂ ਦੁਵਿਧਾ ਪੈਦਾ ਹੋਣ ਦੇ ਖਦਸ਼ੇ ਵਾਲੇ ਕਿੱਸੇ, ਕਿਤਾਬਾਂ ਜਾਂ ਅਖ਼ਬਾਰਾਂ ਤੱਕ ਹੀ ਸੀਮਤ ਰਹਿਣ ਤਾਂ ਜ਼ਿਆਦਾ ਬਿਹਤਰ ਹੈ।
ਕਿਸੇ ਵੇਲੇ ਫ਼ਿਲਮ ਵਿਚ ਕੁਝ ਦਿਖਾਉਣ ਦੀ ਸੋਚ ਤਾਂ ਸਾਡੀ ਸਾਰਥਕ ਹੁੰਦੀ ਹੈ ਪਰ ਸਿਨੇ ਦਰਸ਼ਕ ਅਤੇ ਸਮਾਜ ਹੋਰ ਐਂਗਲ ਤੋਂ ਵੀ ਦੇਖਣ ਲੱਗ ਜਾਂਦਾ ਹੈ।
‼️ਪਹਿਲਾਂ ਗੱਲ ਫ਼ਿਲਮ ‘ਮਸੰਦ’ ਦੀ‼️
ਇਸ ਫ਼ਿਲਮ ਵਿਚ ਗੱਲ ਤਾਂ ਉਹਨਾਂ ਨੇ ਉਹਨਾਂ ਜੁਝਾਰੂਆਂ ਦੀ ਕਰਨੀ ਚਾਹੀ ਜਿਹਨਾਂ ਨੇ ਸਿੱਖੀ ਸਿਧਾਤਾਂ ਦੇ ਚਲਦਿਆਂ ਨਿਹੰਗੀ ਬਾਣੇ ਵਿਚ ਲੁਕੇ ਕੁਕਰਮੀ ਮਸੰਦ ਨੂੰ ਜੇਲ੍ਹ ਵਿਚ ਸਾੜ ਮੁਕਾਇਆ।
ਪਰ ਇੱਥੇ ਲੇਖਕ-ਨਿਰਦੇਸ਼ਕ ਦੀ ਜ਼ਿਮੇਵਾਰੀ ਬਣਦੀ ਸੀ ਕਿ ਉਹ ਫ਼ਿਲਮ ਨੂੰ ਜੇਲ੍ਹ ਵਿਚ ਹੀ ਸਸਪੈਂਸ/ਥ੍ਰਿਲਰ/ਮਰਡਰ ਮਿਸਟ੍ਰੀ ਪਲਾਟ ਤੱਕ ਸੀਮਤ ਰੱਖ ਕੇ ਮਜ਼ਬੂਤ ਪਟਕਥਾ/ਸੰਵਾਦ/ਕਲਾਤਮਿਕ ਅਤੇ ਸਿੰਬੌਲਿਕ ਦ੍ਰਿਸ਼ਾਂ ਨਾਲ ਨਬੇੜੇ ਪਰ ਉਹਨਾ ਨੇ ਪੂਰਾ ਡੇਰਾ ਤੇ ਉੱਥੇ ਕਿੰਨੇ ਸਾਰੇ ਹੋਰ ਕਰੈਕਟਰ ਨਿਹੰਗੀ ਬਾਣੇ ਵਿਚ ਉਸ ਕੁਕਰਮੀ ਦਾ ਸਾਥ ਦਿੰਦੇ, ਸ਼ਰਾਬਾਂ ਪੀ ਕੇ ਭੰਗੜੇ ਪਾਉਂਦੇ ਜਾਂ ਤਮਾਸ਼ਬੀਨ ਬਣ ਕੇ ਜ਼ੁਲਮ ਵੇਖਦੇ ਵਿਖਾਏ ਗਏ। ਨਿਹੰਗੀ ਬਾਣੇ ਵਾਲੇ ਇਕ ਕਰੈਕਟਰ ਦੀ ਇਕ ਸਹਿਜਧਾਰੀ ਵਲੋਂ ਬੁਰੀ ਤਰਾਂ ਮਾਰਕੁਟਾਈ ਵੀ ਵਿਖਾਈ ਗਈ।
ਹੁਣ ਫ਼ਿਲਮ ਟੀਮ ਲਈ ਵਿਚਾਰਨ ਵਾਲੀ ਗੱਲ ਇਹ ਸੀ ਕਿ ਸਿੱਖੀ ਸਿਧਾਂਤਾਂ ਦੇ ਉਲਟ ਚੱਲਣ ਵਾਲੇ ਐਨੇ ਸਿੱਖਾਂ ਨੂੰ ਸਤਿਕਾਰਤ ਬਾਣੇ ਵਿਚ ਵੱਡੇ ਪਰਦੇ ਤੇ ਇਸ ਤਰਾਂ ਕੁਕਰਮੀ ਵਿਖਾਉਣਾ ਜਾਂ ਜ਼ੁਲਮ ਸਹਿੰਦੇ ਵਿਖਾਉਣਾ ਕਿੰਨੀ ਕੁ ਸਿਆਣਪ ਸੀ। ਕੀ ਇਸ ਨਾਲ ਸਿੱਖੀ ਦੇ ਸ਼ਾਨਦਾਰ ਅਕਸ ਦਾ ਮੌਜੂਦਾ ਸਮਾਜ ਤੇ ਨਾਹ-ਪੱਖੀ ਅਸਰ ਨਹੀ ਝਲਕਦਾ ?
ਇਹੋ ਜਿਹੀਆਂ ਮਿਸ਼ਨ ਰੂਪੀ ਫ਼ਿਲਮਾਂ ਖਾਸਕਰ ਜਿੱਥੇ ਸਿੱਖ ਸਮਾਜ ਨਾਲ ਜੁੜਿਆ ਇਤਿਹਾਸ ਹੋਵੇ ਤਾਂ ਸਿੰਬੌਲਿਕਲੀ ਫ਼ਿਲਮਾਈਆਂ ਜਾਣੀਆ ਚਾਹੀਦੀਆਂ ਨੇ, ਨਾ ਕਿ ਝੂਠੀਆਂ ਪ੍ਰੇਮ ਕਹਾਣੀਆਂ, ਰੁਮਾਂਟਿਕ ਗਾਣੇ ਤੇ ਹੋਰ ਤਮਾਸ਼ਿਆਂ ਦਾ ਸਹਾਰਾ ਲਿਆ ਜਾਵੇ। ਪਤਾ ਨਹੀਂ ਸਾਡੀ ਐਸ.ਜੀ.ਪੀ. ਸੀ. ਨੇ ਫ਼ਿਲਮ ਕਿਉਂ ਨਹੀਂ ਦੇਖੀ, ਤੇ ਲੇਖਕ-ਨਿਰਦੇਸ਼ਕ ਦੇ ਨਾਲ ਨਾਲ ਖਾਸਕਰ ਸਿੱਖ ਕਲਾਕਾਰਾਂ ਨੇ ਵੀ ਕੁਝ ਨਹੀਂ ਸੋਚਿਆ।
‼️ਫ਼ਿਲਮ ਜੋਗੀ‼️
ਇਸ ਤੋਂ ਪਹਿਲਾਂ ਓ.ਟੀ.ਟੀ. ਤੇ ਦਿਲਜੀਤ ਦੁਸਾਂਝ ਅਭਿਨੀਤ ਫ਼ਿਲਮ “ਜੋਗੀ” ਨੇ ਵੀ ਦਿੱਲੀ ਦੇ ਸਿੱਖ ਵਿਰੋਧੀ ਕਤਲੇਆਮ ਵਿਚ ਫਿਕਸ਼ਨ ਘੋਲ ਕੇ ਸਾਰੀ ਟੀਮ ਨੇ ਬਚਕਾਨਾ ਤੇ ਗੈਰ ਜ਼ਿੰਮੇਵਾਰਾਨਾ ਕੰਮ ਕੀਤਾ। ਇਕ ਤਾਂ ਦਿੱਲੀ ਸਿੱਖ ਕਤਲੇਆਮ ਦੇ ਜ਼ਖਮ ਕੁਰੇਦੇ, ਦੂਜਾ ਨਾਇਕ ਦੀ ਨਿੱਜੀ ਜ਼ਿੰਦਗੀ ਤੇ, ਪ੍ਰੇਮ ਪਿਆਰ ਦੇ ਫਿਕਸ਼ਨ ਰੂਪੀ ਕਿੱਸਿਆਂ ਨੂੰ ਉਸ ਦਰਦਨਾਕ ਮੰਜ਼ਰ ਨਾਲ ਜੋੜਿਆ।
2022 ਦੀਆਂ ਦੋ ਪੰਜਾਬੀ ਫ਼ਿਲਮਾਂ ਜਿਹਨਾਂ ਦੀ ਪੂਰੀ ਸਮੀਖਿਆ ਤਾਂ ਪੰਜਾਬੀ ਸਕਰੀਨ ਜਨਵਰੀ 2023 ਅੰਕ ਵਿਚ ਪੜ੍ਹੀ ਜਾ ਸਕਦੀ ਹੈ ਪਰ ਇਸ ਦਾ ਸੰਪਾਦਕੀ ਵਿਚ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਫ਼ਿਲਮ ਸ਼ੇਰ ‼️ਬੱਗਾ ਅਤੇ ਹਨੀਮੂਨ‼️ ਦੀ ਵਾਹਯਾਤ ਪੇਸ਼ਕਾਰੀ ਨੂੰ ਜਿੰਨੀ ਬੇਸ਼ਰਮੀ ਨਾਲ ਵੱਡੇ ਪੰਜਾਬੀ ਪਰਦੇ ਤੇ ਉਤਾਰਿਆ ਗਿਆ ਬੇਹੱਦ ਨਿੰਦਣਯੋਗ ਹੈ।

ਤੇ ਸਾਲ ਦੇ ਆਖਰ ਵਿਚ ਨੈੱਟਫਲਿਕਸ ਤੇ ਆਈ ‼️ਕੈਟ‼️ ਵੈੱਬਸੀਰੀਜ਼ ਨੇ ਵੀ ਪੰਜਾਬੀ ਭਾਸ਼ਾ ਨੂੰ ਅਸੱਭਿਅਤਾ ਦਾ ਰੂਪ ਦੇ ਕੇ ਪੰਜਾਬੀ ਸਮਾਜ ਨੂੰ ਦੁਨੀਆਂ ਭਰ ਵਿਚ ਸ਼ਰਮਿੰਦਾ ਕੀਤਾ। ਵਿਚਾਰਣਯੋਗ ਹੈ ਕਿ “ਕੈਟ” ਵੈੱਬਸੀਰੀਜ਼ ਦੇ ਉਹਨਾਂ ਸਾਰੇ ਪਾਤਰਾਂ ਨੂੰ ਵੀ ਬਰਾਬਰ ਦੀ ਪ੍ਰਸ਼ੰਸਾ ਮਿਲੀ ਹੈ ਜਿਹਨਾਂ ਨੇ ਗਾਲ੍ਹਾਂ ਨਹੀਂ ਵੀ ਕੱਢੀਆਂ। ਕਿਉਂਕਿ ਅਦਾਕਾਰੀ ਚਿਹਰੇ ਦੇ ਹਾਵ-ਭਾਵ ਤੇ ਕਿਰਦਾਰ ਮੁਤਾਬਕ ਸੰਵਾਦਾਂ ਤੇ ਟਿਕੀ ਹੁੰਦੀ ਹੈ।
ਇਸ ਸੀਰੀਜ਼ ਵਿਚ ਪੰਜਾਬੀ ਕਲਾਕਾਰਾਂ ਮੂੰਹੋਂ ਕਢਵਾਈਆਂ ਗਾਲ੍ਹਾਂ ਨੂੰ ਸੁਭਾਵਿਕ ਵੀ ਨਹੀਂ ਕਿਹਾ ਜਾ ਸਕਦਾ, ਇਹ ਸਿਰਫ ਨੈੱਟਫਲਿਕਸ ਦੇ ਕਮਰਸ਼ੀਅਲ ਪੱਖ ਦਾ ਹਿੱਸਾ ਹੈ ਜਿਸ ਨੂੰ ਪੰਜਾਬੀਆਂ ਦੇ ਸੁਭਾਅ ਨਾਲ ਜੋੜ ਕੇ ਫਾਇਦਾ ਚੁੱਕਿਆ ਗਿਆ ਹੈ। ਅੱਜ ਨਹੀਂ ਤਾਂ ਕੱਲ੍ਹ ਅਸੱਭਿਅਕ ਲੀਹਾਂ ਤੇ ਤੁਰਨ ਵਾਲੇ ਕਲਾਕਾਰ ਵੀ ਇਹੋ ਜਿਹੇ ਮਨੋਰੰਜਨ ਕਾਰੋਬਾਰੀਆਂ ਹੱਥੋਂ ਆਪਣਾ ਸ਼ੋਸ਼ਣ ਹੋਇਆ ਮਹਿਸੂਸ ਕਰਨਗੇ।
ਆਪਾਂ ਕਲਾਕਾਰ ਲੋਕ ਕਿਉਂ ਨਹੀਂ ਸਮਝਦੇ ਕੇ ਸਾਨੂੰ ਸਮਾਜ ਦਾ ਆਈਨਾ ਮੰਨਿਆ ਜਾਂਦਾ ਹੈ ਤੇ ਲੋਕ ਸਾਨੂੰ ਫਾਲੋ ਕਰਦੇ ਹਨ। ਘੱਟ ਤੋਂ ਘੱਟ ਅਸੀਂ ਆਪਣੀ ਭਾਸ਼ਾ ਪ੍ਰਤੀ ਤਾਂ ਜ਼ਿੰਮੇਵਾਰ ਹੋਈਏ।
ਕੀ ਫਾਇਦਾ ਐਸੀ ਟੈੰਪਰੇਰੀ ਵਾਹ ਵਾਹ ਖੱਟਣ ਦਾ ਕਿ ਵਧੀਆ ਕੰਮ ਕਰ ਕੇ ਵੀ ਤੁਸੀਂ ਸ਼ਰਮ ਦੇ ਮਾਰੇ ਆਪਣਾ ਕੰਮ ਆਪਣੇ ਹੀ ਪਰਿਵਾਰਾਂ ਨੂੰ ਦੱਸਣ-ਦਿਖਾਉਣ ਜਾਂ ਨਾਲ ਬੈਠ ਕੇ ਦੇਖਣ-ਦਿਖਾਉਣ ਜੋਗੇ ਨਾ ਹੋਵੋ।
ਬਾਲੀਵੁੱਡ ਦੇ ਅਮਰੀਸ਼ ਪੁਰੀ, ਓਮ ਪੁਰੀ, ਅਜੀਤ, ਮਦਨ ਪੁਰੀ, ਅਮਜ਼ਦ ਖਾਨ, ਅਨੁਪਮ ਖੇਰ, ਪ੍ਰਵੇਸ਼ ਰਾਵਲ, ਗੁਲਸ਼ਨ ਗਰੋਵਰ, ਨਿਰੂਪਾ ਰਾਏ, ਲਲਿਤਾ ਪਵਾਰ, ਹੈਲਨ, ਸ਼ਬਾਨਾ ਆਜ਼ਮੀ, ਬਿੰਦੂ ਅਤੇ ਅਰੁਨਾ ਈਰਾਨੀ ਤੇ ਹੋਰ ਬਹੁਤ ਸਾਰੇ ਨੈਗੇਟਿਵ-ਪਾਜ਼ਿਿਟਵ ਦਿਸਣ ਵਾਲੇ ਤੇ ਹਰ ਤਰਾਂ ਦੇ ਥੀਏਟਰ ਤੇ ਸਿਨੇਮਾ ਨੂੰ ਸਮਝਣ ਵਾਲੇ ਕਰੈਕਟਰ ਆਰਟਿਸਟ, ਇਹਨਾਂ ਸਭ ਲੋਕਾਂ ਨੂੰ ਆਪਣਾ ਆਪ ਸਾਬਤ ਕਰਨ ਲਈ ਗੰਦੀਆਂ ਗਾਲ੍ਹਾਂ ਜਾਂ ਹੋਰ ਅਸੱਭਿਅਕ ਸੰਵਾਦਾਂ ਦਾ ਸਹਾਰਾ ਲੈਣ ਦੀ ਕਦੇ ਲੋੜ ਨਹੀਂ ਪਈ ਤੇ ਨਾ ਹੀ ਇਹਨਾਂ ਨੇ ਕਿਸੇ ਅਸੱਭਿਅਕ ਲੇਖਣੀ ਵਾਲੇ ਲੇਖਕ ਨੂੰ ਆਪਣੇ ‘ਤੇ ਹਾਵੀ ਹੋਣ ਦਿੱਤਾ।
ਚੰਗਿਆਈ-ਚਤੁਰਾਈ ਤੇ ਕਮੀਨੇਪਣ ਵਾਲੇ ਰੋਲ ਉਹਨਾਂ ਦੀ ਆਪਣੀ ਅਦਾਕਾਰੀ ਤੇ ਕਿਰਦਾਰ ਨੂੰ ਸਮਝ ਕੇ ਚਿਹਰੇ ‘ਤੇ ਪੇਸ਼ ਕਰਨ ਦੀ ਸਮਰੱਥਾ ਦਾ ਨਤੀਜਾ ਹੈ ਤੇ “ਕੈਟ ਵੈੱਬਸੀਰੀਜ਼” ਵਿਚ ਵੀ ਇਹੋ ਅਜਿਹੇ ਕੁਝ ਕਿਰਦਾਰ ਨਜ਼ਰ ਆਉਂਦੇ ਹਨ। ਸੋ ਹੁਣ ਬਹਾਨੇ ਬਾਜ਼ੀਆਂ ਲਾਉਣ ਦੀ ਬਜਾਏ ਅੱਗੋਂ ਸਮਝ ਕੇ ਕੰਮ ਕਰੋ ਤਾਂ ਬਿਹਤਰ ਹੈ, ਤੇ ਇਹ ਵੀ ਸਮਝੋ ਕਿ ਪੰਜਾਬ ਦੇ ਵਿਰਸੇ ਦੀ ਅਮੀਰੀ ਤੇ ਵਿਲੱਖਣਤਾ ਸਭ ਤੋ ਵੱਖਰੀ ਹੈ। ਨਾ ਆਪਣੀ ਛਵੀ ਖਰਾਬ ਕਰੋ, ਨਾ ਭਾਸ਼ਾ ਦੀ। ਅੱਗੋ ਤੁਹਾਡੀ ਮਰਜ਼ੀ। ਵੈਸੇ ਨਾ ਤਾਂ ਸ਼ਰਾਬੀ ਕਦੇ ਆਪਣੇ ਘਰ ਦਾ ਰਾਹ ਭੁੱਲਿਆ ਤੇ ਨਾ ਹੀ ਅਸੀਂ ਸੁਭਾਵਿਕ ਤੌਰ ਤੇ ਗੰਦੀਆਂ ਗਾਲ੍ਹਾਂ ਘਰ ਵਿਚ ਕੱਢਦੇ ਹਾਂ। ਇਸ ਨੂੰ ਸੁਭਾਵਿਕਤਾ ਦਾ ਉੱਚਾ ਦਰਜਾ ਦੇ ਕੇ ਆਪਣੇ ਆਪ ਨੂੰ ਨੀਵਾਂ ਨਾ ਕਰੀਏ।
ਬਾਕੀ “ਕੈਟ ਵੈੱਬਸੀਰੀਜ਼” ਅਦਾਕਾਰ ਸਾਰੇ ਵਧੀਆ ਹਨ ਤੇ ਕਹਾਣੀ-ਸਕਰੀਨ ਪਲੇਅ ਤੇ ਨਿਰਦੇਸ਼ਨ ਵੀ ਮਜ਼ਬੂਤ ਹੈ ਜਿੱਥੇ ਸਾਰੀ ਟੀਮ ਦੀ ਇਸ ਲਈ ਸ਼ਿੱਦਤ ਨਾਲ ਕੀਤੀ ਮਿਹਨਤ ਝਲਕਦੀ ਹੈ

ਤੇ ਹੁਣ ਗੱਲ ‼️ਗਾਇਕ ਚਮਕੀਲੇ‼️ ‘ਤੇ ਬਣ ਰਹੀ ਫ਼ਿਲਮ ਦੀ। ਪੰਜਾਬ ਦੇ ਕਾਲੇ ਦੌਰ ਦੌਰਾਨ ਕਤਲ ਹੋਏ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਤੇ ਵੀ ਫ਼ਿਲਮ ਬਣਨ ਦੀਆਂ ਖਬਰਾਂ ਹਨ। ਭਾਵੇਂਕਿ ਚਮਕੀਲੇ ਨੇ ਵਧੀਆ ਅਤੇ ਧਾਰਮਿਕ ਗੀਤ ਵੀ ਗਾਏ ਸਨ ਪਰ ਚੇਤੇ ਰਹੇ ਕਿ ਉਹ ਸਿੱਖ ਸੰਘਰਸ਼ ਲਹਿਰ ਵਿਚ ਜੁੜੇ ਖਾੜਕੂ ਕਹੇ ਜਾਂਦੇ ਹੱਥਿਆਬੰਦ ਨੌਜਵਾਨਾਂ ਹੱਥੋਂ, ਮਾੜੇ ਗਾਣੇ ਗਾਉਣ ਦੇ ਦੋਸ਼ਾਂ ਕਾਰਨ ਮਾਰਿਆ ਗਿਆ ਸੀ। ਇੱਥੇ ਫੇਰ ਦਰਸ਼ਕਾਂ ਅਤੇ ਪੰਜਾਬੀ ਸਮਾਜ ਦੀ ਸੋਚ ਵਿਚ ਵੱਖਰੇਵਾਂ ਜਾਂ ਦੁਵਿਧਾ ਵਾਲਾ ਸਵਾਲ ਖੜਾ ਹੋ ਸਕਦਾ ਹੈ ਕਿ ਆਖਰ ਫ਼ਿਲਮ ਦਾ ਨਾਇਕ ਕੌਣ ਹੋਵੇਗਾ ਗਾਇਕ ਅਮਰ ਸਿੰਘ ਚਮਕੀਲਾ ਜਾਂ ਉਹ ਨੌਜਵਾਨ ❓
ਜ਼ਰੂਰ ਸੋਚੋ ਕਿ ਅੱਜ ਦੇ ਮਾਹੌਲ ਵਿਚ ਇਸ ਫ਼ਿਲਮ ਦੀ ਕਿੰਨੀ ਕੁ ਲੋੜ ਹੈ ?

ਤੇ ਆਖਰੀ ਗੱਲ ‼️ਭਾਈ ਜਸਵੰਤ ਸਿੰਘ ਖਾਲੜਾ‼️ ਤੇ ਬਣ ਕੇ ਤਿਆਰ ਹੋ ਰਹੀ ਦਿਲਜੀਤ ਦੁਸਾਂਝ ਅਭਿਨੀਤ ਫ਼ਿਲਮ ਬਾਰੇ ਵੀ, ਜੋ ਕਿ ਸ਼ੂਟਿੰਗ ਦੌਰਾਨ ਹੀ ਉਹਨਾਂ ਦੇ ਪੋਟ੍ਰੇਟ ਨੂੰ ਲੈ ਕੇ ਵਿਵਾਦਾਂ ਵਿਚ ਆਈ। ਹੁਣ ਦੇਖਣਾ ਹੋਵੇਗਾ ਕਿ ਲੇਖਕ-ਨਿਰਦੇਸ਼ਕ ਤੇ ਐਕਟਰਾਂ ਨੇ ਫ਼ਿਲਮ ਲਈ ਚੁਣੇ ਵਿਸ਼ੇ ਉੱਤੇ ਵਿਸ਼ੇ ਮੁਤਾਬਕ ਕਿੰਨੀ ਜ਼ਿੰਮੇਵਾਰੀ ਤੇ ਦਲੇਰੀ ਨਾਲ ਫ਼ਿਲਮ ਵਿਚ ਆਪਣੇ ਆਪ ਨੂੰ ਜਸਟੀਫਾਈ ਕੀਤਾ ਹੈ ?
ਪੰਜਾਬ ਦੇ ਕਾਲੇ ਦੌਰ ‘ਤੇ ਫ਼ਿਲਮ ‼️ਪੰਜਾਬ 1984‼️ ਵੀ ਬਣੀ ਸੀ ਜਿਸ ਨੂੰ ਉਸੇ ਨੇਸ਼ਨ ਨੇ ਨੈਸ਼ਨਲ ਐਵਾਰਡ ਦਿੱਤਾ ਜੋ ਨੇਸ਼ਨ ਯਾਨੀ ਕਿ ਸਾਡੀ ਭਾਰਤ ਸਰਕਾਰ ਜੋ ਕਿ ਸਿੱਖ ਸੰਘਰਸ਼ ਨੂੰ ਰਾਸ਼ਟਰ ਵਿਰੋਧੀ ਦੱਸਦੀ ਸੀ। ਸਾਡੇ ਬੁੱਧੀਜੀਵੀ ਵਰਗ ਅੱਗੇ ਇਸ ਫ਼ਿਲਮ ਨੂੰ ਨੈਸ਼ਨਲ ਐਵਾਰਡ ਮਿਲਣਾ ਅਜੇ ਤੱਕ ਭੰਬਲਭੂਸੇ ਵਾਲਾ ਸਵਾਲ ਬਣਿਆ ਹੋਇਆ ਹੈ।
ਖੈਰ ਗੱਲ ਖਤਮ ਕਰਦਾ ਹਾਂ ਕਿ ਇਕ ਤਾਂ ਪਹਿਲਾਂ ਅਸੀਂ ਪੰਜਾਬੀ ਲੋਕ ਗਾਣਿਆਂ ਵਿਚ ਹਥਿਆਰ, ਨਸ਼ੇ ਤੇ ਅਸ਼ਲੀਲਤਾ ਕਰ ਕੇ ਭੰਡੇ ਗਏ ਤੇ ਹੁਣ ਫ਼ਿਲਮਾਂ /ਵੈੱਬਸੀਰੀਜ਼ ਵਿਚ ਅਸੱਭਿਅਕ ਭਾਸ਼ਾ ਅਤੇ ਪੰਜਾਬੀ ਸਮਾਜ ਪ੍ਰਤੀ ਹੋਰ ਗੈਰ ਜ਼ਿੰਮੇਵਾਰਾਨਾ ਪੇਸ਼ਕਾਰੀਆ ਕਰ ਕੇ ਭੰਡੇ ਜਾਣੇ ਸ਼ੁਰੂ ਹੋ ਜਾਵਾਂਗੇ। ਸੋ ਧਿਆਨ ਰੱਖੋ ਕਿ ਫ਼ਿਲਮਾਂ ਅਤੇ ਐਕਟਰ ਸਮਾਜ ਦਾ ਆਈਨਾ ਹੁੰਦੇ ਹਨ ਤੇ ਆਈਨਾ ਹਮੇਸ਼ਾ ਸੱਚ ਬੋਲਦਾ ਹੈ ਤੇ ਮਾੜੇ-ਚੰਗੇ ਦਾ ਅਹਿਸਾਸ ਕਰਵਾਉਂਦਾ ਹੈ, ਇਸ ਲਈ ਇਹ ਆਈਨਾ ਜਿੰਨਾ ਆਪ ਸਾਫ ਹੋਵੇਗਾ ਓਨੀ ਹੀ ਸਾਫ ਤਸਵੀਰ ਸਮਾਜ ਦੀ ਵੀ ਨਜ਼ਰ ਆਵੇਗੀ। -ਦਲਜੀਤ ਸਿੰਘ ਅਰੋੜਾ
(ਸੰਪਾਦਕੀ-ਪੰਜਾਬ ਸਕਰੀਨ ਜਨਵਰੀ 2023 ਅੰਕ)

Comments & Suggestions

Comments & Suggestions