Pollywood Punjabi Screen

ਫ਼ਿਲਮ ਸਮੀਖਿਆ / Film Review ‘ਤੇਰੇ ਲਈ’ ਚਿਰਾਂ ਪਿੱਛੋਂ ਇਕ ਵਧੀਆ ਪੰਜਾਬੀ ਰੋਮਾਂਟਿਕ ਫ਼ਿਲਮ ਵੇਖਣ ਨੂੰ ਮਿਲੀ- ਦਲਜੀਤ ਸਿੰਘ ਅਰੋੜਾ 🎞🎞🎞🎞🎞🎞🎞

Written by admin

ਬੀਤੀ 9 ਦਸੰਬਰ ਨੂੰ ਰਿਲੀਜ਼ ਹੋਈ ਰੋਮਾਂਟਿਕ ਜੌਨਰ ਵਾਲੀ ਫ਼ਿਲਮ “ਤੇਰੇ ਲਈ” ਜਿਸ ਦਾ ਵਧੀਆ ਨਿਰਦੇਸ਼ਨ ਅਮਿਤ ਪ੍ਰਾਸ਼ਰ ਨੇ ਦਿੱਤਾ ਹੈ ਤੇ ਮਜਬੂਤ ਕਹਾਣੀ-ਪਟਕਥਾ ਕ੍ਰਿਸ਼ਨਾ ਦਪੁਤ ਦੀ ਹੈ।
ਫ਼ਿਲਮ ਦਾ ਬਾਕਸ ਆਫਿਸ ਤੇ ਹਿੱਟ-ਫਲਾਪ ਰਹਿਣਾ ਇਕ ਵੱਖਰਾ ਮੁੱਦਾ ਹੈ ਪਰ ਇਕ ਫ਼ਿਲਮ ਸਮੀਖਿਅਕ ਦੀ ਨਜ਼ਰ ਤੋਂ ਇਸ ਫ਼ਿਲਮ ਦਾ ਦਿਲਚਸਪ ਅਤੇ ਵਧੀਆ ਪਹਿਲੂ ਇਹ ਹੈ ਕਿ ਲੇਖਕ-ਨਿਰਦੇਸ਼ਕ ਨੇ ਇਸ ਫ਼ਿਲਮ ਵਿਚ ਨਾ ਤਾਂ ਕੋਈ ਫਾਲਤੂ ਕਿਸਮ ਦੀ ਕਾਮੇਡੀ ਅਤੇ ਐਕਸ਼ਨ ਦੀ ਲੋੜ ਮਹਿਸੂਸ ਹੋਣ ਦਿੱਤੀ ਤੇ ਨਾ ਹੀ ਸੂਝਵਾਨ ਅਤੇ ਪਰਿਵਾਰ ਨਾਲ ਪੰਜਾਬੀ ਫ਼ਿਲਮ ਵੇਖਣ ਆਉਦੇ ਦਰਸ਼ਕਾਂ ਨੂੰ ਅਸ਼ਲੀਲ, ਅਸੱਭਿਅਕ ਜਾਂ ਦੋ ਮਤਲਬੀ ਸੰਵਾਦਾਂ ਦੇ ਜਬਰਨ ਪ੍ਰਦਰਸ਼ਨ ਨਾਲ ਸ਼ਰਮਿੰਦਾ ਹੋਣ ਦਿੱਤਾ ।
ਫ਼ਿਲਮ ਦੀ ਸਾਦੀ ਜਿਹੀ ਕਹਾਣੀ ਅਤੇ ਵਿਸ਼ੇ ਨੂੰ ਇਕ ਢੁਕਵੇਂ ਅਤੇ ਬਝਵੇਂ ਸਕਰੀਨ ਪਲੇਅ ਦੇ ਨਾਲ ਜੋੜ ਕੇ ਮਜਬੂਤ ਤੇ ਦਿਲਚਸਪ ਸੰਵਾਦਾਂ ਰਾਹੀਂ ਪੇਸ਼ ਕੀਤਾ ਗਿਆ ਹੈ ਜੋ ਦਰਸ਼ਕਾਂ ਦੀ ਉਤਸੁਕਤਾ ਬਣਾਈ ਰੱਖਣ ਦੇ ਨਾਲ ਨਾਲ ਨਵੀਂ ਪੀੜੀ ਨੂੰ ਸੱਚੇ ਪ੍ਰੇਮ ਪ੍ਰਤੀ ਨਸੀਹਤ ਵੀ ਦਿੰਦੇ ਹਨ। ਇਹ ਸਭ ਸੋਹਣੀਆਂ ਗੱਲਾਂ ਨਿਰਦੇਸ਼ਕ ਦੁਆਰਾ ਮਿਹਨਤ ਅਤੇ ਸਿਆਣਪ ਨਾਲ ਕੀਤੀ ਗਈ ਫਿ਼ਲਮ ਦੀ ਖੂਬਸੂਰਤ ਪੇਸ਼ਕਾਰੀ ਦਾ ਨਤੀਜਾ ਹਨ।

ਜੇ ਫ਼ਿਲਮ ਵਿਚਲੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦੀ ਕਹਾਣੀ ਮੁਤਾਬਕ ਹੀਰੋ ਲਈ ਢੁਕਵਾਂ ਚਿਹਰਾ ਹਰੀਸ਼ ਵਰਮਾ ਨਾਲੋ ਵੱਧ ਕੋਈ ਨਜ਼ਰਾਂ ਸਾਹਮਣੇ ਆਉਂਦਾ ਵੀ ਨਹੀਂ ਤੇ ਅਸਲ ਵਿਚ ਪੰਜਾਬੀ ਸਿਨੇਮਾ ਲਈ ਇਹੋ ਜਿਹੇ ਨਿਰੋਲ ਅਦਾਕਾਰਾਂ ਦੀ ਲੋੜ ਵੀ ਹੈ, ਸੋ ਇਸ ਦੀ ਚੋਣ ਨੂੰ ਨਿਰਦੇਸ਼ਕ ਦੀ ਸੋਹਣੀ ਸੂਝਬੂਝ ਕਹਿਣ ਵਿਚ ਕੋਈ ਹਰਜ਼ ਨਹੀ ਤੇ ਬਾਕੀ ਕਲਾਕਾਰ ਵੀ ਕਿਰਦਾਰਾਂ ਮੁਤਾਬਕ ਢੁਕਵੇਂ ਚੁਣੇ ਗਏ ਹਨ।
ਇਸ ਫ਼ਿਲਮ ਦੀ ਲੀਡ ਅਦਾਕਾਰਾ ਸਵੀਤਾਜ ਬਰਾੜ ਨੇ ਵੀ ਸ਼ਾਨਦਾਰ ਅਭਿਨੈ ਨਾਲ ਆਪਣੀ ਪੁਖਤਾ ਅਦਾਕਾਰੀ ਦਾ ਪ੍ਭਾਵ ਦਰਸ਼ਕਾਂ ਤੇ ਛੱਡਿਆ ਹੈ ਤੇ ਇਸ ਨੇ ਸਿੱਧੂ ਮੂਸੇਵਾਲੇ ਨਾਲ ਆਪਣੀ ਪਹਿਲੀ ਫ਼ਿਲਮ ਵਿਚ ਵੀ ਵਧੀਆ ਅਦਾਕਾਰੀ ਕੀਤੀ ਸੀ। ਫ਼ਿਲਮ ਦੇ ਬਾਕੀ ਮੁੱਖ ਕਲਾਕਾਰਾਂ ਵਿਚ ਭੂਮਿਕਾ ਸ਼ਰਮਾ, ਨਿਰਮਲ ਰਿਸ਼ੀ, ਅਮਿਤ ਅੰਬੇ, ਨਿਸ਼ਾ ਬਾਨੋ, ਸੀਮਾ ਕੌਸ਼ਲ, ਰਾਜ ਧਾਲੀਵਾਲ, ਸੁਖਬੀਰ ਬਾਠ ਅਤੇ ਸੁਖਵਿੰਦਰ ਰਾਜ ਆਦਿ ਸਭ ਨੇ ਹੀ ਵਧੀਆ ਕੰਮ ਕੀਤਾ ਹੈ।
ਫ਼ਿਲਮ ਦਾ ਬੈਕਰਾਊਂਡ ਸਕੋਰ ਵੀ ਢੁਕਵਾਂ ਹੈ ਅਤੇ ਗੋਲਡ ਬੋਆਏ, ਜੇ ਕੇ, ਅਰ ਦੀਪ ਤੇ ਯਹ ਪਰੂਫ ਵਲੋਂ ਬਣਾਏ ਤੇ ਨਿਰਮਾਣ, ਮਨਿੰਦਰ ਕੈਲੇ ਤੇ ਜੱਗੀ ਜੱਗੋਵਾਲ ਵਲੋਂ ਲਿਖੇ ਵੀ ਵਧੀਆ ਲੱਗੇ। ਕੋਰੀਓਗ੍ਰਾਫਰ ਦੇਵਾਂਗ ਦੇਸਾਈ, ਨਿਤਿਨ ਅਰੋੜਾ ਤੇ ਰਾਕਾ ਵਲੋਂ ਇਹਨਾਂ ਗਾਣਿਆਂ ਨੂੰ ਆਕਰਸ਼ਤ ਢੰਗ ਨਾਲ ਫਿਲਮਾਇਆ ਗਿਆ ਹੈ।
ਨਿਰਮਾਤਾ ਦਿਲਰਾਜ ਅਰੋੜਾ ਤੇ ਅਭੇਦੀਪ ਸਿੰਘ ਸਮੇਤ ਫਿਲਮ ਦੀ ਸਾਰੀ ਟੀਮ ਨੂੰ ਇਕ ਵਧੀਆ ਫਿਲਮ ਪੰਜਾਬੀ ਸਿਨੇਮਾ ਦੀ ਝੋਲੀ ਪਾਉਣ ਲਈ ਬਹੁਤ ਬਹੁਤ ਮੁਬਾਰਕਾਂ ਦੇ ਨਾਲ ਨਾਲ ਇਹਨਾਂ ਤੋਂ ਭਵਿੱਖ ਵਿਚ ਅਜਿਹੀਆਂ ਮਜਬੂਤ ਫ਼ਿਲਮਾ ਦੀ ਉਮੀਦ ਵੀ ਕਰਦੇ ਹਾਂ।
ਮਗਰ ਇਕ ਅਫਸੋਸ ਵੀ ਰਹੇਗਾ ਕਿ ਪੰਜਾਬੀ ਫਿਲਮਾਂ ਲਈ ਠੰਡੇ ਮਾਹੌਲ ਦੇ ਚਲਦਿਆਂ ਵਧੀਆ ਹੋਣ ਦੇ ਬਾਵਜੂਦ ਫ਼ਿਲਮ “ਤੇਰੇ ਲਈ” ਨੂੰ ਨਿਰਮਾਤਾਵਾਂ ਅਤੇ ਫ਼ਿਲਮ ਟੀਮ ਦੀਆਂ ਉਮੀਦਾਂ ਮੁਤਾਬਕ ਜੋ ਹੁੰਗਾਰਾ ਮਿਲਣਾ ਚਾਹੀਦਾ ਸੀ ਨਹੀਂ ਮਿਲ ਪਾਇਆ। ਪੰਜਾਬੀ ਸਕਰੀਨ ਅਦਾਰੇ ਦੀ ਪੰਜਾਬੀ ਸਿਨੇ ਪ੍ਰੇਮੀਆਂ ਨੂੰ ਸਲਾਹ ਹੈ ਕਿ ਹੋ ਸਕੇ ਤਾਂ ਇਹ ਫ਼ਿਲਮ ਜ਼ਰੂਰ ਵੇਖਣ, ਯਕੀਨਨ ਤੁਹਾਨੂੰ ਨਿਰਾਸ਼ ਨਹੀਂ ਕਰੇਗੀ।
ਆਖਰੀ ਦੋ ਗੱਲਾਂ
ਇਕ ਤਾਂ ਕਿ ਫ਼ਿਲਮ “ਤੇਰੇ ਲਈ” ਉਹਨਾਂ ਪੰਜਾਬੀ ਫ਼ਿਲਮ ਮੇਕਰਾਂ ਅਤੇ ਲੇਖਕਾਂ-ਨਿਰਦੇਸ਼ਕਾਂ ਲਈ ਨਸੀਹਤ ਹੈ ਜੋ ਆਪਣੇ ਅਤੇ ਆਪਣੀਆਂ ਫਿਲਮਾਂ ਦੇ ਕੰਟੈਂਟ ਤੇ ਯਕੀਨ ਰੱਖਣ ਦੀ ਬਜਾਏ ਫਿਲਮਾਂ ਨੂੰ ਚਲਾਉਣ ਅਤੇ ਦਰਸ਼ਕਾਂ ਨੂੰ ਭਰਮਾਉਣ ਲਈ ਅਸੱਭਿਅਕ ਸੰਵਾਦਾਂ ਅਤੇ ਦ੍ਰਿਸ਼ਾਂ ਦਾ ਸਹਾਰਾ ਲੈਂਦੇ ਹਨ ਅਤੇ ਉਹਨਾਂ ਐਕਟਰਾਂ ਲਈ ਵੀ ਨਸੀਹਤ ਹੈ ਜੋ ਲਾਲਚ ਵੱਸ ਆਪਣੀ ਬਣੀ ਬਣਾਈ ਇਮੇਜ ਦੀ ਪ੍ਰਵਾਹ ਕੀਤੇ ਬਿਨਾ ਇਹੋ ਜਿਹੀਆਂ ਫ਼ਿਲਮਾਂ ਵਿਚਲੇ ਅਸੱਭਿਅਕ ਸੰਵਾਦਾਂ-ਦ੍ਰਿਸ਼ਾਂ ਦਾ ਹਿੱਸਾ ਬਣਦੇ ਹਨ। ਤੇ ਆਖਰ ਇਹ ਸਾਰੇ ਲੋਕ ਫੇਰ ਵੀ ਫ਼ਿਲਮ ਨੂੰ ਨਾ ਚਲਦੀ ਵੇਖ ਕੇ ਢੀਠਾਂ ਵਾਂਗ ਆਪਣੀ ਫਿਲਮ ਨੂੰ ਆਪਣੇ ਮੂੰਹੋਂ ਪਰਿਵਾਰਕ ਫ਼ਿਲਮ ਦੱਸਣ ਦੀਆਂ ਗੱਲਾਂ ਕਰਦੇ ਹਨ, ਜੋ ਸੂਝਵਾਨ ਦਰਸ਼ਕਾਂ ਨੂੰ ਹਾਸੋਹੀਣੀਆਂ ਵੀ ਲੱਗਦੀਆਂ ਹਨ।
ਦੂਜਾ ਫ਼ਿਲਮ ‘ਤੇਰੇ ਲਈ’ ਵਿਚ ਚੱਲ ਰਿਹਾ 30 ਦਸੰਬਰ ਨੂੰ ਭਾਰਤੀ ਸਿਨਮਿਆਂ ਵਿਚ ਜ਼ੀ ਟੀਵੀ ਦੁਆਰਾ ਰਿਲੀਜ਼ ਹੋਣ ਵਾਲੀ ਬਹੁ ਚਰਚਿਤ ਤੇ ਦੁਨੀਆ ਭਰ ਵਿਚ ਹਿੱਟ ਹੋ ਚੁੱਕੀ ਪਾਕਿਸਤਾਨੀ ਪੰਜਾਬੀ ਫ਼ਿਲਮ “ਦ ਲੀਜੈਂਡ ਆਫ ਮੌਲਾ ਜੱਟ ਦਾ ਬਾਕਮਾਲ ਟ੍ਰੇਲਰ ਹੈ। ਇਹ ਟ੍ਰੇਲਰ ਵੀ ਸਾਡੇ ਮੇਕਰਾਂ ਲਈ ਗਿਆਨ ਲੈਣ ਵਾਲਾ ਹੈ ਕਿ ਇਕ ਇਸ ਨੂੰ ਪ੍ਭਾਵਸ਼ਾਲੀ ਬਨਾਉਣ ਲਈ ਸਾਰੀ ਫ਼ਿਲਮ ਹੀ ਇਸ ਵਿਚ ਵਿਖਾਉਣ ਦੀ ਬਜਾਏ ਕੁਝ ਅਜਿਹਾ ਰਚਨਾਤਮਕ ਕੰਮ ਕਰੋ ਕਿ ਟ੍ਰੇਲਰ ਵੇਖਣ ਮਗਰੋਂ ਦਰਸ਼ਕਾਂ ਦੀ ਖੁਦ ਥੀਏਟਰਾਂ ਵੱਲ ਖਿੱਚ ਬਣੇ ਤੇ ਲੋਕ ਚਾਅ ਨਾਲ ਪੰਜਾਬੀ ਫ਼ਿਲਮਾਂ ਵੇਖਣ। ⁉️🙂

Comments & Suggestions

Comments & Suggestions

About the author

admin