ਫ਼ਿਲਮ ਸਮੀਖਿਆ / Film Review “ਹਨੀਮੂਨ” ਕੁੱਤਖਾਨਾ ਨਹੀਂ ਤੁਹਾਡੇ ਦੁਆਰਾ ਫ਼ਿਲਮ ਵਿਚ ਫ਼ੈਲਾਈ ਗਈ ਅਸੱਭਿਅਤਾ ਕੁੱਤਖਾਨਾ ਹੈ। -ਦਲਜੀਤ ਅਰੋੜਾ 🎞🎞🎞🎞🎞🎞🎞🎞

By  |  0 Comments

ਸ਼ੁਰੂਆਤ ਫ਼ਿਲਮ ਦੇ ਟਾਈਟਲ ਤੋਂ ਜੋ ਕਿ ਪੰਜਾਬੀ ਸਿਨੇਮਾ ਮੁਤਾਬਕ ਬਿਲਕੁਲ ਨਹੀਂ ਢੁੱਕਦਾ। ਪਰ ਹਨੀਮੂਨ ਕੁੱਤਖਾਨਾ ਵੀ ਨਹੀਂ ਹੁੰਦਾ ਜਿਵੇਂ ਕਿ ਫ਼ਿਲਮ ਦੇ ਇਕ ਸੰਵਾਦ ਵਿਚ ਕਿਹਾ ਗਿਆ ਹੈ, ਤੇ ਜੇ ਤੁਸੀਂ ਸਮਝਦੇ ਹੋ ਤਾਂ, ਇਸ ਦਾ ਮਤਲਬ ਤੁਸੀਂ ਦਰਸ਼ਕਾਂ ਨੂੰ ਕੁੱਤਖਾਨਾ ਵਿਖਾਉਣ ਲਈ ਇਸ ਟਾਈਟਲ ਵਾਲੀ ਫ਼ਿਲਮ ਬਣਾਈ ਹੈ।
ਹੱਦ ਹੈ ਯਾਰ! ਖੈਰ ਇਹਨੂੰ ਵੀ ਛੱਡੋ❗
ਸਿਰਫ਼ ਤੇ ਸਿਰਫ਼ ਸਬਸਿਡੀ ਦੇ ਲਾਲਚ ਲਈ ਘੜੇ ਬੇਤੁਕੇ ਕਾਮੇਡੀ ਵਿਸ਼ੇ ਤੇ ਅਧਾਰ ਰਹਿਤ ਕਹਾਣੀ ਵਿਚ ਪਹਿਲਾਂ ਤੁਸੀਂ ਆਪਣੇ ਪਿਛੋਕੜ ਖਾਨਦਾਨ ਦੀਆਂ ਇਕ-ਦੋ ਪੀੜੀਆਂ ਦਾ ਬੇਹੁਦਾ ਮਜ਼ਾਕ ਉਡਾ ਕੇ ਫ਼ਿਲਮ ਨੂੰ ਅੱਗੇ ਤੋਰਿਆ। ਦੂਜੇ ਪਾਸੇ ਆਪਾਂ ਪਿੰਡ ‘ਚ ਰਹਿੰਦੇ ਸਾਂਝੇ ਟੱਬਰ, ਜਿਹਨਾਂ ਦਾ ਬਿੱਲ ਨਾ ਭਰਨ ਕਾਰਨ ਬੱਤੀ ਦਾ ਕੁਨੈਕਸ਼ਨ ਕੱਟਿਆ ਵਿਖਾਇਆ ਗਿਆ ਹੈ ਤੇ ਘਰ ਦੇ ਮੈਬਰਾਂ ਕੋਲ ਗੱਲਾਂ ਕਰਨ ਲਈ ਐਪਲ ਵਰਗੇ ਮਹਿੰਗੇ ਤੇ ਹੋਰ ਮੋਬਾਈਲ ਵਿਖਾਏ ਗਏ ਪਰ ਸਕੂਟਰ, ਮੋਟਰਸਾਈਕਲ ਘਰ ਵਿਚ ਨਾ ਹੋ ਕੇ ਆਪਾਂ ਲੋਕਲ ਫ਼ਟੀਚਰ ਬੱਸਾਂ ‘ਤੇ ਸ਼ਹਿਰ ਆ-ਜਾ ਰਹੇ ਹਾਂ, ਉਹ ਵੀ ਲੂੰਗੀ-ਚਾਦਰ ਵਗੈਰਾ ਨਾਲ। ਹਾਂ! ਪਾਸਪੋਰਟ ਸਾਰੇ ਖਾਨਦਾਨ ਨੇ ਬਣਾ ਕੇ ਰੱਖੇ ਹੋਏ ਹਨ ਪਰ ਹਨੀਮੂਨ ਕੀ ਹੁੰਦਾ ਹੈ ਇਹ ਕਿਸੇ ਨੂੰ ਪਤਾ ❗ 🤣। ਇਹ ਸਭ ਫ਼ਿਲਮ ਦੇ ਲੇਖਕ-ਨਿਰਦੇਸ਼ਕ ਦੀ ਅਦਭੁੱਤ ਪ੍ਰਤਿਭਾ, ਵਾਕਿਆ ਹੀ ਦੇਣ ਯੋਗ ਉਦਹਾਰਣ ਹੈ।😊
ਬਾਕੀ ਫ਼ਿਲਮ ‘ਚ ਸਾਰਿਆਂ ਨੇ ਜਿੰਨੇ ਝੱਲ/ਸ਼ੁਦਾ ਖ਼ਲਾਰੇ ਉਸ ਨੂੰ ਸਮੀਖਿਆ ਵਿਚ ਲਿਖ ਕੇ ਆਪਣਾ ਸਮਾਂ ਨਹੀਂ ਖ਼ਰਾਬ ਕਰਨਾ ਚਾਹੁੰਦਾ, ਜਿਹੜਾ ਫ਼ਿਲਮ ਵੇਖੂ ਉਹਨੂੰ ਪਤਾ ਲੱਗ ਹੀ ਜਾਣਾ ਹੈ।
ਪਰ ਜ਼ਰੂਰੀ ਗੱਲ ਕਿ ਫ਼ਿਲਮ ਦਾ ਸਭ ਤੋਂ ਵੱਧ ਨਿੰਦਣਯੋਗ ਹਿੱਸਾ ਜੋ ਪੰਜਾਬ ਦੀ ਸਭ ਤੋਂ ਸੀਨੀਅਰ ਅਦਾਕਾਰਾ ਨਿਰਮਲ ਰਿਸ਼ੀ ਤੇ ਲੇਖਕ ਨਰੇਸ਼ ਕਥੂਰੀਆ ਤੇ ਫ਼ਿਲਮਾਂ ਕੇ ਜੋ ਅਸੱਭਿਅਕ ਵਾਹਯਾਤਪੁਣਾ ਖਿਲਾਰਿਆ ਹੈ, ਫ਼ਿਲਮ ਮੇਕਰਾਂ ‘ਚੋਂ ਕੋਈ ਦੱਸ ਸਕਦਾ ਹੈ ਕਿ ਇਹ ਕੂੜ ਸੰਵਾਦ ਕਿਹੜੇ ਸੰਦੇਸ਼ ਦਿੰਦੇ ਹਨ ?


ਇਸ ਲਈ ਤਾਂ ਮੈਂ ਇਹੀ ਕਹਾਂਗਾ ਕਿ ਸਾਡੇ ਪੰਜਾਬੀ ਸਿਨੇਮਾ ਵਿਚ “ਹਨੀਮੂਨ” ਵਰਗੀਆਂ ਫ਼ਿਲਮਾਂ ਦੇ ਲੇਖਕ-ਨਿਰਦੇਸ਼ਕ ਤੇ ਸਿਰਫ਼ ਪੈਸੇ ਖਾਤਰ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਭੁੱਲਦੇ ਹੋਏ ਅਸੱਭਿਅਕ ਸੰਵਾਦਾਂ ਤੇ ਅਦਾਕਾਰੀ ਕਰਨ ਵਾਲੇ ਲੋਕ ਐਡੀ ਨੀਵੀਂ ਤੇ ਬੇਸ਼ਰਮੀ ਦੀ ਹੱਦ ਤੱਕ ਡਿੱਗ ਕੇ ਪੰਜਾਬੀ ਸਿਨੇਮਾ ਤਬਾਹ ਕਰਨ ਦੇ ਰਸਤੇ ਤੁਰ ਪੈਣਗੇ, ਐਸੀ ਉਮੀਦ ਨਹੀਂ ਸੀ।
ਸੋ ਫ਼ਿਲਮ ਦਾ ਨਿਚੋੜ ਇਹੀ ਹੈ ਕਿ ਇਸ ਫ਼ਿਲਮ ਦੇ ਦੋ-ਤਿੰਨ ਥਾਂਈ ਚੰਗੇ ਸੰਵਾਦ/ਸਿਕਿਊਂਸ ਅਤੇ ਜੈਸਮੀਨ ਭਸੀਨ ਦੀ ਬੇਹਤਰੀਨ ਅਦਾਕਾਰੀ ਵੀ ਇਸ ਫ਼ਿਲਮ ਦੇ ਨਲਾਇਕ ਮੇਕਰਾਂ ਦੀ ਵਜ੍ਹਾ ਨਾਲ ਖੂੰਹ-ਖਾਤੇ ਪਈ ਨਜ਼ਰ ਆਉਂਦੀ ਹੈ ਤੇ ਇਸ ਦਾ ਕੋਈ ਕ੍ਰੈਡਿਟ ਨਾ ਦਿੰਦੇ ਹੋਏ ਇਸ ਫ਼ਿਲਮ ਦੇ ਲੇਖਕ, ਨਿਰਦੇਸ਼ਕ ਤੇ ਕਲਾਕਾਰਾਂ ਨੂੰ ਕਸੂਰਵਾਰ ਹੀ ਕਿਹਾ ਜਾ ਸਕਦਾ ਹੈ ਜਿਹਨਾਂ ਨੇ ਕਾਮੇਡੀ ਦੇ ਨਾਮ ‘ਤੇ ਦੋ ਮਤਲਬੀ “ਸੰਵਾਦ ਅਸੱਭਿਅਤਾ” ਫੈਲਾ ਕੇ ਸੂਝਵਾਨ ਦਰਸ਼ਕਾ ਨੂੰ ਸ਼ਰਮਸਾਰ ਕੀਤਾ ਹੈ ਤੇ ਬਚਕਾਨੀ ਪਟਕਥਾ ਨਾਲ ਬੇਵਕੂਫ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।
ਯਾਰ, “ਦਾ ਲੀਜੈਂਡ ਆਫ਼ ਮੌਲਾ ਜੱਟ” ਵਰਗੀ ਪਾਕਿਸਤਾਨੀ ਪੰਜਾਬੀ ਫ਼ਿਲਮ ਤੋਂ ਹੀ ਕੋਈ ਸਬਕ ਲੈ ਲਓ, ਜੇ ਖੇਤਰੀ ਸਿਨੇਮਾ ਵਿਚ ਕੁਝ ਵੱਖਰਾ ਕਰਨ ਦੇ ਚਾਹਵਾਨ ਹੋ ਤਾਂ। ਕਿਉਂ ਊਟ-ਪਟਾਂਗ ਫਿ਼ਲਮਾਂ ਨਾਲ ਪੰਜਾਬੀ ਸਿਨੇਮਾ ਦਾ ਬੇੜਾ ਡੋਬਣ ਤੇ ਤੁਲੇ ਹੋ।
ਚਾਰ ਸਾਹਿਬਜ਼ਾਦਿਆਂ ਵਰਗੀ ਫ਼ਿਲਮ ਬਨਾਉਣ ਵਾਲੇ ਬਵੇਜਾ ਸਟੂਡੀਓ ਅਤੇ ਅਰਦਾਸ ਵਰਗੀਆਂ ਫਿਲਮਾਂ ਦੇਣ ਵਾਲੇ ਨਿਰਮਾਤਾ-ਹੀਰੋ ਗਿੱਪੀ ਗਰੇਵਾਲ ਦਾ ਅਜਿਹੀ ਬੇਹੁਦਾ ਫ਼ਿਲਮ ਵਿਚ ਕੰਮ ਕਰਨਾ ਬੇਹੱਦ ਅਫ਼ਸੋਸਜਨਕ ਹੈ। ਕਿਸੇ ਵੀ ਸੂਝਵਾਨ ਸਿਨੇ ਪ੍ਰੇਮੀ ਨੂੰ ਪਰਿਵਾਰ ਸਮੇਤ ਇਹ ਫ਼ਿਲਮ ਵੇਖਣ ਲਈ ਪੰਜਾਬੀ ਸਕਰੀਨ ਅਦਾਰਾ ਕਦੇ ਸਲਾਹ ਨਹੀਂ ਦੇਵੇਗਾ। ਅੱਗੋਂ ਸਭ ਦੀ ਮਰਜ਼ੀ।

Comments & Suggestions

Comments & Suggestions