ਫਿ਼ਲਮ ਸਮੀਖਿਆ/ Film Review ਸੱਚਮੁੱਚ ਪਰਿਵਾਰਕ ਫ਼ਿਲਮ ਹੈ “ਓਏ ਮੱਖਣਾ” -ਦਲਜੀਤ ਸਿੰਘ ਅਰੋੜਾ 🎞🎞🎞🎞🎞🎞🎞

By  |  0 Comments

ਜੇ ਇਸ ਫ਼ਿਲਮ ਨੂੰ ਇਕ ਆਮ ਦਰਸ਼ਕ ਦੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਓਵਰਆਲ ਇਹ ਇਕ ਵਧੀਆ, ਵੇਖਣਯੋਗ ਅਤੇ ਸੱਚਮੁੱਚ ਪਰਿਵਾਰਕ ਫ਼ਿਲਮ ਹੈ।
ਇਸ ਦਾ ਜੌਨਰ ਸਿਰਫ ਕਾਮੇਡੀ ਨਾ ਹੋ ਕਿ ਇਕ ਆਮ ਰਲੇ ਮਿਲੇ ਮਨੋਰੰਜਨ ਭਰਪੂਰ ਮਸਾਲੇ ਵਾਲਾ ਹੈ, ਜਿਸ ਵਿਚ ਸਾਮਜਿਕ ਅਤੇ ਪਰਿਵਾਰਕ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਦਾ ਮਜਬੂਤੀ ਅਤੇ ਭਾਵੁਕਤਾ ਨਾਲ ਸੰਦੇਸ਼ ਵੀ ਦਿੱਤਾ ਗਿਆ ਹੈ।
ਹੁਣ ਜੇ ਇਸ ਫ਼ਿਲਮ ਦੀ ਕਹਾਣੀ ਅਤੇ ਪਟਕਥਾ ਦੀ ਗੱਲ ਕਰੀਏ ਤਾਂ ਭਾਂਵੇ ਕਿ ਇਸ ਦੇ ਗੁੰਝਲਦਾਰ ਸਕਰੀਨ ਪਲੇਅ ਦੀ ਦਿਲਚਸਪ ਪੇਸ਼ਕਾਰੀ ਵਿਚੋਂ ਉਭਰਦੀ ਸੁਭਾਵਿਕ ਕਾਮੇਡੀ ਨਾਲ ਦਰਸ਼ਕ ਹੱਸਣ ਲਈ ਮਜਬੂਰ ਹੁੰਦਾ ਹੈ ❗ਪਰ ਕਹਾਣੀ-ਪਟਕਥਾ ਵਿਚ ਖਾਮੀਆਂ ਵੀ ਜ਼ਰੂਰ ਨਜ਼ਰ ਆਉਂਦੀਆਂ ਹਨ। ਫ਼ਿਲਮ ਦੇ ਪਹਿਲੇ ਹਿੱਸੇ ਵਿਚ ਕੁਝ ਸੀਨਾ-ਸੰਵਾਦਾਂ ਤੋਂ ਬਚਕਾਨੀ ਲੇਖਣੀ ਦੇ ਨਾਲ ਨਾਲ ਪਟਕਥਾ ਦੀ ਗ਼ੈਰ ਮਜਬੂਤ ਅਤੇ ਧੀਮੀ ਗਤੀ ਵੀ ਝਲਕਦੀ ਹੈ, ਜਿਸ ਦਾ ਕਿ ਫ਼ਿਲਮ ਲੇਖਕ ਰਾਕੇਸ਼ ਧਵਨ ਅਤੇ ਨਿਰਦੇਸ਼ਕ ਸਿਮਰਜੀਤ ਦੇ ਆਪਸੀ ਵਿਚਾਰ ਵਟਾਂਦਰੇ/ਤਾਲਮੇਲ ਨਾਲ ਫ਼ਿਲਮ ਦੀ ਹੋਰ ਮਜਬੂਤੀ ਲਈ ਹਲ ਵੀ ਸੰਭਵ ਸੀ।❗ ਕਿਉਂਕਿ ਦੋਨੋ ਹੀ ਆਪੋ ਆਪਣੇ ਕੰਮ ਵਿਚ ਮੁਹਾਰਤ ਰੱਖਣ ਵਾਲੇ ਸੂਝਵਾਨ ਵਿਅਕਤੀ ਹਨ।

❗ਫ਼ਿਲਮ ਦੇ ਟਾਈਟਲ ਸਮੇਤ ਹੋਰ ਟਾਈਟਲਿੰਗ ਲਈ ਪੰਜਾਬੀ ਵਿਚ ਲਿਖੇ ਜਾਂਦੇ ਸ਼ਬਦ ਕਿਸੇ ਪੰਜਾਬੀ ਐਕਸਪਰਟ ਕੋਲੋਂ ਪੜ੍ਹਾ ਲੈਣ ਵਿਚ ਕੋਈ ਹਰਜ ਨਹੀਂ ਹੁੰਦਾ, ਵੱਡੀ ਸਕਰੀਨ ਤੇ ਬੁਰਾ ਲਗਦਾ ਹੈ ਜਿਵੇਂ ਕਿ “ਉਏ ਮੱਖਣਾ” ❗

ਖੈਰ ਇੰਟਰਵਲ ਤੋਂ ਬਾਅਦ ਨਿਰਦੇਸ਼ਕ ਨੇ ਬੜੀ ਸੂਝਬੂਝ ਅਤੇ ਮਜਬੂਤੀ ਨਾਲ ਸਭ ਕੁਝ ਸੰਭਾਲ ਕੇ ਫ਼ਿਲਮ ਦੇ ਅੰਤ ਨੂੰ ਸਹੀ ਟਿਕਾਣੇ ਲਾਇਆ ਹੈ।
ਜੇ ਫ਼ਿਲਮ ਦੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਐਮੀ ਵਿਰਕ, ਗੁੱਗੂ ਗਿੱਲ ਅਤੇ ਤਾਨੀਆ ਤੋਂ ਇਲਾਵਾ ਸਿਧਿਕਾ ਸ਼ਰਮਾ ਦੀ ਦਮਦਾਰ ਅਦਾਕਾਰੀ ਦੀ ਵੀ ਖਾਸ ਪ੍ਰਸ਼ੰਸਾ ਕਰਨੀ ਬਣਦੀ ਹੈ ਅਤੇ ਬਾਕੀ ਕਲਾਕਾਰਾਂ ਵਿਚ ਹਰਦੀਪ ਗਿੱਲ, ਤਰਸੇਮ ਪਾਲ, ਸੁਖਵਿੰਦਰ ਚਾਹਲ, ਸਤਵੰਤ ਕੌਰ, ਰੋਜ਼ ਜੇ ਕੌਰ ਅਤੇ ਦੀਦਾਰ ਗਿੱਲ ਦੀਆਂ ਵੀ ਅਹਿਮ ਯੋਗਦਾਨ ਅਤੇ ਬੇਹਤਰੀਨ ਅਦਾਕਾਰੀ ਵਾਲੀਆਂ ਭੂਮਿਕਾਵਾਂ ਹਨ।
ਫ਼ਿਲਮ ਦਾ ਸੰਗੀਤ ਵੀ ਸੋਹਣਾ ਅਤੇ ਢੁਕਵਾਂ ਹੈ, ਜਿਸ ਨੂੰ ਐਵੀ ਸਰਾ, ਗੌਰਵ ਦੇਵ ਅਤੇ ਕਾਰਤਿਕ ਦੇਵ ਨੇ ਤਿਆਰ ਕੀਤਾ ਹੈ। ਸੰਗੀਤਕਾਰ ਇੰਦਰ ਬਾਵਰਾ ਅਤੇ ਸੰਨੀ ਬਾਵਰਾ ਦੁਆਰਾ ਫ਼ਿਲਮ ਦੀ ਬੈਕਗਰਾਉਂਡ ਸਕੋਰ ਤੇ ਮਿਹਨਤ ਕੀਤੀ ਵੀ ਝਲਕਦੀ ਹੈ
❗ਆਖਰੀ ਗੱਲ❗
ਇਸ ਫ਼ਿਲਮ ਦੀ ਬਾਕਸ ਆਫ਼ਿਸ ਕਾਰਗੁਜਾਰੀ ਦੀ ਰਿਪੋਰਟ ਜੋ ਪੰਜਾਬੀ ਸਕਰੀਨ ਕੋਲ ਹੈ ਉਸ ਮੁਤਾਬਕ ਐਮੀ ਵਿਰਕ ਦੀਆਂ ਇਸ ਸਾਲ ਵਿਚ ਲੋੜੋਂ ਵੱਧ ਫ਼ਿਲਮਾਂ ਆਉਣ ਅਤੇ ਨਾ ਚੱਲਣ ਤੋਂ ਇਲਾਵਾ ਲਗਾਤਾਰ ਪੰਜਾਬੀ ਫਿਲਮਾਂ ਦੇ ਨਾ ਚੱਲਣ ਕਾਰਨ ਦਰਸ਼ਕਾਂ ਦੇ ਪੰਜਾਬੀ ਫਿਲਮਾਂ ਤੋਂ ਘਟੇ ਰੁਝਾਣ ਦਾ ਇਸ ਫ਼ਿਲਮ ਤੇ ਵੀ ਅਸਰ ਪਿਆ ਨਜ਼ਰ ਆ ਰਿਹਾ ਹੈ।
ਐਮੀ ਵਿਰਕ ਨੂੰ ਵੀ ਚਾਹੀਦਾ ਹੈ ਕਿ ਆਪਣੀ ਸੁਪਰ ਸਟਾਰ ਵਾਲੀ ਛਵੀ ਨੂੰ ਬਰਕਰਾਰ ਰੱਖਣ ਲਈ ਗਿਣਤੀ ਦੀ ਬਜਾਏ ਗੁਣਵਤਾ ਤੇ ਧਿਆਨ ਦੇਵੇ, ਕਿਉਂਕਿ ਉਸ ਵਿਚ ਲੰਮੀ ਰੇਸ ਦਾ ਘੋੜਾ ਬਣੇ ਰਹਿਣ ਲਈ ਪੂਰੀ ਪੂਰੀ ਸਮਰੱਥਾ ਹੈ।
ਜੇ ਗੱਲ ਪੰਜਾਬੀ ਫਿਲਮਾਂ ਪ੍ਰਤੀ ਦਰਸ਼ਕਾਂ ਦੀ ਹੈ ਤਾਂ ਐਸੀ ਵੀ ਗੱਲ ਨਹੀਂ ਕਿ ਜੇ ਚੰਗੀ ਫਿਲਮ ਆਵੇ ਤਾਂ ਦਰਸ਼ਕ ਹੁੰਗਾਰਾ ਨਾ ਦੇਣ, ਬਸ਼ਰਤ ਕਿ ਕਹਾਣੀ, ਕਲਾਕਾਰਾਂ ਤੇ ਨਿਰਦੇਸ਼ਨ ਵਿਚ ਜਾਨ ਹੋਵੇ। ਪਾਕਿਸਤਾਨੀ ਪੰਜਾਬੀ ਫ਼ਿਲਮ “ਦਾ ਲੀਜੈਂਡ ਆਫ ਮੌਲਾ ਜੱਟ” ਦੀ ਵਰਲਡ ਵਾਈਡ ਕਾਮਯਾਬੀ ਦੀ ਉਦਹਾਰਣ ਸਾਡੇ ਸਾਹਮਣੇ ਹੈ। ਜੇ ਅਸੀਂ ਨਵਿਆਂ ਵਿਸ਼ਿਆ ਤੇ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਰਿਸਕ ਨਹੀਂ ਲੈਣਾ ਚਾਹੁੰਦੇ ਤਾਂ ਸਾਡੇ ਪੰਜਾਬੀ ਸਿਨੇਮਾ ਕੋਲ ਵੀ “ਲੌਂਗ ਦਾ ਲਿਸ਼ਕਾਰਾ”, “ਬਦਲਾ ਜੱਟੀ ਦਾ”, “ਪੁੱਤ ਜੱਟਾਂ ਦੇ” , “ਸਰਪੰਚ, ਜੱਟ ਜਿਊਣਾ ਮੌੜ ਤੇ ਕੁਝ ਹੋਰ ਵੀ ਐਕਸ਼ਨ, ਰੋਮਾਂਸ ਅਤੇ ਧਾਰਮਿਕ-ਸਮਾਜਿਕ ਜੌਨਰ ਦੀਆਂ ਇਤਹਾਸਕ ਫ਼ਿਲਮਾਂ ਮੌਜੂਦ ਹਨ ਜਿਹਨਾਂ ਨੂੰ “ਮੌਲਾ ਜੱਟ” ਵਾਂਗ ਨਵੀਨਤਾ ਤੇ ਸਮਝਦਾਰੀ ਨਾਲ ਦੁਬਾਰਾ ਪ੍ਰਯੋਗ ਵਿਚ ਲਿਆਇਆ ਜਾ ਸਕਦਾ ਹੈ, ਤਾਂ ਕਿ ਸਾਡੇ ਪੰਜਾਬੀ ਸਿਨੇਮਾ ਦੀ ਉਤਸੁਕਤਾ ਬਰਕਰਾਰ ਰਹੇ।

Comments & Suggestions

Comments & Suggestions