ਫ਼ਿਲਮਾਂ ਦੀਆਂ ਰਿਲੀਜ਼ ਤਰੀਕਾਂ ਨੂੰ ਲੈ ਕੇ ਛਿੜੀ ਫ਼ਿਲਮੀਂ ਗੈਂਗਵਾਰ ਤੇ ਅਧਾਰਿਤ ……..

By  |  0 Comments

ਸੰਪਾਦਕ ਦੀ ਕਲਮ ਤੋਂ……

ਜਦੋਂ ਪਿਛਲਾ ਵਰ੍ਹਾ 2018 ਅੰਤਮ ਦਿਨਾਂ ਵਿਚ ਸੀ ਤਾਂ ਬਹੁਤ ਫ਼ਿਲਮਾਂ ਬਣ ਕੇ ਤਿਆਰ ਸਨ ਅਤੇ ਕਾਫੀ ਫ਼ਿਲਮਾਂ ਦੀਆਂ ਸ਼ੂਟਿੰਗ ਰਿਪੋਰਟਾਂ ਵੀ ਸਾਹਮਣੇ ਆਈਆਂ, ਜਿਸ ਤੋਂ ਇਹ ਲੱਗਦਾ ਸੀ ਕਿ 2019 ਵਿਚ ਫ਼ਿਲਮਾਂ ਦੀ ਹੋਰ ਭਰਮਾਰ ਹੋਣ ਵਾਲੀ ਹੈ ਅਤੇ ਰਿਲੀਜ਼ ਤਰੀਕਾਂ ਮਿਲਣ ਵਿਚ ਯਕੀਨਣ ਔਖਿਆਈ ਹੋਵੇਗੀ, ਕਿਉਂਕਿ ਹਰ ਕੋਈ ਚਾਹੁੰਦਾ ਹੈ ਮੇਰੀ ਫ਼ਿਲਮ ਦੇ ਨਾਲ ਕੋਈ ਹੋਰ ਪੰਜਾਬੀ ਫ਼ਿਲਮ ਨਾ ਰਿਲੀਜ਼ ਹੋਵੇ।

ਖ਼ੈਰ ਇਸ ਨੂੰ ਵੇਖਦਿਆਂ ਰੈਗੂਲਰ ਫ਼ਿਲਮਾਂ ਬਣਾਉਣ ਵਾਲੇ ਨਿਰਮਾਣ ਘਰਾਂ ਨੇ ਡਿਸਟ੍ਰੀਬਿਊਟਰਾਂ ਨਾਲ ਰਲ ਕੇ ਨਵਾਂ ਪੈਂਤੜਾ ਖੇਡਿਆ ਅਤੇ ਆਪਣੀ ਧਾਕ ਜਮਾਈ ਰੱਖਣ ਲਈ ਬਿਨ੍ਹਾਂ ਕਿਸੇ ਯੋਜਨਾ ਦੇ ਤਿੰਨ ਤਿੰਨ-ਚਾਰ ਚਾਰ ਫ਼ਿਲਮਾਂ ਦੀ ਰਿਲੀਜ਼ ਤਾਰੀਕ ਸਮੇਤ ਅਨਾਊਂਸਮੈਂਟ ਕਰ ਦਿੱਤੀ, ਜਦਕਿ ਕਿ ਫ਼ਿਲਮ ਦਾ ਨਾਮ ਅਤੇ ਸਟਾਰਕਾਸਟ, ਸ਼ੂਟਿੰਗ ਡੇਟ ਕੁਝ ਵੀ ਫਾਈਨਲ ਨਹੀਂ ਸੀ, ਹੋਰ ਕੁਝ ਸਮਝ ਆਵੇ ਜਾਂ ਨਾ ਪਰ ਅਜਿਹੇ ਹੋਸ਼ੇਪਣ ਤੋਂ ਇਨ੍ਹਾਂ ਨਿਰਮਾਣ ਘਰਾਂ ਦੀ ਆਪਸੀ ਧੜੇਬੰਦੀ ਜ਼ਰੂਰ ਝਲਕੀ।
ਨਤੀਜਨ ਇਕ-ਇਕ ਫ਼ਿਲਮ ਬਣਾਉਣ ਵਾਲੇ ਜਾਂ ਨਵੇਂ ਨਿਰਮਾਤਾ ਸੋਚੀਂ ਪੈ ਗਏ ਕਿ ਅਸੀਂ ਕਿੱਧਰ ਜਾਈਏ, ਕਿਸੇ ਦੀ ਫ਼ਿਲਮ ਤਿਆਰ ਪਈ ਸੀ, ਕਿਸੇ ਦੀ ਸ਼ੂਟਿੰਗ ਚੱਲ ਰਹੀ ਸੀ ਅਤੇ ਉਹ ਵੀ ਡੇਟਾਂ ਮਿੱਥ ਕੇ ਬੈਠੇ ਸਨ ਪਰ ਵੱਡੇ ਕਹੇ ਜਾਂਦੇ ਨਿਰਮਾਣ ਘਰਾਂ ਨੇ ਬਿਨ੍ਹਾਂ ਕਿਸੇ ਦੀ ਪਰਵਾਹ ਕੀਤਿਆਂ ਆਪਣੀਆਂ ਫ਼ਿਲਮਾਂ ਨੂੰ ਵੱਡੀਆਂ ਸਮਝ ਕੇ ਸਭ ਵਿਸ਼ੇਸ਼ ਮਹੀਨਿਆਂ ਅਤੇ ਦਿਨਾਂ ਦੀਆਂ ਤਰੀਕਾਂ ਮੱਲ ਲਈਆਂ, ਜਿਨ੍ਹਾਂ ਦੇ ਚੱਲਦਿਆਂ ਕਈ ਘੱਟ ਬਜਟ ਵਾਲੇ ਨਿਰਮਾਤਾਵਾਂ ਨੇ ਜਾਂ ਨਵਿਆਂ ਨੇ ਆਪਣੀਆਂ ਮਿੱਥੀਆਂ ਤਰੀਕਾਂ ਪੋਸਟਪੋਨ ਜਾਂ ਅੱਗੇ-ਪਿੱਛੇ ਕਰ ਲਈਆਂ ਅਤੇ ਕੁਝ ਨਿਰਮਾਤਾਵਾਂ ਨੇ ਮਜਬੂਰੀ ਵੱਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਾਲੇ ਸ਼ੁੱਕਰਵਾਰਾਂ ’ਤੇ ਆਪਣੀਆਂ ਫ਼ਿਲਮਾਂ ਰਿਲੀਜ਼ ਕਰਨ ਦਾ ਫੈਸਲਾ ਕਰ ਲਿਆ, ਜਿਨ੍ਹਾਂ ਦਿਨਾਂ ਵਿਚ ਕਿ ਪੰਜਾਬ ਵਿਚ ਜ਼ੋਰਦਾਰ ਠੰਡ ਹੋਣ ਕਰ ਕੇ ਕੋਈ ਵੱਡੀ ਫ਼ਿਲਮ ਰਿਲੀਜ਼ ਕਰਨ ਦਾ ਰਿਸਕ ਨਹੀਂ ਲੈਂਦਾ।
ਇਸ ਨਾਲ ਸਾਲ 2019 ਦੀ ਸ਼ੁਰੂਆਤ ਤਾਂ ਸਹੀ ਹੋ ਗਈ ਅਤੇ ਮਿੱਥੀਆਂ ਤਰੀਕਾਂ ’ਤੇ ਕੁਝ ਫ਼ਿਲਮਾਂ ਰਿਲੀਜ਼ ਵੀ ਹੋਈਆਂ ਪਰ ਜਦੋਂ ਉਨ੍ਹਾਂ ਦਿੱਗਜ਼ ਨਿਰਮਾਣ ਘਰਾਂ ਦੀਆਂ ਅਗਾਂਊ ਮਿੱਥੀਆਂ ਤਰੀਕਾਂ ਦੀ ਵਾਰੀ ਆਈ ਤਾਂ ਹਾਸੋਹੀਣੀ ਸਥਿਤੀ ਸਾਹਮਣੇ ਆਉਣ ਲੱਗੀ, ਜਿਸ ਤੋਂ ਉਨ੍ਹਾਂ ਵੱਲੋਂ ਅਨਾਊਂਸ ਫ਼ਿਲਮਾਂ ਦੀਆਂ ਰਿਲੀਜ਼ ਤਰੀਕਾਂ ਹੋਸ਼ੇਪਣ ਦੇ ਫੋਕੇ ਫੈਂਟਰਨ ਜਾਂ ਹਵਾਈ ਫੈਰ ਸਿੱਧ ਹੋਣ ਲੱਗੇ, ਕਿੳਂੁਕਿ ਉਨ੍ਹਾਂ ਦੀਆਂ ਫ਼ਿਲਮਾਂ ਦੀ ਕੋਈ ਤਿਆਰੀ ਅਜੇ ਤੱਕ ਸਹੀ ਰੂਪ ਵਿਚ ਸਾਹਮਣੇ ਨਹੀਂ ਆਈ, ਜਿਸ ਤੋਂ ਕੋਈ ਅੰਦਾਜ਼ਾ ਲਾਇਆ ਜਾ ਸਕੇ ਕਿ ਵਾਕਿਆ ਇਹ ਫ਼ਿਲਮ ਬਣ ਰਹੀ ਹੈ ਜਾਂ ਪ੍ਰਚਾਰ ਅਧੀਨ ਹੈ ਅਤੇ ਮਿੱਥੀ ਤਰੀਕ ਤੱਕ ਰਿਲੀਜ਼ ਹੋ ਸਕਦੀ ਹੈ। ਕੁਝ ਡੇਟਾਂ ਤਾਂ ਪਾਰ ਹੀ ਹੋ ਗਈਆਂ ਜਾਂ ਪਾਰ ਹੋਣ ਦੇ ਨੇੜੇ ਸਪਸ਼ੱਟ ਨਜ਼ਰ ਆ ਰਹੀਆਂ ਹਨ, ਜਿਸ ਕਾਰਨ ਉਹ ਲੋਕ ਪਛਤਾ ਰਹੇ ਹਨ, ਜਿਨ੍ਹਾਂ ਨੇ ਇਨ੍ਹਾਂ ਵੱਡੇ ਫ਼ਿਲਮ ਨਿਰਮਾਣ ਘਰਾਣਿਆਂ ਦੇ ਡਰੋਂ ਆਪਣੀਆਂ ਫ਼ਿਲਮਾਂ ਦੀਆਂ ਰਿਲੀਜ਼ ਤਰੀਕਾਂ ਅੱਗੇ-ਪਿੱਛੇ ਕਰ ਲਈਆਂ ਅਤੇ ਪੈਸਾ ਬਲਾਕ ਹੋਣ ਕਾਰਨ ਭਾਰੀ ਨੁਕਸਾਨ ਝੱਲ ਰਹੇ ਹਨ।
ਹੁਣ ਦੋਸਤੋ ਤੁਸੀਂ ਆਪ ਹੀ ਫੈਸਲਾ ਕਰੋ ਕਿ ਕੀ ਸਾਡਾ ਸਿਨੇਮਾ ਸਹੀ ਦਿਸ਼ਾ ਵੱਲ ਹੈ ਜਾਂ ਨਹੀਂ। ਫ਼ਿਲਮ ਨਿਰਮਾਣ ਇਕ ਕਿ੍ਰਏਟਿਵ ਕਾਰੋਬਾਰ ਹੈ, ਜਿਸ ਵਿਚ ਬੜੀ ਬਰੀਕੀ ਅਤੇ ਦੂਰ-ਅੰਦੇਸ਼ੀ ਨਾਲ ਕੰਮ ਲੈ ਕੇ ਦਰਸ਼ਕਾਂ ਤੱਕ ਨਵੀਂ ਸੋਚ ਪਹੁੰਚਾਉਣੀ ਹੁੰਦੀ ਹੈ, ਨਾ ਕਿ ਧਿਆਨ ਇਸ ਪਾਸੇ ਰੱਖਣਾ ਹੁੰਦਾ ਹੈ ਕਿ ਮੇਰੇ ਤੋਂ ਪਹਿਲਾਂ ਕੋਈ ਦੂਜਾ ਨਾ ਫ਼ਿਲਮ ਰਿਲੀਜ਼ ਕਰ ਜਾਵੇ, ਕਾਹਲੀ ਦੇ ਨਤੀਜੇ ਭੁਗਤਣ ਤੋਂ ਬਾਅਦ ਵੀ ਕਈ ਲੋਕ ਅਜੇ ਉਸੇ ਜਿੱਦ ਤੇ ਅੜੇ ਛੇਤੀ-ਛੇਤੀ ਫ਼ਿਲਮਾਂ ਬਣਾਈ ਜਾਂਦੇ ਹਨ, ਜਾਂ ਫਿਰ ਉਹ ਲੋਕ ਆਪਣਾ ਪੈਸਾ ਨਾ ਲਗਾ ਕੇ ਆਪਣੇ ਸਥਾਪਿਤ ਨਾਂਅ ਦਾ ਫਾਇਦਾ ਚੁੱਕਦੇ ਹੋਏ ਹੋਰਨਾਂ ਦਾ ਵੱਧ ਪੈਸਾ ਲਵਾ ਕੇ ਬਾਹਰੋ-ਬਾਹਰ ਕਮਾਈ ਕਰ ਰਹੇ ਹਨ ਅਤੇ ਜੇ ਅਜਿਹਾ ਹੀ ਹੈ ਤਾਂ ਫ਼ਿਲਮਾਂ ਵਿਚ ਕਿ੍ਰਏਟੀਵਿਟੀ ਆਵੇ ਜਾਂ ਨਾ, ਫ਼ਿਲਮ ਚੱਲੇ ਜਾਂ ਨਾ ਉਨ੍ਹਾਂ ਫ਼ਿਲਮ ਮੇਕਰਾਂ ਨੂੰ ਕੀ ਫ਼ਰਕ ਪੈਣਾ ?
ਆਖਰ ਵਿਚ ਇਹੀ ਕਹਾਂਗਾ ਕਿ ਬਾਲੀਵੱੁਡ ਜਾਂ ਹੋਰ ਸੂਬਿਆਂ ਦਾ ਸਿਨੇਮਾ ਜਿਸ ਦੀਆਂ ਅਸੀਂ ਉਦਾਹਰਨਾਂ ਦਿੰਦੇ ਹਾਂ, ਉਨ੍ਹਾਂ ਵਾਂਗ ਪੈ੍ਰਕਟੀਕਲ, ਸੰਜੀਦਾ ਅਤੇ ਸਿਨੇਮਾ ਨੂੰ ਸਮਰਪਿਤ ਹੋ ਕੇ ਕੰਮ ਕਰੀਏ।

dsਯਾਦ ਰਹੇ ਕਿ ਜੇ ਅਸੀਂ ਬੇਢੰਗੇ ਤਰੀਕੇ ਨਾਲ ਚੱਲਾਂਗੇ ਤਾਂ ਸਾਡਾ ਸਿਨੇਮਾ ਜ਼ਰੂਰ ਬਰਬਾਦੀ ਵੱਲ ਜਾਵੇਗਾ ਅਤੇ ਜਦੋਂ ਲੱਖਾਂ ਘਰ ਬੇਰੁਜ਼ਗਾਰੀ ਦਾ ਸ਼ਿਕਾਰ ਹੋਣਗੇ ਤਾਂ ਵਿਚਾਰੇ ਇਨ੍ਹਾਂ ਲੋਕਾਂ ਨੂੰ ਜ਼ਰੂਰ ਫ਼ਰਕ ਪਵੇਗਾ…ਜੋ ਸਹੀ ਰੂਪ ਵਿਚ ਸਿਨੇਮਾ ਨੂੰ ਸਮਰਪਿਤ ਹਨ।
ਇਸ ਲਈ ਅਸੀਂ ਅਪੀਲ ਹੀ ਕਰ ਸਕਦੇ ਹਾਂ ਕਿ ਸਿਨੇਮਾ ਨੂੰ ਸਿਨੇਮਾ ਹੀ ਰਹਿਣ ਦਿਓ, ਫ਼ਿਲਮੀਂ ਗੈਂਗਵਾਰ ਦਾ ਅਖਾੜਾ ਨਾ ਬਣਾਓ…..ਗੁਸਤਾਖ਼ੀ ਮਾਫ਼ !

Comments & Suggestions

Comments & Suggestions