ਫ਼ਿਲਮੋਂ ਫ਼ਿਲਮੀ ਹੋਇਆ ਪੰਜਾਬ

By  |  0 Comments

ਸੰਪਾਦਕ ਦੀ ਕਲਮ ਤੋਂ……   

ਗੱਲ ਤਾਂ ਖੁਸ਼ੀ ਦੀ ਹੈ ਕਿ ਇਸ ਵੇਲੇ ਪੰਜਾਬੀ ਸਿਨੇਮਾ ਭਰ ਜਵਾਨੀ ਵਾਲੀ ਉਮਰ ’ਚੋਂ ਲੰਘ ਰਿਹਾ ਏ, ਜਿਸ ਨਾਲ ਇਕ ਪਾਸੇ ਇਸ ਖੇਤਰ ਨਾਲ ਜੁੜੇ ਵਿਅਕਤੀਆਂ ਲਈ ਰੋਜ਼ਗਾਰ ਦੇ ਸਾਧਨਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਦੂਜੇ ਪਾਸੇ ਕਈ ਨਵੇਂ ਲੋਕ ਵੀ ਇਸ ਨਾਲ ਜੁੜ ਕੇ ਖੁਸ਼ਹਾਲ ਹੋਏ ਨਜ਼ਰ ਆ ਰਹੇ ਹਨ, ਭਾਵੇਂ ਉਹ ਤਕਨੀਕੀ ਖੇਤਰ ਹੋਵੇ, ਟੀ.ਵੀ ਚੈਨਲ ਹੋਣ, ਐਡਵਰਟਾਈਜ਼ਮੈਂਟ ਜਾਂ ਪੀ.ਆਰ. ਕੰਪਨੀਆਂ ਹੋਣ, ਜਾਂ ਹੋਰ ਕੋਈ ਵੀ ਵਿਅਕਤੀ ਜੋ ਫ਼ਿਲਮ ਲਾਈਨ ਨਾਲ ਜੁੜ ਕੇ ਆਪਣਾ ਕਾਰੋਬਾਰ ਚਲਾ ਰਿਹਾ ਹੈ। ਪੰਜਾਬੀ ਫ਼ਿਲਮ ਉਦਯੋਗ ਦੇ ਵਧਦੇ ਕਦਮਾਂ ਕਾਰਨ ਕਿੰਨੇ ਨਵਂੇ ਪੋਸਟ ਪੋ੍ਰਡਕਸ਼ਨ ਸਟੂਡੀਓ ਖੁੱਲ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਸ਼ਾਇਦ ਇਕ ਫ਼ਿਲਮ ਦਾ ਸਾਰੇ ਦਾ ਸਾਰਾ ਕੰਮ ਪੰਜਾਬ ਵਿਚ ਹੀ ਹੋਣ ਲੱਗ ਪਵੇਗਾ, ਕਿਸੇ ਨੂੰ ਵੀ ਮੁੰਬਈ ਜਾਣ ਦੀ ਲੋੜ ਨਹੀ ਪਵੇਗੀ, ਜਿਸ ਨਾਲ ਫ਼ਿਲਮ ਮੇਕਿੰਗ ਦੇ ਖਰਚਿਆਂ ਵਿਚ ਵੀ ਕਾਫ਼ੀ ਕਮੀ ਆਵੇਗੀ।
ਚਲੋ ਇਹ ਤਾਂ ਹੋਈ ਪੰਜਾਬੀ ਸਿਨੇਮਾ ਦੀ ਖੁਸ਼ਹਾਲੀ ਦੀ ਗੱਲ ਪਰ ਇਸ ਦੇ ਨਾਲ-ਨਾਲ ਹੁਣ ਤੋਂ ਹੀ ਇਹ ਵੀ ਸੋਚਣਾ ਪਵੇਗਾ ਕਿ ਇਸ ਦੀ ਖੁਸ਼ਹਾਲੀ ਨੂੰ ਬਰਕਰਾਰ ਕਿਵੇਂ ਰੱਖਣਾ ਹੈ, ਕਿਉਂ ਕਿ ਜਵਾਨੀ ਵੇਲੇ ਹਮੇਸ਼ਾ ਸਭ ਜੋਸ਼ ਤੋਂ ਹੀ ਕੰਮ ਲੈਂਦੇ ਨੇ ਪਰ ਅਸਲ ਫਾਇਦਾ ਤਾਂ ਹੋਸ਼ ਨਾਲ ਕੰਮ ਕਰ ਕੇ ਮਿਲਦਾ ਹੈ, ਚਾਹੇ ਕੋਈ ਵੀ ਕਾਰੋਬਾਰ ਹੋਵੇ ਅਤੇ ਜਿੱਥੋਂ ਤੱਕ ਸਿਨੇਮਾ ਕਾਰੋਬਾਰ ਦਾ ਸਬੰਧ ਹੈ ਇਹ ਤਾਂ ਹੈ ਹੀ ਮਹਿੰਗਾ ਕਾਰੋਬਾਰ, ਜਿਸ ਵਿਚ ਜ਼ਿਆਦਾ ਸੰਭਲ ਕੇ ਚੱਲਣ ਦੀ ਲੋੜ ਹੁੰਦੀ ਹੈ। ਅਸੀਂ ਸਭ ਨੇ ਕਈ ਲੋਕਾਂ ਦੀ ਉਮਰਾਂ ਦੀ ਕਮਾਈ ਰੁੜਦੀ ਵੇਖੀ ਹੈ ਇਸ ਲਾਈਨ ਵਿਚ।
‘ਪੰਜਾਬੀ ਸਕਰੀਨ ਅਦਾਰਾ’ ਫਿਰ ਵੀ ਹਮੇਸ਼ਾ ਤੋਂ ਇਸ ਕਾਰੋਬਾਰ ਦਾ ਮੁੱਦਈ ਰਿਹਾ ਹੈ, ਕਿੳੇੁਂ ਕਿ 100 ਸਾਲ ਦੇ ਇਤਿਹਾਸ ਵਿਚ ਸਭ ਤੋਂ ਵੱਧ ਵੱਧਣ-ਫੁੱਲਣ ਵਾਲਾ ਕਾਰੋਬਾਰ ਵੀ ਇਹੋ ਸਾਬਤ ਹੋਇਆ ਹੈ, ਬਸ ਵੱਧ ਤੋਂ ਵੱਧ ਸਿਆਣਪ ਨਾਲ ਚੱਲਣ ਦੀ ਲੋੜ ਹੈ।
ਜੇ ਅੱਜ ਦੇ ਪੰਜਾਬੀ ਸਿਨੇਮਾ ਦੀ ਗੱਲ ਕਰੀਏ ਤਾਂ ਤਰੱਕੀਸ਼ੁਦਾ ਹੁੰਦਾ ਹੋਇਆ ਵੀ ਅਜੇ ਹੋਰ ਸੂਬਿਆਂ ਵਾਂਗ ਵੱਖ-ਵੱਖ ਵਿਸ਼ਿਆਂ ਅਤੇ ਗੁਣਵਤਾ ਪੱਖੋਂ ਉਸ ਸਟੇਜ ’ਤੇ ਨਹੀਂ ਪਹੁੰਚਿਆ, ਜਿਸ ਨੂੰ ਕਿ ਰੀਅਲ ਸਿਨੇਮਾ ਦਾ ਨਾਂਅ ਦਿੱਤਾ ਜਾਂਦਾ ਹੈ। ਅੱਜ ਕੱਲ੍ਹ ਜਿਸ ਤਰ੍ਹਾਂ ਪੰਜਾਬ ਵਿਚ ਧੜਾ-ਧੜ ਫ਼ਿਲਮਾਂ ਐਲਾਨੀਆਂ ਜਾ ਰਹੀਆਂ ਹਨ, ਬਣ ਰਹੀਆਂ ਹਨ, ਜਾਂ ਰਿਲੀਜ਼ ਲਈ ਤਿਆਰ ਹਨ, ਮੈਨੂੰ ਨਹੀਂ ਲੱਗਦਾ ਕਿ ਸਭ ਕੁਝ ਪੂਰੀ ਤਰ੍ਹਾਂ ਸੋਚ-ਸਮਝ ਕੇ ਹੋ ਰਿਹਾ ਹੈ, ਕਿਉਂ ਕਿ ਨਾ ਤਾਂ ਕੋਈ ਨਵੇਂ ਸਬਜੈਕਟ ਸਾਹਮਣੇ ਆ ਰਹੇ ਹਨ, ਨਾ ਹੀ ਨਿਰਦੇਸ਼ਨ ਪੱਖੋਂ ਫ਼ਿਲਮਾਂ ਏਨੀਆਂ ਮਜਬੂਤ ਬਣ ਰਹੀਆਂ ਹਨ, ਨਾ ਚੱਲ ਰਹੀਆਂ ਹਨ ਤੇ ਨਾ ਹੀ ਬਹੁਤ ਜ਼ਿਆਦਾ ਨਵੇਂ ਚਿਹਰੇ ਨਜ਼ਰ ਆ ਰਹੇ ਹਨ, ਘੁੰਮ-ਫਿਰ ਕੇ ਉਹੀ ਚਿਹਰੇ, ਉਹੀ ਘਿਸੇ-ਪਿਟੇ ਜਾਂ ਕਾਪੀ ਕੀਤੇ ਵਿਸ਼ਿਆਂ ’ਤੇ ਫ਼ਿਲਮਾਂ ਬਣ ਰਹੀਆਂ ਹਨ। ਜੇ ਇਕ ਸਬਜੈਕਟ ’ਤੇ ਫ਼ਿਲਮ ਚੱਲ ਗਈ ਤਾਂ ਸਾਰੇ ਉਸੇ ਪਿੱਛੇ ਲੱਗ ਤੁਰਦੇ ਹਨ। ਜੇ ‘ਲਵ ਪੰਜਾਬ’ ਚੱਲੀ ਤਾਂ ਬਸ ਪੁਰਾਣਾ ਪੰਜਾਬ ਹਰ ਪਾਸੇ, ਜੇ ਪੁਰਾਣੇ ਵਿਆਹਾਂ ਦੇ ਰੀਤੀ-ਰਿਵਾਜਾਂ ਦੀ ਫ਼ਿਲਮ ‘ਮੰਜੇ ਬਿਸਤਰੇ’ ਚੱਲ ਗਈ ਤਾਂ ਸਾਰੀ ਇੰਡਸਟਰੀ ਵਿਆਹ ਕਰਵਾਉਣ ਤੁਰ ਪਈ। ਬਾਕੀ ਭੰਡਨੁਮਾ ਗ਼ੈਰ ਮਿਆਰੀ ਕਮੇਡੀ ਨੇ ਤਾਂ ਅੱਗੇ ਹੀ ਕੋਈ ਕਸਰ ਨਹੀਂ ਛੱਡੀ ਫ਼ਿਲਮੀ ਸੱਭਿਆਚਾਰ ਨੂੰ ਖ਼ਤਮ ਕਰਨ ਵਿਚ ਪਰ ਇਹ ਸਭ ਜ਼ਿਆਦਾ ਦੇਰ ਚੱਲਣ ਵਾਲਾ ਨਹੀਂ, ਫ਼ਿਲਮਾਂ ਦੀ ਗਿਣਤੀ ਨਹੀਂ, ਗੁਣਵਤਾ ਹੀ ਸਿਨੇਮਾ ਨੂੰ ਅੱਗੇ ਲੈ ਕੇ ਜਾਏਗੀ।
ਹਰ ਸਾਲ 40-45 ਪੰਜਾਬੀ ਫ਼ਿਲਮਾਂ ’ਚੋਂ ਸਿਰਫ਼ 4/5 ਹੀ ਪੈਸੇ ਪੂਰੇ ਕਰਦੀਆਂ ਜਾਂ ਕਮਾਉਂਦੀਆਂ ਨੇ, ਇਹ ਗੱਲ ਸਭ ਨੂੰ ਪਤਾ ਹੈ ਪਰ ਫੇਰ ਵੀ ਨਾ ਜਾਣੇ ਕਿਉਂ ਬਿਨਾ ਸੋਚੇ-ਸਮਝੇ ਧੜਾ-ਧੜ ਫ਼ਿਲਮਾਂ ਦਾ ਨਿਰਮਾਣ ਹੋ ਰਿਹਾ ਹੈ। ਆਖਰ ਕੋਣ ਵੇਖੇਗਾ ਹਰ ਹਫ਼ਤੇ ਦੋ-ਦੋ ਪੰਜਾਬੀ ਫ਼ਿਲਮਾਂ, ਜਦ ਕਿ ਲੋਕਾਂ ਕੋਲ ਹੋਰ ਵੀ ਮਿਆਰੀ ਹਿੰਦੀ-ਅੰਗਰੇਜ਼ੀ ਫ਼ਿਲਮਾਂ ਵੇਖਣ ਦਾ ਵਿਕਲਪ ਹਰ ਵੇਲੇ ਮੌਜੂਦ ਰਹਿੰਦਾ ਹੈ ਅਤੇ ਹਰ ਬੰਦੇ ਦੀ ਜੇਬ ਵੀ ਇਜਾਜ਼ਤ ਨਹੀਂ ਦਿੰਦੀ ਇੰਨੀਆਂ ਫ਼ਿਲਮਾਂ ਵੇਖਣ ਲਈ। ਕੋਈ ਵੀ ਪੰਜਾਬੀ ਫ਼ਿਲਮ ਜਦ ਤੱਕ ਘੱਟ ਤੋਂ ਘੱਟ 15 ਦਿਨ ਸਿਨੇਮਾ ਘਰ ਵਿਚ ਨਹੀਂ ਟਿਕੇਗੀ, ਤਦ ਤੱਕ ਉਸ ਦੇ ਕਮਾਈ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।
ਉਪਰੋਕਤ ਚਲਣ ਕਾਰਨ ਬੀਤੇ ਦਿਨੀਂ ਕਈ ਮਿਆਰੀ ਪੰਜਾਬੀ ਫ਼ਿਲਮਾਂ ਮੂਧੇ-ਮੂੰਹ ਡਿੱਗ ਚੁੱਕੀਆਂ ਹਨ, ਜਿਸ ਨਾਲ ਵਧੀਆ ਫ਼ਿਲਮਾਂ ਬਣਾਉਣ ਦੀ ਸੋਚ ਰੱਖਣ ਵਾਲਿਆਂ ਦੇ ਹੌਸਲੇ ਟੁੱਟੇ ਹਨ। ਕਈ ਵਧੀਆ ਕਲਾਕਾਰ ਵੀ ਅਜੇ ਤੱਕ ਨੱੁਕਰੇ ਲੱਗੇ ਬੈਠੇ ਹਨ।
ਉੱਪਰੋਂ ਅਸੀਂ ਫ਼ਿਲਮਾਂ ਦਾ ਬਜਟ ਵੀ ਨਜਾਇਜ਼ ਵਧਾਈ ਬੈਠੇ ਹਾਂ, ਜਿਸ ਨਾਲ ਚੰਦ ਲੋਕਾਂ ਨੂੰ ਤਾਂ ਫਾਇਦਾ ਹੋ ਰਿਹਾ ਹੈ ਪਰ ਸਭ ਦਾ ਅੰਨਦਾਤਾ-ਨਿਰਮਾਤਾ ਉੱਜੜ ਰਿਹਾ ਹੈ, ਜਿਸ ਨੂੰ ਬਚਾਉਣ ਦੀ ਬੇਹੱਦ ਲੋੜ ਹੈ। ਕਿਤੇ ਨਾ ਕਿਤੇ ਉਹ ਖ਼ੁਦ ਵੀ ਸਿਨੇਮਾ ਦੀ ਜਵਾਨੀ ਦੇ ਜੋਸ਼ ਦਾ ਸ਼ਿਕਾਰ ਹੈ, ਉਸ ਨੂੰ ਵੀ ਸਮਝਾਉਣ ਦੀ ਲੋੜ ਹੈ ਕਿ ਸੰਭਲ ਕੇ ਸੋਚ-ਸਮਝ ਕੇ ਪੈਰ ਪੁੱਟੇ।
ਕੁਝ ਫ਼ਿਲਮੀ ਘਰਾਣਿਆਂ ਦੀ ਆਪਸੀ ਧੜੇਬੰਦੀ ਵੀ ਅੰਦਰੋਂ-ਅੰਦਰ ਵਧੀਆ ਸਿਨੇਮਾ ਨੂੰ ਨੁਕਸਾਨ ਪਹੁੰਚਾ ਰਹੀ ਹੈ ਅਤੇ ਕੁਝ ਵੱਡੇ ਫ਼ਿਲਮੀ ਕਾਰੋਬਾਰੀਆਂ ਦੀ ਮਨੋਪਲੀ ਕਾਰਨ ਨਵੇਂ ਨਿਰਮਾਤਾਵਾਂ ਦਾ ਬੁਰੀ ਤਰ੍ਹਾਂ ਸ਼ੋਸ਼ਣ ਵੀ ਹੋ ਰਿਹਾ ਹੈ।
ਜੇ ਇੰਨਾਂ ਸਭ ਗੱਲਾਂ ਵਿਚ ਸੁਧਾਰ ਨਾ ਲਿਆਂਦਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਬਹੁਤ ਵੱਡਾ ਖਮਿਆਜਾ ਵੀ ਭੁਗਤਣਾ ਪੈ ਸਕਦਾ ਹੈ ਇਸ ਖੇਤਰ ਨਾਲ ਜੁੜੇ ਸਭ ਵਿਅਕਤੀਆਂ ਨੁੂੰ। ਇਹ ਗੱਲ ਗੰਭੀਰਤਾ ਨਾਲ ਸੋਚਣ-ਸਮਝਣ ਅਤੇ ਵਿਚਾਰਨ ਦੀ ਲੋੜ ਹੈ ਸਭ ਨੂੰ….

-ਦਲਜੀਤ ਸਿੰਘ ਅਰੋੜਾ

Comments & Suggestions

Comments & Suggestions