ਅਲਵਿਦਾ ! ਸੁਰਿੰਦਰ ਛਿੰਦਾ ਜੀ

By  |  0 Comments

ਪੰਜਾਬੀ ਲੋਕ ਮੌਸੀਕੀ ਦੇ ਖ਼ੇਤਰ ਵਿੱਚ ਹਿੱਕ ਦੇ ਜ਼ੋਰ ਤੇ ਗਾਉਣ ਵਾਲਾ ਮਾਲਵੇ ਦਾ ਮਸ਼ਹੂਰ ਗਵੱਈਆ ਸੁਰਿੰਦਰ ਛਿੰਦਾ ਇਸ ਫਾਨੀ ਦੁਨੀਆ ਨੂੰ ਸਦੀਵੀ ਅਲਵਿਦਾ ਆਖ ਗਿਆ। ਉਹ ਪਿਛਲੇ ਕੁੱਝ ਦਿਨਾਂ ਤੋਂ ਤਬੀਅਤ ਦੇ ਨਾਸਾਜ਼ ਚੱਲਦਿਆਂ ਲੁਧਿਆਣਾ ਦੇ ਡੀ. ਐੱਮ. ਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ।

ਸੁਰਿੰਦਰ ਛਿੰਦਾ ਦੀ ਲੋਕ ਗਾਇਕੀ ਦਾ ਆਗਾਜ਼ 70 ਦੇ ਦਹਾਕੇ ਵਿੱਚ ਹੋਇਆ।

EP RECORD: (1977) ਸੁਰਿੰਦਰ ਛਿੰਦਾ ਦਾ ਪਹਿਲਾ ਈ. ਪੀ. ਰਿਕਾਰਡ ‘ਉੱਚਾ ਬੁਰਜ ਲਾਹੌਰ ਦਾ’ (7EPE 2023) ਦਾ EMI ਗਰਾਮੋਫ਼ੋਨ ਕੰਪਨੀ ਵੱਲੋਂ 1977 ਵਿੱਚ ਜਾਰੀ ਹੋਇਆ ਸੀ, ਜਿਸ ਦਾ ਸੰਗੀਤ ਰਾਮ ਸਰਨ ਦਾਸ ਅਤੇ ਗੀਤ ਦੇਵ ਥਰੀਕਵਾਲੇ (ਹਰਦੇਵ ਸਿੰਘ ਦਿਲਗੀਰ) ਨੇ ਲਿਖੇ ਸਨ। ਇਸ ਰਿਕਾਰਡ ਵਿੱਚ 4 ਲੋਕ ਗਾਥਾਵਾਂ ‘ਰਾਣੀ ਇੱਛਰਾਂ’, ‘ਦਾਹੂਦ ਬਾਦਸ਼ਾਹ’ ਅਤੇ ਦੂਸਰੀ ਸਾਈਡ ਤੇ ‘ਰੂਪ ਬਸੰਤ’ ਤੇ ‘ਹੀਰ ਦੀ ਕਲੀ’ ਸ਼ਾਮਿਲ ਸਨ।

LP RECORD: (1978) ਸੁਰਿੰਦਰ ਛਿੰਦਾ ਦਾ ਪਹਿਲਾ ਐੱਲ. ਪੀ. ਰਿਕਾਰਡ ‘ਨੈਣਾਂ ਦੇ ਵਣਜਾਰੇ’ (ECSD 3017) ਰਿਕਾਰਡ ਕੀਤਾ। ਮਾਰੂਫ਼ ਸੰਗੀਤਕਾਰ ਚਰਨਜੀਤ ਅਹੂਜਾ ਦੇ ਸੰਗੀਤ ਵਿੱਚ ਛਿੰਦੇ ਨੇ ਹਰਦੇਵ ਦਿਲਗੀਰ, ਪ੍ਰੋਫੈਸਰ ਸ਼ਮਸ਼ੇਰ ਸਿੰਘ ਸੰਧੂ, ਜੱਗਾ ਸਿੰਘ ਗਿੱਲ ਦੇ ਲਿਖੇ 12 ਲੋਕ ਤੱਥਾਂ ‘ਸੱਸੀ’, ‘ਜਾਨੀ ਚੋਰ’, ‘ਹੀਰ ਦੀ ਕਲੀ’, ‘ਸੋਹਣੀ ਦਾ ਘੜਾ’, ‘ਕਹਿਰ ਸਿੰਘ ਦੀ ਮੌਤ’, ‘ਸਾਹਿਬਾਂ ਦੀ ਕਲੀ’, ‘ਕਿਸਨਾ ਡੋਗਰ’, ‘ਦੁੱਲਾ ਤੇ ਮਹਿਰੂ ਪੋਸਤੀ’, ‘ਰਾਜਾ ਪ੍ਰਿਥੀ ਸਿੰਘ ਅਤੇ ਰਾਣੀ ਕਿਰਨ ਮਾਈ’ ਨੂੰ ਆਪਣੀ ਦਮਦਾਰ ਆਵਾਜ਼ ਵਿੱਚ ਕਰ ਕੇ ਆਪਣੀ ਪਛਾਣ ਮਜਬੂਤ ਕਰ ਲਈ ਸੀ।

1981 ਵਿੱਚ EMI ਕੰਪਨੀ ਵੱਲੋਂ ਰਿਲੀਜ਼ਸ਼ੁਦਾ ਗਰਾਮੋਫ਼ੋਨ ਰਿਕਾਰਡ ‘ਜਿਉਣਾ ਮੌੜ’ (ECSD 3050) ਨੇ ਸੁਰਿੰਦਰ ਸ਼ਿੰਦਾ ਨੂੰ ਸਫ਼ਲਤਾ ਦੇ ਸਿਖ਼ਰ ਉੱਤੇ ਬਿਠਾ ਦਿੱਤਾ ਸੀ। ਇਸ ਰਿਕਾਰਡ ਨੇ ਹੱਦ ਦਰਜਾ ਮਕਬੂਲੀਅਤ ਹਾਸਿਲ ਕੀਤੀ ਅਤੇ ਸੁਰਿੰਦਰ ਛਿੰਦੇ ਦਾ ਨਾਮ ਹਰ ਇਕ ਦੀ ਜ਼ੁਬਾਨ ਉੱਤੇ ਸੀ।

ਲੋਕ ਗਾਇਕੀ ਦੇ ਨਾਲ-ਨਾਲ ਸੁਰਿੰਦਰ ਛਿੰਦਾ ਨੇ ਪੰਜਾਬੀ ਫ਼ੀਚਰ ਫ਼ਿਲਮਾਂ ਵਿੱਚ ਵੀ ਗੀਤ ਗਾਏ ਅਤੇ ਅਦਾਕਾਰੀ ਕੀਤੀ। 80 ਦੇ ਦਹਾਕੇ ਦੀ ਇਬਤਦਾ ਵਿੱਚ ਛਿੰਦੇ ਦੀ ਪੰਜਾਬੀ ਫ਼ਿਲਮਾਂ ਵਿੱਚ ਆਮਦ ਹੋਈ। ਜਦੋਂ ਦਵਿੰਦਰ ਸਿੰਘ ਗਿੱਲ (ਭਰਾ ਗੁੱਗੂ ਗਿੱਲ) ਨੇ ਸਵਰਨ ਸਿੰਘ ਲਾਂਬਾ ਅਤੇ ਬਲਦੇਵ ਖੋਸਾ (ਅਦਾਕਾਰ) ਦੇ ਸਾਂਝੇ ਸਹਿਯੋਗ ਨਾਲ ਆਪਣੇ ਫ਼ਿਲਮਸਾਜ਼ ਅਦਾਰੇ ਗਿੱਲ ਆਰਟਸ, ਬੰਬੇ ਦੇ ਬੈਨਰ ਹੇਠ ਜਗਜੀਤ ਸਿੰਘ ਚੂਹੜ ਚੱਕ ਦੀ ਹਿਦਾਇਤਕਾਰੀ ਹੇਠ ਪਹਿਲੀ ਐਕਸ਼ਨ ਪੰਜਾਬੀ ਫ਼ੀਚਰ ਫ਼ਿਲਮ ‘ਪੁੱਤ ਜੱਟਾਂ ਦੇ’ (1983) ਦੇ ਬਣਾਈ ਤਾਂ ਸੁਰਿੰਦਰ ਛਿੰਦੇ ਨੂੰ ਪਹਿਲੀ ਵਾਰ ਬਤੌਰ ਸੰਗੀਤਕਾਰ , ਗੁਲੂਕਾਰ ਅਤੇ ਸਾਥੀ ਅਦਾਕਾਰ ਵਜੋਂ ਪੇਸ਼ ਕੀਤਾ। ਇਸ ਫਿਲਮ ਦੇ 4 ਗੀਤਾਂ ਦੇ ਸੰਗੀਤਕਾਰ ਮੋਹਿੰਦਰਜੀਤ ਸਿੰਘ ਸਨ ਜਦਕਿ ਬਾਕੀ ਗੀਤਾਂ ਦਾ ਸੰਗੀਤ ਸੁਰਿੰਦਰ ਛਿੰਦੇ ਨੇ ਤਾਮੀਰ ਕੀਤਾ ਸੀ। ਇਸ ਫ਼ਿਲਮ ‘ਚ ਛਿੰਦੇ ਨੇ ਦੇਵ ਥਰੀਕੇਵਾਲੇ ਦੀ ਅਮਰ ਰਚਨਾ ‘ਜਿਉਣਾ ਮੌੜ’ ਯਾਨੀ ‘ਕਾਲੇ ਪਾਣੀਓ ਮੌੜ ਨੂੰ ਖ਼ਤ ਕਿਸ਼ਨੇ ਪਾਇਆ’ ਦੇ ਨਾਲ-ਨਾਲ ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’ (ਨਾਲ ਅਮਰ ਸਿੰਘ ਚਮਕੀਲਾ ਤੇ ਕੁਲਦੀਪ ਪਾਰਸ) ਗਾ ਕੇ ਪੰਜਾਬੀ ਫ਼ਿਲਮ ਸਨਅਤ ਵਿੱਚ ਵੀ ਆਪਣੀ ਪੁਖ਼ਤਾ ਸ਼ਨਾਖ਼ਤ ਕਾਇਮ ਕਰ ਲਈ ਸੀ। ਇਸ ਬਾਅਦ ਤੋਂ ਸੁਰਿੰਦਰ ਛਿੰਦੇ ਨੇ ਅਨੇਕਾਂ ਸੁਪਰਹਿੱਟ ਪੰਜਾਬੀ ਫ਼ੀਚਰ ਫ਼ਿਲਮਾਂ ‘ਚ ਸਾਥੀ ਅਦਾਕਾਰ ਦਾ ਕਿਰਦਾਰ ਨਿਭਾਉਣ ਦੇ ਨਾਲ-ਨਾਲ ਗੀਤ ਵੀ ਗਾਏ ਅਤੇ ਸੰਗੀਤ ਵੀ ਦਿੱਤਾ।

ਬਤੌਰ ਹੀਰੋ ਸੁਰਿੰਦਰ ਛਿੰਦਾ ਨੇ ਸਿਰਫ਼ ਇੱਕੋ ਪੰਜਾਬੀ ਫਿਲਮ ‘ਜੱਟ ਵਲੈਤੀ’ (1992) ਵਿੱਚ ਅਦਾਕਾਰੀ ਕੀਤੀ। ਉਨ੍ਹਾਂ ਨੇ ਇਸ ਫ਼ਿਲਮ ਦਾ ਸੰਗੀਤ ਦੇਣ ਦੇ ਨਾਲ ਗੀਤ ਵੀ ਗਾਏ ਸਨ।

ਬੇਸ਼ੱਕ ਸੁਰਿੰਦਰ ਛਿੰਦਾ ਜੀ ਅੱਜ ਸਰੀਰਕ ਤੌਰ ਸਾਡੇ ਦਰਮਿਆਨ ਮੌਜੂਦ ਨਹੀਂ ਹਨ ਪਰ ਉਹ ਆਪਣੀ ਪੰਜਾਬੀ ਲੋਕ ਗਾਇਕੀ ਤੇ ਫ਼ਿਲਮ ਗਾਇਕੀ ਦੇ ਤੁਫ਼ੈਲ ਹਮੇਸ਼ਾ ਅਮਰ ਰਹਿਣਗੇ। ਉਨ੍ਹਾਂ ਦੀ ਬੁਲੰਦ ਆਵਾਜ਼ ਹਮੇਸ਼ਾ ਪੰਜਾਬ ਦੀਆਂ ਫ਼ਿਜ਼ਾਵਾਂ ਵਿੱਚ ਗੂੰਜਦੀ ਰਹੂਗੀ।

-ਮਨਦੀਪ ਸਿੰਘ ਸਿੱਧੂ, ਪਟਿਆਲਾ

Comments & Suggestions

Comments & Suggestions