ਫ਼ਿਲਮ ਸਮੀਖਿਆ / Film Review ਕਲਾਕਾਰਾਂ ਦੀ ਅਸਲ ਅਦਾਕਾਰੀ ਦਾ ਨਜ਼ਾਰਾ ਪੇਸ਼ ਕਰਦੀ ਹੈ “ਮੋਹ” -ਦਲਜੀਤ ਅਰੋੜਾ

By  |  0 Comments

ਵਿਸ਼ਾ

ਵਿਸ਼ਾ ਭਾਂਵੇ ਫ਼ਿਲਮ ਦਾ ਸਮਾਜਿਕ ਪਖੋਂ ਸਰਭ ਪ੍ਰਵਾਨਤ ਨਹੀਂ ਮੰਨਿਆ ਜਾ ਸਕਦਾ ਅਤੇ ਨਾ ਹੀ ਨਵਾਂ ਹੈ ਪਰ ਹੈ ਸਾਡੇ ਹੀ ਲੁਕਵੇਂ ਸਮਾਜ ਦਾ ਹਿੱਸਾ, ਇਸ ਲਈ ਇਸ ਫਿ਼ਲਮ ਨੂੰ ਪੰਜਾਬੀ ਸਿਨੇਮਾ ਲਈ ਐਕਸਪੈਰੀਮੈਂਟਲ ਅਤੇ ਆਫ ਬੀਟ ਜੌਨਰ ਵਾਲੀ ਫ਼ਿਲਮ ਕਹਿਣ ਵਿਚ ਕੋਈ ਹਰਜ਼ ਨਹੀਂ ।

ਕਹਾਣੀ ਅਤੇ ਨਿਰਦੇਸ਼ਨ ਪੱਖ

‼️ਫਿ਼ਲਮ ਭਾਵੇ ਓਵਰਆਲ ਵਧੀਆ ਕੈਟਾਗਰੀ ਦੀ ਫ਼ਿਲਮ ਹੈ ਪਰ ਫਿਰ ਵੀ ਇਸ ਦੀ ਸਮੀਖਿਆ ਸਿਰਫ ਜਜ਼ਬਾਤੀ ਪੱਖ ਤੋਂ ਨਹੀਂ ਕੀਤੀ ਜਾ ਸਕਦੀ। ਫ਼ਿਲਮ ਲਈ ਘੜੇ ਗਏ ਵਿਸ਼ੇ, ਕਹਾਣੀ ਤੇ ਸੰਵਾਦਾਂ ਮੁਤਾਬਕ ਉਸ ਦੀ ਪਿੱਠ ਭੂਮੀ ਦਾ ਵੀ ਲੇਖਕ-ਨਿਰਦੇਸ਼ਕ ਵਲੋਂ ਖਿਆਲ ਰੱਖਣਾ ਬਣਦਾ ਹੈ, ਕਿ ਢੁਕਵੀਂ ਹੈ ਕਿ ਨਹੀਂ।
‼️ਇਸ ਫ਼ਿਲਮ ਦੀ ਕਹਾਣੀ ਨਾਨਕੇ ਪਿੰਡ ਆ ਕੇ ਰਹਿੰਦੇ ਪੜ੍ਹਦੇ ਸਕੂਲੀ ਜਵਾਨ ਮੁੰਡੇ ਦਾ ਉਸੇ ਪਿੰਡ ਦੀ ਵਿਆਹੀ ਔਰਤ ਨਾਲ ਮੋਹ ਅਤੇ ਬਾਅਦ ਵਿਚ ਆਸ਼ਕਬਾਜ਼ੀ ਪਿੰਡ ਦੀ ਹੀ ਪਿੱਠ ਭੂਮੀ ਤੇ ਦਿਖਾਈ ਗਈ ਹੈ। ਇੱਕੋ ਹੀ ਪਿੰਡ ਦੇ ਹੀਰੋ ਮੁੰਡੇ ਅਤੇ ਔਰਤ ਦੇ ਨਾਲ ਨਾਲ ਹੀਰੋ ਦੇ ਕੁਝ ਯਾਰ-ਦੋਸਤ ਵੀ ਵਿਖਾਏ ਗਏ ਹਨ ਜੋ ਉਸ ਔਰਤ (ਪਿੰਡ ਦੀ ਨੂੰਹ) ਨੂੰ ਫਸਾ ਕੇ ਬਦਨੀਤੀ ਵਾਲੀ ਸਾਂਝੀ ਦੋਸਤ ਵਾਂਗੂ ਰੱਖਣ ਦਾ ਸੰਕਲਪ ਲੈਂਦੇ ਹਨ।ਉਸੇ ਸੀਨ ਵਿਚ ਕਲਾਕਾਰਾਂ ਵਲੋਂ ਬੋਲੇ ਸੰਵਾਦ ਵੱਡੇ ਅਤੇ ਪੰਜਾਬੀ ਪਰਦੇ ਮੁਤਾਬਕ ਠੀਕ ਨਹੀਂ ਹਨ। ਸੰਵਾਦ ਲੇਖਕ (ਸ਼ਿਵ ਤਰਸੇਮ, ਗੋਵਿੰਦ ਸਿੰਘ ਅਤੇ ਜਗਦੀਪ ਸਿੱਧੂ ਲਿਖਤ) ਔਰਤਾਂ ਨੂੰ ਡੀ ਗ੍ਰੇਡ ਕਰਦੇ ਇਹਨਾਂ ਸੰਵਾਦਾ ਦੀ ਬਜਾਏ ਸਿੰਬੋਲਿਕ ਢੰਗ ਵਰਤਣਾ ਬਣਦਾ ਸੀ।
ਭਾਵੇਂ ਕਿ ਕਹਾਣੀ ਬਾਅਦ ਵਿਚ ਹੋਰ ਵੀ ਕਈ ਰੂਪ ਧਾਰਨ ਕਰਦੀ ਹੈ ਪਰ ਮੁਢਲੇ ਤੋਰ ਤੇ ਸਾਰੀ ਫ਼ਿਲਮ ਵਿਚ ਹੀਰੋ-ਹੀਰੋਈਨ ਦੀ ਆਪਣੇ ਹੀ ਪਿੰਡ ਵਿਚ ਆਸ਼ਕਬਾਜ਼ੀ ਸ਼ਰੇਆਮ ਚਲਦੀ ਵਿਖਾਈ ਹੈ ਤੇ ਦੋਨਾਂ ਨੂੰ ਪਿੰਡ ਵਿਚਲੇ ਸ਼ਰੀਕਾਂ ਵਾਂਗ ਸਾਂਝੀ ਕੰਧ ਵਾਲੇ ਵਿਖਾਇਆ ਹੈ। ਭਾਵੇਂ ਮੁੰਡਾ ਕਿਸੇ ਦੂਜੀ ਥਾਂ ਤੋਂ ਹੀ ਆ ਕੇ ਕਿਓਂ ਨਾ ਪੜਦਾ ਹੋਵੇ ਪਰ ਬਿਨਾਂ ਰੋਕ ਟੋਕ ਇਕ ਦੂਜੇ ਦੇ ਰੋਜ਼ ਕੋਠੇ ਟੱਪਣੇ ਤੇ ਮੇਲ ਮਿਲਾਪ ਸਮੇਤ ਉਪਰੋਕਤ ਗੱਲਾਂ, ਕਿਸੇ ਪਿੰਡ ਦਾ ਸਮਾਜਿਕ ਕਲਚਰ ਨਹੀਂ ਹੋ ਸਕਦਾ। ਫਿਰ ਨਾ ਹੀ ਕੋਈ ਪਿੰਡ ਦਾ ਪੰਚ-ਸਰਪੰਚ, ਨਾ ਕੋਈ ਹੋਰ ਪਿੰਡ ਵਾਸੀ ਵਿਖਾਉਣਾ, ਸਿਵਾ ਫ਼ਿਲਮ ਵਿਚਲੇ ਕਿਰਦਾਰਾਂ ਤੇ ਉਹਨਾ ਦੇ ਘਰਾਂ ਤੋਂ, ਬਹੁਤ ਅਜੀਬ ਲੱਗਦਾ ਹੈ।

ਬਾਕੀ ਫਿ਼ਲਮ ਦੀ ਸ਼ਿਵ ਤਰਸੇਮ ਅਤੇ ਗੋਵਿੰਦ ਸਿੰਘ ਵਲੋਂ ਲਿਖੀ ਕਹਾਣੀ ਦਾ ਤਾਣਾ-ਬਾਣਾ ਕਾਫੀ ਹੱਦ ਤੱਕ ਵਧੀਆ ਬੁਣਿਆ ਗਿਆ ਹੈ। ਫ਼ਿਲਮ ਵਧੀਆ ਢੰਗ ਨਾਲ ਹੋਲੀ ਹੋਲੀ ਅੱਗੇ ਵਧਦੀ ਹੈ ਤੇ ਕਿਤੇ ਕਿਤੇ ਥਕਾਉਂਦੀ ਵੀ ਹੈ। ਫ਼ਿਲਮ ਦਾ ਨਿਰਦੇਸ਼ਨ ਪੱਖ ਮਜਬੂਤ ਹੈ, ਪਰ ਮਾੜੇ ਸੰਵਾਦਾ ਦੇ ਰੱਖਣ ਜਾਂ ਕੱਟਣ ਦੀ ਜਿੰਮੇਵਾਰੀ ਤੇ ਜਵਾਬਦੇਹੀ ਵੀ ਨਿਰਦੇਸ਼ਕ ਦੀ ਹੀ ਹੁੰਦੀ ਹੈ।
ਖੈਰ ਨਵੇਂ-ਪੁਰਾਣੇ ਕਲਾਕਾਰਾਂ ਕੋਲੋ ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਲਿਆ ਗਿਆ ਕੰਮ ਵੀ ਬੇਹਦ ਕਾਬਿਲੇ ਤਾਰੀਫ ਹੈ।

ਅਦਾਕਾਰੀ ਪੱਖ

ਹੁਣ ਜੇ ਫ਼ਿਲਮ ਵਿਚਲੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਜਿਸ ਢੰਗ ਨਾਲ ਉਹਨਾਂ ਨੇ ਆਪੋ ਆਪਣੇ ਕਿਰਦਾਰਾਂ ਵਿਚ ਪੂਰੀ ਤਰਾਂ ਢਲ ਕੇ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ ਹਨ ਇਸ ਨੂੰ ਅਸਲ ਅਦਾਕਾਰਾਂ ਵਾਲੀ ਫ਼ਿਲਮ ਦੇ ਨਾਮ ਨਾਲ ਹੀ ਨਿਵਾਜਿਆ ਜਾਣਾ ਬਣਦਾ ਹੈ। ਆਮ ਤੌਰ ਤੇ ਸਾਡੀਆਂ ਫ਼ਿਲਮਾਂ ਵਿਚ ਔਰਤਾਂ ਦੇ ਹਿੱਸੇ ਵਿਚ ਰੂਟੀਨ ਵਾਲੀ ਅਦਾਕਾਰੀ ਹੀ ਆਉਂਦੀ ਹੈ ਪਰ ਇਸ ਫ਼ਿਲਮ ਦੀ ਘੜੀ ਕਹਾਣੀ-ਪਟਕਥਾ ਮੁਤਾਬਕ ਲੀਡ ਅਦਾਕਾਰਾ “ਸਰਗੁਣ ਮਹਿਤਾ” ਨੇ ਜਿਸ ਢੰਗ ਨਾਲ ਔਰਤ ਦਾ ਹਰ ਸਮਾਜਿਕ ਪੱਖ ਅਤੇ ਅੰਦਰੂਨੀ ਭਾਵਨਾਵਾਂ ਨੂੰ ਪਰਦੇ ਤੇ ਉਜਾਗਰ ਕੀਤਾ ਹੈ ਸ਼ਾਇਦ ਪਹਿਲੀ ਵਾਰ ਹੀ ਮਿਲੇ ਇਸ ਮੌਕੇ ਨੂੰ ਉਸ ਨੇ 1 ਪ੍ਰਤੀਸ਼ਤ ਵੀ ਨਹੀਂ ਗਾਵਾਇਆ ਅਤੇ ਸਿਨੇਮਾ ਹਾਲ ਵਿਚ ਬੈਠੇ ਦਰਸ਼ਕਾਂ ਨੂੰ ਆਪਣੀ ਉਮਦਾ ਅਦਾਕਾਰੀ ਦਾ ਮੁਜ਼ਾਹਰਾ ਪੇਸ਼ ਕਰਦਿਆਂ ਸੁੰਨ ਕੀਤਾ। ਇਸੇ ਤਰਾਂ ਅਨੀਤਾ ਮੀਤ ਨੇ ਵੀ ਥੋੜੇ ਜਿਹੇ ਹਿੱਸੇ ਵਿਚ ਹੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਅਤੇ ਮਾਂ ਦਾ ਔਲਾਦ ਪ੍ਰਤੀ ਸਨੇਹ ਬਿਆਨਦੇ ਆਪਣੇ ਸੰਵਾਦਾਂ ਦੀ ਅਦਾਈਗੀ ਨਾਲ ਦਰਸ਼ਕਾਂ ਨੂੰ ਮੋਹਿਆ।
ਗੱਲ ਫ਼ਿਲਮ ਦੇ ਹੀਰੋ “ਗੀਤਾਜ ਬਿੰਦਰਖੀਆ” ਦੀ ਤਾਂ ਉਸ ਦੀ ਆਪਣੀ ਵਿਲੱਖਣ ਅਤੇ ਕਿਰਦਾਰ ਵਿਚ ਪੂਰੀ ਤਰਾਂ ਖੁੱਬੀ ਅਦਾਕਾਰੀ ਨੇ ਪੰਜਾਬੀ ਸਿਨੇਮਾ ਵਿਚਲੇ ਕਈ ਅਖੌਤੀ ਕਲਾਕਾਰਾਂ ਅੱਗੇ ਵੀ ਸਵਾਲ ਖੜੇ ਕਰ ਦਿੱਤੇ ਹਨ। ਉਸ ਦਾ ਫ਼ਿਲਮ ਵਿਚਲਾ ਸ਼ਾਨਦਾਰ ਅਭਿਨੈ ਉਸ ਨੂੰ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਵਾਲੇ ਕਲਾਕਾਰਾਂ ਵਿਚ ਸ਼ਾਮਲ ਕਰਦਾ ਨਜ਼ਰ ਆ ਰਿਹਾ ਹੈ, ਬਸ਼ਰਤ ਕਿ ਇਸ ਨੂੰ ਅੱਗੋਂ ਵੀ ਅਜਿਹੇ ਮੌਕੇ ਮਿਲਣ। ਭਾਵੇਂਕਿ ਗੀਤਾਜ ਦੀ ਪਹਿਲਾਂ ਵੀ ਇਕ ਫ਼ਿਲਮ ਆਈ ਸੀ ਪਰ ਜੋ ਮੌਕਾ ‘ਗੀਤਾਜ’ ਦੀ ਅਦਾਕਾਰੀ ਤੇ ਯਕੀਨ ਕਰ ਕੇ ਨਿਰਦੇਸ਼ਕ ਵਲੋਂ ਉਸ ਨੂੰ ਦਿੱਤਾ ਗਿਆ ਹੈ, ਉਸਨੇ ਨਿਰਦੇਸ਼ਕ ਦੀਆਂ ਉਮੀਦਾ ‘ਤੇ ਖਰਾਂ ਵੀ ਉਤਰ ਕੇ ਵਿਖਾਇਆ ਨਜ਼ਰ ਆਉਂਦਾ ਹੈ। ਇਸ ਕਲਾਕਾਰ ਕੋਲੋਂ ਕੰਮ ਲੈਣ ਲਈ ਨਿਰਦੇਸ਼ਕ ਵਲੋਂ ਦਿਖਾਈ ਸੂਝਬੂਝ ਦੀ ਵੀ ਮੁੜ ਤੋਂ ਤਾਰੀਫ ਕਰਨੀ ਬਣਦੀ ਹੈ।
ਫ਼ਿਲਮ ਦੇ ਬਾਕੀ ਕਲਾਕਾਰ ਨੇ ਵੀ ਕੋਈ ਘੱਟ ਨਹੀਂ ਕੀਤੀ। ਜੇ ਗੱਲ ਪ੍ਰਕਾਸ਼ ਗਾਧੂ ਦੀ ਕਰੀਏ ਤਾਂ ਇਕ ਆਦਰਸ਼ ਪਿਤਾ ਦੇ ਅੰਦਰ ਆਪਣੀ ਔਲਾਦ ਲਈ ਕੀ ਕੁਝ ਲੁਕਿਆ ਹੁੰਦਾ ਹੈ, ਨੂੰ ਆਪਣੀ ਕਲਾਤਮਕ ਸੰਵਾਦ ਅਦਾਈਗੀ ਨਾਲ ਪੇਸ਼ ਕਰ ਦਰਸ਼ਕਾਂ ਨੂੰ ਵੀ ਪਿਤਾ ਕਿਰਦਾਰ ਦਾ ਅਹਿਸਾਸ ਕਰਵਾਉਣਾ ਹੀ ਅਸਲ ਅਦਾਕਾਰੀ ਹੈ।
ਵੈਸੇ ਤਾਂ ਫ਼ਿਲਮ ਦੇ ਹਰ ਛੋਟੇ ਤੋਂ ਛੋਟੇ ਰੋਲ ਵਾਲੇ ਅਦਾਕਾਰ ਨੇ ਹੀ ਨਿਰਦੇਸ਼ਕ ਦੀ ਸੂਝਵਾਨ ਚੋਣ ਤੇ ਖਰੇ ਉਤਰ ਕੇ ਬਾਕਮਾਲ ਅਦਾਕਾਰੀ ਕੀਤੀ ਹੈ ਪਰ ਫ਼ਿਲਮ ਦੇ ਹੀਰੋ ਨਾਲ ਦੋ ਹੋਰ ਕਲਾਕਾਰਾਂ ਦਾ ਕੰਮ ਵੀ ਸਲਾਹੁਣ ਅਤੇ ਜ਼ਿਕਰਯੋਗ ਹੈ। ਇਕ ਦਾ ਨਾਮ ਹੈ “ਅੰਮਿ੍ਤ ਅੰਬੇ” ਜੋ ਕੇ ਗੀਤਾਜ ਦਾ ਸਕੂਲ ਟਾਈਮ ਤੋਂ ਦੋਸਤ ਦਿਖਾਇਆ ਗਿਆ ਹੈ ਅਤੇ ਦੂਜਾ ਹੈ ਪਗੜੀ/ਪਟਕਾ ਧਾਰੀ “ਪ੍ਰਭ ਬੈਂਸ” ਜੋ ਪਹਿਲਾਂ ਦੋਸਤ ਤੇ ਫ਼ਿਰ ਨੈਗੇਟਿਵ ਕਿਰਦਾਰ ਵਜੋਂ ਉਭਰਦਾ ਹੈ। ਇਹ ਦੋਨੋਂ ਹੀ ਅਦਾਕਾਰ ਬਹੁਤ ਨੈਚੂਰਲ ਅਦਾਕਾਰੀ ਅਤੇ ਸੰਵਾਦਾਂ ਮੁਤਾਬਕ ਚਿਹਰੇ ਦੇ ਬਦਲਦੇ ਹਾਵ-ਭਾਵ ਨਾਲ ਆਪਣੀ ਪੁਖਤਾ ਅਦਾਕਾਰੀ ਦਾ ਅਹਿਸਾਸ ਕਰਵਾਉਂਦੇ ਹਨ।
ਅਸਲ ਵਿਚ ਇਸ ਫ਼ਿਲਮ ਦੀ ਸਭ ਤੋਂ ਵੱਡੀ ਖਾਸੀਅਤ ਹੀ ਇਸ ਫ਼ਿਲਮ ਲਈ ਖਾਸਕਰ ਨਵੇਂ ਜਾਂ ਆਮ ਫਿਲਮਾਂ ਵਿਚ ਬਹੁਤ ਹੀ ਘੱਟ ਨਜ਼ਰ ਆਉਣ ਵਾਲੇ ਕਲਾਕਾਰਾਂ ਨੂੰ ਚੁਣ ਕੇ ਵਧੀਆ ਮੌਕਾ ਦੇਣਾ ਹੈ, ਜਿਸ ਲਈ ਇਸ ਫ਼ਿਲਮ ਦੇ ਨਿਰਮਾਣ ਘਰ ਵਾਈਟ ਹਿੱਲ ਸਟੂਡੀਓਜ਼ ਦੀ ਪ੍ਰਸੰਸਾ ਕਰਨੀ ਵੀ ਬਣਦੀ ਹੈ।

ਸੰਗੀਤ, ਤਕਨੀਕੀ ਅਤੇ ਹੋਰ ਵਿਚਾਰਣਯੋਗ ਪੱਖ
🎞🎞🎞🎞🎵🎵🎵🎞🎞
ਸੰਗੀਤ

ਫ਼ਿਲਮ ਦਾ “ਜਾਨੀ- ਬੀ.ਪਰਾਕ” ਦੀ ਜੋੜੀ ਵਾਲਾ ਸੰਗੀਤ, ਬੋਲ ਅਤੇ ਸਾਰਿਆਂ ਦੀ ਗਾਇਕੀ ਭਾਂਵੇ ਵਧੀਆ ਹੈ ਪਰ ਬਹੁਤਾ ਪੰਜਾਬੀ ਟੱਚ ਵਾਲਾ ਜਾਂ ਉਸ ਵਿਚ ਨਵਾਂਪਣ ਨਾ ਹੋ ਕੇ ਉਹਨਾਂ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਰਲਦਾ-ਮਿਲਦਾ ਹੀ ਲੱਗਦਾ ਹੈ। ਸੰਦੀਪ ਸਕਸੈਨਾ ਦੀ ਬੈਕਗਰਾਉਂਡ ਸਕੋਰ ਵਧੀਆ ਹੈ।

ਹੋਰ ਪੱਖ

‼️ਫਿ਼ਲਮ ਦਾ ਆਖਰੀ ਹਿੱਸਾ ਕਾਫੀ ਸਸਪੈਂਸ ਭਰਿਆ ਹੈ, ਜਿਸਨੂੰ ਮੈਂ ਆਪ ਇਸ ਕਰ ਕੇ ਨਹੀ ਦੱਸਣਾ ਚਾਹੁੰਦਾ ਕਿ ਮੇਰੀ ਸੋਚ, ਨਿਰਦੇਸ਼ਕ-ਲੇਖਕ ਦੇ ਨਜ਼ਰੀਏ ਅਤੇ ਆਮ ਦਰਸ਼ਕਾਂ ਦੀ ਫ਼ਿਲਮ ਅਤੇ ਕਿਰਦਾਰਾਂ ਪ੍ਰਤੀ ਭਾਵਨਾ ਵਿਚ ਫਰਕ ਹੋ ਸਕਦਾ ਹੈ, ਸੋ ਦਰਸ਼ਕਾ ਤੇ ਛੱਡਣਾ ਹੀ ਬੇਹਤਰ ਹੈ।

ਸਿੱਟਾ

ਬਾਕੀ ਇਹ ਸਾਰੀਆਂ ਗੱਲਾਂ ਅਤੇ ਇਸ ਫ਼ਿਲਮ ਦੀ ਸਮੀਖਿਆ ਨੂੰ ਸਮਝਣ ਲਈ ਤੁਹਾਨੂੰ ਇਹ “ਇਕ ਵਾਰ ਵੇਖਣਯੋਗ” ਫਿ਼ਲਮ “ਮੋਹ”ਜ਼ਰੂਰ ਵੇਖਣੀ ਚਾਹੀਦੀ ਹੈ ਕਿਉਂਕਿ ਕਿ ਇਹ ਫ਼ਿਲਮ ਮੇਕਰਾਂ ਦੀ ਪੰਜਾਬੀ ਸਿਨੇਮਾ ਅਤੇ ਸਿਨੇ ਦਰਸ਼ਕਾਂ ਲਈ ਇਕ ਨਵੀਂ ਕੋਸ਼ਿਸ਼ ਹੈ, ਜਿਸ ਦੀ ਹੌਸਲਾ ਅਫਜਾਈ ਵੀ ਜ਼ਰੂਰੀ ਹੈ। ਪੰਜਾਬੀ ਸਕਰੀਨ ਵਲੋਂ ਵੀ ਸਾਰੀ ਟੀਮ ਨੂੰ ਵਧਾਈ ਦੇ ਨਾਲ ਨਾਲ 3 (ਤਿੰਨ ਸਟਾਰ) ।

Comments & Suggestions

Comments & Suggestions